ਲੰਬੀ, ਬਾਦਲਾਂ ਦੀ ਸਿਆਸੀ ਘੇਰਾਬੰਦੀ ਲਈ ਕਿੱਲਿਆਂਵਾਲੀ ਵਿੱਚ ‘ਕਾਂਗਰਸ ਰੈਲੀ’ ਨੂੰ ਪ੍ਰਬੰੰਧਾਂ ਅਤੇ ਇਕੱਠ ਪੱਖੋਂ ਇਤਿਹਾਸਕ ਬਣਾਉਣ ਲਈ ਸੂਬਾਈ ਹਕੂਮਤ ਸਰਕਾਰੀ, ਪ੍ਰਸ਼ਾਸਨਿਕ ਤੇ ਕਾਡਰ ਪੱਧਰ ’ਤੇ ਜੁਟੀ ਹੋਈ ਹੈ। ਕਿੱਲਿਆਂਵਾਲੀ ਦੀ ਦਾਣਾ ਮੰਡੀ ਸੂਬਾ ਸਰਕਾਰ ਦੇ ਕੈਂਪ ਆਫ਼ਿਸ ’ਚ ਤਬਦੀਲ ਹੋ ਚੁੱਕੀ ਹੈ। ਨੇੜਲੇ ਤਿੰਨ-ਚਾਰ ਜ਼ਿਲ੍ਹਿਆਂ ਦੀ ਪੁਲੀਸ ਤੇ ਪ੍ਰਸ਼ਾਸਨ ਕਿੱਲਿਆਂਵਾਲੀ ’ਚ ਮੋਰਚਾ ਸੰਭਾਲ ਚੁੱਕਿਆ ਹੈ।
ਰੈਲੀ ਦੇ ਸੁਰੱਖਿਆ ਪ੍ਰਬੰਧਾਂ ਨੂੰ ਚਾਰ ਸੈਕਟਰਾਂ ਵਿਚ ਵੰਡਿਆ ਗਿਆ ਹੈ, ਜਿਸ ਲਈ ਪੁਲੀਸ ਨੇ ਸੁਰੱਖਿਆ ਮੋਰਚੇ ਸੰਭਾਲ ਲਏ ਹਨ। ਰੈਲੀ ਲਈ ਐਲੂਮੀਨੀਅਮ ਦਾ ਵੱਡਾ ਪੰਡਾਲ ਲਾਇਆ ਜਾ ਰਿਹਾ ਹੈ। ਇਸ ਵਾਟਰ ਪਰੂਫ਼ ਪੰਡਾਲ ਦੀ ਚੌੜਾਈ ਕਰੀਬ 260 ਫੁੱਟ, ਲੰਬਾਈ ਲਗਭਗ 900 ਫੁੱਟ ਹੋਵੇਗੀ ਅਤੇ ਇਹ ਕਰੀਬ 32 ਫੁੱਟ ਉੱਚਾ ਹੋਵੇਗਾ। ਪੰਡਾਲ ਵਿਚ ਮੁੱਖ ਮੰਤਰੀ ਅਤੇ ਵਿਸ਼ੇਸ਼ ਆਗੂਆਂ ਦੀ ਮੁੱਖ ਸਟੇਜ ਸਮੇਤ ਕੁੱਲ ਤਿੰਨ ਸਟੇਜਾਂ ਹੋਣਗੀਆਂ। ਪੰਡਾਲ ਨੂੰ 15 ਸੈਕਟਰਾਂ ਵਿਚ ਵੰਡਿਆ ਗਿਆ ਹੈ। ਦਾਣਾ ਮੰਡੀ ਦੇ ਪੱਕੇ ਫਰਸ਼ ’ਤੇ ਕਾਰਪੈੱਟ ਵਿਛਾਏ ਜਾਣਗੇ। ਦਾਣਾ ਮੰਡੀ ਦੇ ਆਲੇ-ਦੁਆਲੇ ਦੀ ਸਫ਼ਾਈ ਅਤੇ ਟੁੱਟੀਆਂ ਸੜਕਾਂ ਦੀ ਮੁਰੰਮਤ ਜਾਰੀ ਹੈ।
ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਕੈਪਟਨ ਸੰਦੀਪ ਸੰਧੂ ਨੇ ਕਿਹਾ ਕਿ ਰੈਲੀ ਪ੍ਰਬੰਧਾਂ ਲਈ ਵਾਧੂ ਅਧਿਕਾਰੀਆਂ ਦੀ ਤਾਇਨਾਤੀ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਆਮ ਰਾਹਗੀਰਾਂ ਨੂੰ ਟਰੈਫ਼ਿਕ ਸਮੱਸਿਆ ਤੋਂ ਬਚਾਉਣ ਲਈ ਵਿਉਂਤਬੰਦੀ ਨਾਲ ਟਰੈਫ਼ਿਕ ਰੂਟ ਬਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਰੈਲੀ ਇਕੱਠ ਪੱਖੋਂ ਇਤਿਹਾਸਕ ਹੋਵੇਗੀ।