ਲੰਬੀ, 29 ਮਈ
ਭਾਕਿਯੂ ਏਕਤਾ ਉਗਰਾਹਾਂ ਨੇ ਅੱਜ ਪਿੰਡ ਬਾਦਲ ਵਿਖੇ ਖੇਤੀ ਮਸਲਿਆਂ ਸਬੰਧੀ ਦੋ ਚਿਤਾਵਨੀ ਪੱਤਰ ਬਾਦਲ ਪਰਿਵਾਰ ਦੀ ਰਿਹਾਇਸ਼ ਦੇ ਬੂਹੇ ’ਤੇ ਚਿਪਕਾਏ। ਇਸ ਤੋਂ ਬਾਦਲ ਹਾਊਸ ਦੇ ਨੇੜੇ ਜਥੇਬੰਦੀ ਵੱਲੋਂ ਸੂਬਾ ਸਕੱਤਰ ਸ਼ੰਗਾਰਾ ਸਿੰਘ ਮਾਨ ਦੀ ਅਗਵਾਈ ਹੇਠ ਬਠਿੰਡਾ-ਲੰਬੀ ਮੁੱਖ ਸੜਕ ਉਪਰ ਭਰਵੇਂ ਇਕੱਠ ਵਾਲੀ ਚਿਤਾਵਨੀ ਰੈਲੀ ਕੀਤੀ ਗਈ। ਜਥੇਬੰਦੀ ਦੇ ਸੈਂਕੜੇ ਪੁਰਸ਼ ਔਰਤ ਕਾਰਕੁਨ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਬਠਿੰਡਾ ਅਤੇ ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੂੰ ਦੋ ਵੱਖ ਵੱਖ ਚਿਤਾਵਨੀ ਪੱਤਰ ਦੇਣ ਪੁੱਜੇ। ਬਠਿੰਡਾ ਤੋਂ ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਕਰੀਬ ਸਵੇਰੇ 11 ਵਜੇ ਘਰੋਂ ਦਿੱਲੀ ਰਵਾਨਾ ਹੋ ਗਏ ਸਨ। ਮੰਗ ਪੱਤਰ ਲੈਣ ਲਈ ਸੈਂਕੜੇ ਕਿਸਾਨਾਂ ਦੀ ਉਡੀਕ ਨਾ ਕਰਨ ਤੋਂ ਖਫ਼ਾ ਜਥੇਬੰਦੀ ਨੇ ਉਨ੍ਹਾਂ ਦੇ ਕਿਸੇ ਨੁਮਾਇੰਦੇ ਨੂੰ ਚਿਤਾਵਨੀ ਪੱਤਰ ਦੇਣ ਦੀ ਬਜਾਇ ਵੱਡੇ ਘਰ ਦੇ ਬੂਹੇ ਉਪਰ ਚਿਪਕਾਉਣਾ ਬਿਹਤਰ ਸਮਝਿਆ। ਇਸ ਮੌਕੇ ਡੀਐੱਸਪੀ ਬਲਕਾਰ ਸਿੰਘ ਦੀ ਅਗਵਾਈ ਹੇਠ ਪੁਲੀਸ ਅਮਲਾ ਮੌਜੂਦ ਸੀ।














