ਲੰਬੀ (ਮੁਕਤਸਰ), ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਲਈ ਨਾ ਤਾਂ ਵਡੇਰੀ ਉਮਰ ਅਤੇ ਨਾ ਹੀ ਗਰਮੀ ਦੀ ਤਪਸ਼ ਕੋਈ ਮਾਅਨੇ ਰੱਖਦੀ ਹੈ। ਨਾ ਹੀ ਚੋਣਾਂ ਨੇੜੇ ਹਨ ਅਤੇ ਨਾ ਹੀ ਕੋਈ ਹੋਰ ਸਿਆਸੀ ਇਮਤਿਹਾਨ ਹੈ। ਫਿਰ ਵੀ ਸ੍ਰੀ ਬਾਦਲ ਨੂੰ ਟਿਕ ਕੇ ਬੈਠਣਾ ਔਖਾ ਲੱਗਦਾ ਹੈ। ਮਾਹੌਲ ਖ਼ੁਸ਼ੀ ਦਾ ਹੋਵੇ ਜਾਂ ਗ਼ਮੀ ਦਾ, ਸਾਬਕਾ ਮੁੱਖ ਮੰਤਰੀ ਸਬੰਧਤ ਘਰਾਂ ਵਿੱਚ ਜਾਣ ਤੋਂ ਨਹੀਂ ਖੁੰਝ ਰਹੇ। ਘਰ ਕਿਸੇ ਦਲਿਤ ਦਾ ਹੋਵੇ ਜਾਂ ਫਿਰ ਕਿਸੇ ਆਮ ਬੰਦੇ ਦਾ, ਸ੍ਰੀ ਬਾਦਲ ਨੂੰ ਇਸ ਦਾ ਕੋਈ ਫ਼ਰਕ ਨਹੀਂ ਪੈਂਦਾ। ਉਹ ਆਪਣੇ ਹਲਕੇ ਲੰਬੀ ਦੇ ਪਿੰਡਾਂ ’ਚ ਤਕਰੀਬਨ ਰੋਜ਼ਾਨਾ ਜਾ ਰਹੇ ਹਨ। ਕਿਸੇ ਦੇ ਘਰ ਹੁਣੇ ਮੌਤ ਹੋਈ ਹੈ ਜਾਂ ਫਿਰ ਪੰਜ-ਛੇ ਮਹੀਨੇ ਪਹਿਲਾਂ, ਉਸ ਦੇ ਘਰ ਦੁੱਖ ਵੰਡਾਉਣ ਲਈ ਉਹ ਦਿਨ ਚੜ੍ਹਦਿਆਂ ਸਾਰ ਹੀ ਨਿਕਲ ਪੈਂਦੇ ਹਨ।    ਜੇਕਰ ਕੋਈ ਵੱਡਾ ਰੁਝੇਵਾਂ ਨਾ ਹੋਵੇ ਤਾਂ ਉਹ ਰੋਜ਼ਾਨਾ ਬਾਦਲ ਹਲਕੇ ਦੇ ਇੱਕ-ਦੋ ਪਿੰਡਾਂ ਵਿੱਚ ਜ਼ਰੂਰ ਜਾਂਦੇ ਹਨ। ਹਰ ਪਿੰਡ ’ਚੋਂ ਉਨ੍ਹਾਂ ਘਰਾਂ ਦੀ ਸੂਚੀ ਬਣ ਕੇ ਆਉਂਦੀ ਹੈ ਜਿਨ੍ਹਾਂ ਘਰਾਂ ਵਿੱਚ ਪਿਛਲੇ ਛੇ ਮਹੀਨਿਆਂ ਦੌਰਾਨ ਕੋਈ ਖ਼ੁਸ਼ੀ ਜਾਂ ਗ਼ਮੀ ਰਹੀ ਹੈ। ਸ਼ਨਾਖ਼ਤ ਕੀਤੇ ਘਰਾਂ ਦੇ ਮ੍ਰਿਤਕ ਵਿਅਕਤੀ ਦਾ ਨਾਮ, ਉਮਰ, ਕੈਟਾਗਰੀ ਅਤੇ ਮੌਤ ਦੇ ਕਾਰਨਾਂ ਦਾ ਜ਼ਿਕਰ ਹੁੰਦਾ ਹੈ। ਸਾਬਕਾ ਮੁੱਖ ਮੰਤਰੀ ਹਰ ਘਰ ਵਿੱਚ ਔਸਤਨ 10 ਮਿੰਟ ਰੁਕਦੇ ਹਨ। ਹਲਕਾ ਲੰਬੀ ਵਿੱਚ ਇਨ੍ਹਾਂ ਦਿਨਾਂ ਵਿੱਚ ਤਾਪਮਾਨ 40 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ ਹੈ ਅਤੇ ਸਾਬਕਾ ਮੁੱਖ ਮੰਤਰੀ ਦੀ ਉਮਰ ਵੀ 90 ਵਰ੍ਹਿਆਂ ਨੂੰ ਪਾਰ ਕਰ ਚੁੱਕੀ ਹੈ ਪਰ ਉਨ੍ਹਾਂ ’ਤੇ ਨਾ ਉਮਰ ਅਤੇ ਨਾ ਹੀ ਮੌਸਮ ਦਾ ਕੋਈ ਅਸਰ ਪਿਆ ਹੈ।     ਬਾਦਲ ਪਰਿਵਾਰ ਦੇ ਨੇੜਲੇ ਰਣਜੋਧ ਸਿੰਘ ਲੰਬੀ ਨੇ ਦੱਸਿਆ ਕਿ ਹਲਕਾ ਲੰਬੀ ’ਚ ਕਰੀਬ 72 ਪਿੰਡ ਪੈਂਦੇ ਹਨ ਅਤੇ ਕਰੀਬ 50 ਫ਼ੀਸਦੀ ਪਿੰਡਾਂ ’ਚ ਸਾਬਕਾ ਮੁੱਖ ਮੰਤਰੀ ਗੇੜਾ ਮਾਰ ਆਏ ਹਨ। ਕੱਲ ਉਹ ਪਿੰਡ ਘੁਮਿਆਰਾ ਦੇ ਡੇਢ ਦਰਜਨ ਘਰਾਂ ਵਿੱਚ ਨਿੱਜੀ ਤੌਰ ’ਤੇ ਗਏ ਜਿਨ੍ਹਾਂ ਪਰਿਵਾਰਾਂ ਦੇ ਜੀਅ ਪਿਛਲੇ ਸਮੇਂ ਦੌਰਾਨ ਮੌਤ ਦੇ ਮੂੰਹ ਜਾ ਪਏ ਸਨ। ਉਹ ਪਿੰਡ ਵੜਿੰਗ ਖੇੜਾ ਦੇ ਦੋ ਦਿਨਾਂ ਦੌਰੇ ਮੌਕੇ 33 ਘਰਾਂ ਵਿੱਚ ਗਏ ਹਨ।     ਵਿਰੋਧੀ ਨੇਤਾ ਮੰਨਦੇ ਹਨ ਕਿ ਸ੍ਰੀ ਬਾਦਲ ਦੀ ਇਸ ਮਾਮਲੇ ’ਚ ਕੋਈ ਰੀਸ ਨਹੀਂ ਕਰ ਸਕਦਾ। ਨਾਲ ਹੀ ਉਹ ਆਖਦੇ ਹਨ ਕਿ ਇਹ ਗੇੜੇ ਹਰਸਿਮਰਤ ਕੌਰ ਬਾਦਲ ਨੂੰ ਆਉਂਦੀਆਂ ਲੋਕ ਸਭਾ ਚੋਣਾਂ ’ਚ ਜਿਤਾਉਣ ਲਈ ਲੱਗ ਰਹੇ ਹਨ। ਹਲਕਾ ਲੰਬੀ ਦੇ ਇੱਕ ਕਾਂਗਰਸੀ ਨੇਤਾ ਦਾ ਕਹਿਣਾ ਸੀ ਕਿ ਬਾਦਲ ਐਤਕੀਂ ਹਲਕਾ ਲੰਬੀ ’ਚੋਂ ਆਪਣੀ ਨੂੰਹ ਦੀ ਲੀਡ ਨੂੰ ਵੱਡੀ ਕਰਨ ਖ਼ਾਤਰ ਗੇੜੇ ਮਾਰ ਰਹੇ ਹਨ। ਪਿੰਡਾਂ ਵਿੱਚ ਸ੍ਰੀ ਬਾਦਲ ਦੇ ਦੌਰਿਆਂ ਦਾ ਆਮ ਪ੍ਰਭਾਵ ਬਹੁਤਾ ਸਿਆਸੀ ਨਹੀਂ ਦਿਖਦਾ ਅਤੇ ਇਸ ਤੋਂ ਕੋਈ ਵੀ ਮੁਨਕਰ ਨਹੀਂ ਹੁੰਦਾ। ਸਾਬਕਾ ਮੁੱਖ ਮੰਤਰੀ ਹਲਕੇ ਦੇ ਪਿੰਡ ਫੱਤਾਕੇਰਾ ਦੇ ਸੋਗ ਵਾਲੇ 12 ਘਰਾਂ ਵਿੱਚ ਗਏ ਹਨ ਅਤੇ ਇੱਕ 90 ਵਰ੍ਹਿਆਂ ਦੇ ਦਲਿਤ ਬਜ਼ੁਰਗ ਰਾਮ ਚੰਦ ਦੀ ਮੌਤ ਦਾ ਅਫ਼ਸੋਸ ਵੀ ਕੀਤਾ। ਵੜਿੰਗ ਖੇੜਾ ਦੇ ਉਸ ਘਰ ’ਚ ਵੀ ਉਹ ਅਫ਼ਸੋਸ ਕਰਕੇ ਆਏ ਹਨ ਜਿਨ੍ਹਾਂ ਦੇ ਘਰ ਇੱਕੋ ਵਰ੍ਹੇ ਵਿੱਚ ਤਿੰਨ ਮੌਤਾਂ ਹੋਈਆਂ ਹਨ। ਉਹ ਜ਼ਖ਼ਮੀਆਂ ਦੀ ਵੀ ਸਾਰ ਲੈਂਦੇ ਹਨ। ਸੂਤਰਾਂ ਮੁਤਾਬਕ ਉਹ ਕਈ ਕਾਂਗਰਸੀ ਘਰਾਂ ਵਿੱਚ ਵੀ ਅਫ਼ਸੋਸ ਕਰਕੇ ਆਏ ਹਨ।

ਹਰ ਦਿਨ ਪ੍ਰੋਗਰਾਮ ਹੁੰਦੈ: ਬਣਵਾਲੀ
ਹਲਕਾ ਲੰਬੀ ਦੇ ਸਰਕਲ ਜਥੇਦਾਰ ਅਵਤਾਰ ਸਿੰਘ ਬਣਵਾਲੀ ਦਾ ਕਹਿਣਾ ਸੀ ਕਿ ਸਾਬਕਾ ਮੁੱਖ ਮੰਤਰੀ ਨਿਰੋਲ ਭਾਈਚਾਰਕ ਅਤੇ ਸਮਾਜਿਕ ਤੌਰ ’ਤੇ ਪਿੰਡਾਂ ਵਿੱਚ ਲੋਕਾਂ ਦੇ ਖ਼ੁਸ਼ੀ ਤੇ ਗ਼ਮੀ ਦੇ ਸਮਾਗਮਾਂ ਵਿੱਚ ਜਾ ਰਹੇ ਹਨ। ਅਜਿਹਾ ਕੋਈ ਦਿਨ ਨਹੀਂ ਹੁੰਦਾ ਜਿਸ ਦਿਨ ਉਨ੍ਹਾਂ ਦਾ ਕੋਈ ਪ੍ਰੋਗਰਾਮ ਨਾ ਹੋਵੇ। ਉਨ੍ਹਾਂ ਦੱਸਿਆ ਕਿ ਸਾਬਕਾ ਮੁੱਖ ਮੰਤਰੀ ਲੋਕਾਂ ਦੇ ਦੁੱਖ ਵਿੱਚ ਸ਼ਰੀਕ ਹੋਣ ਨੂੰ ਆਪਣਾ ਨੈਤਿਕ ਫ਼ਰਜ਼ ਸਮਝਦੇ ਹਨ।