ਲੰਡਨ, 13 ਅਗਸਤ
ਇਥੋਂ ਦੇ ਟ੍ਰੈਫਾਲਗਰ ਸਕੁਏਰ ’ਚ ਅੱਜ ਸੈਂਕੜੇ ਖਾਲਿਸਤਾਨ ਅਤੇ ਰਾਸ਼ਟਰਵਾਦ ਪੱਖੀ ਜੁੜੇ। ‘ਰੈਫਰੰਡਮ 2020’ ਲਈ ਲੰਡਨ ਐਲਾਨਨਾਮੇ ਦੇ ਵਿਰੋਧ ’ਚ ਭਾਰਤੀ ਪਰਵਾਸੀਆਂ ਦੇ ਗੁੱਟਾਂ ਵੱਲੋਂ ‘ਵੁਈ ਸਟੈਂਡ ਵਿਦ ਇੰਡੀਆ’ ਅਤੇ ‘ਲਵ ਮਾਈ ਇੰਡੀਆ’ ਨਾਮ ਦੇ ਪ੍ਰੋਗਰਾਮ ਕੀਤੇ ਗਏ। ਰਾਸ਼ਟਰਵਾਦੀ ਗੁੱਟ ਭਾਰਤ ਵਿਰੋਧੀ ਰੈਲੀ ਤੋਂ ਦੂਰ ਸਕੁਏਅਰ ਦੇ ਤੈਅਸ਼ੁਦਾ ਇਲਾਕੇ ਤਕ ਸੀਮਤ ਰਹੇ। ਉਹ ਤਿਰੰਗੇ ਲਹਿਰਾ ਰਹੇ ਸਨ ਅਤੇ ਉਨ੍ਹਾਂ ‘ਇੰਡੀਆ ਜੈ ਹੋ’ ਤੇ ‘ਵੰਦੇ ਮਾਤਰਮ’ ਵਾਲੀਆਂ ਤਖ਼ਤੀਆਂ ਫੜੀਆਂ ਹੋਈਆਂ ਸਨ। ‘ਰੈਫਰੰਡਮ 2020’ ਦੇ ਪੱਖ ’ਚ ਹੋ ਰਹੇ ਭਾਸ਼ਨਾਂ ਦੀ ਆਵਾਜ਼ ਦਬਾਉਣ ਲਈ ਉੱਚੀ ਆਵਾਜ਼ ’ਚ ਢੋਲ ਵਜਾਏ ਜਾ ਰਹੇ ਸਨ। ਰਾਸ਼ਟਰਵਾਦੀ ਪ੍ਰਦਰਸ਼ਨਾਂ ਦੇ ਇਕ ਪ੍ਰਬੰਧਕ ਨਵਦੀਪ ਸਿੰਘ ਨੇ ਕਿਹਾ,‘‘ਭਾਰਤੀ ਸਿੱਖ ਰੈਫਰੰਡਮ 2020 ਨਹੀਂ ਚਾਹੁੰਦੇ ਹਨ। ਉਹ ਤਾਂ ਇਹ ਵੀ ਨਹੀਂ ਜਾਣਦੇ ਕਿ ਰੈਫਰੰਡਮ ਕਿਸ ਗੱਲ ਦਾ ਹੋ ਰਿਹਾ ਹੈ ਅਤੇ ਇਸ ਨੂੰ ਕੌਣ ਅਤੇ ਕਿਉਂ ਕਰਵਾਇਆ ਜਾ ਰਿਹਾ ਹੈ।’’ ਦੂਜੇ ਪਾਸੇ ਖਾਲਿਸਤਾਨ ਪੱਖੀਆਂ ਵੱਲੋਂ ‘ਖਾਲਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਗੂੰਜਾਏ ਜਾ ਰਹੇ ਸਨ ਅਤੇ ਹੱਥਾਂ ’ਚ ਭਾਰਤ ਵਿਰੋਧੀ ਤਖ਼ਤੀਆਂ ਫੜੀਆਂ ਹੋਈਆਂ ਸਨ। ਹਾਊਸ ਆਫ਼ ਲਾਰਡਜ਼ ’ਚ ਪਾਕਿਸਤਾਨ ਮੂਲ ਦੇ ਮੈਂਬਰ ਲਾਰਡ ਨਜ਼ੀਰ ਅਹਿਮਦ ਮੁੱਖ ਬੁਲਾਰਿਆਂ ’ਚ ਸ਼ਾਮਲ ਸਨ। ਸਕਾਟਲੈਂਡ ਯਾਰਡ ਨੇ ਟ੍ਰੈਫਾਲਗਰ ਸਕੁਏਅਰ ’ਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਹੋਏ ਸਨ ਤਾਂ ਜੋ ਦੋਵੇਂ ਧਿਰਾਂ ਆਹਮੋ-ਸਾਹਮਣੇ ਨਾ ਆ ਸਕਣ। ਯੂਕੇ ਸਰਕਾਰ ਦੇ ਤਰਜਮਾਨ ਨੇ ਰੈਲੀ ਕਰਨ ਦੀ ਇਜਾਜ਼ਤ ਦਿੰਦਿਆਂ ਕਿਹਾ ਸੀ ਕਿ ਜੇਕਰ ਇੰਗਲੈਂਡ ਦੇ ਲੋਕ ਕਾਨੂੰਨ ਦੇ ਦਾਇਰੇ ਅੰਦਰ ਰਹਿੰਦੇ ਹਨ ਤਾਂ ਉਨ੍ਹਾਂ ਨੂੰ ਇਕੱਠੇ ਹੋ ਕੇ ਆਪਣੇ ਵਿਚਾਰ ਪ੍ਰਗਟਾਉਣ ਦਾ ਪੂਰਾ ਹੱਕ ਹੈ। ਭਾਰਤੀ ਵਿਦੇਸ਼ ਮੰਤਰਾਲੇ ਨੇ ਯੂਕੇ ਸਰਕਾਰ ਵੱਲੋਂ ਲਏ ਸਟੈਂਡ ’ਤੇ ਨਿਰਾਸ਼ਾ ਜਤਾਈ ਸੀ। ਵਿਦੇਸ਼ ਮਾਮਲਿਆਂ ਬਾਰੇ ਤਰਜਮਾਨ ਰਵੀਸ਼ ਕੁਮਾਰ ਨੇ ਕਿਹਾ ਸੀ,‘‘ਉਹ (ਖਾਲਿਸਤਾਨੀ) ਹਿੰਸਾ ਭੜਕਾਉਣਾ, ਮੁਲਕ ਤੋੜਨਾ ਅਤੇ ਨਫ਼ਰਤ ਪੈਦਾ ਕਰਨਾ ਚਾਹੁੰਦੇ ਹਨ। ਅਸੀਂ ਉਨ੍ਹਾਂ (ਇੰਗਲੈਂਡ) ਤੋਂ ਆਸ ਕਰਦੇ ਹਾਂ ਕਿ ਉਹ ਰਿਸ਼ਤਿਆਂ ਨੂੰ ਦੇਖਦਿਆਂ ਅਜਿਹੇ ਮਾਮਲਿਆਂ ’ਚ ਕੋਈ ਢੁਕਵਾਂ ਫ਼ੈਸਲਾ ਲੈਣ।’’ ਸਿੱਖਜ਼ ਫਾਰ ਜਸਟਿਸ ਨੇ ਕਿਹਾ ਕਿ ਉਨ੍ਹਾਂ ਦੀ ਰੈਲੀ 2020 ’ਚ ਹੋਣ ਵਾਲੇ ਰੈਫਰੈੰਡਮ ਬਾਰੇ ਜਾਗਰੂਕਤਾ ਫੈਲਾਉਣਾ ਚਾਹੁੰਦੀ ਹੈ ਜਿਸ ਤਹਿਤ ਵੱਡੀ ਸਿੱਖ ਆਬਾਦੀ ਵਾਲੇ ਪੰਜਾਬ ਨੂੰ ਭਾਰਤ ਆਜ਼ਾਦੀ ਦੇਵੇ। ਪ੍ਰਬੰਧਕਾਂ ਦਾ ਮੰਨਣਾ ਹੈ ਕਿ ਰੈਲੀ ਦੌਰਾਨ ਵੱਡੀ ਗਿਣਤੀ ’ਚ ਖਾਲਿਸਤਾਨ ਪੱਖੀ ਲੋਕਾਂ ਦੇ ਜੁੜਨ ਨਾਲ ਸੰਯੁਕਤ ਰਾਸ਼ਟਰ ’ਤੇ ਦਬਾਅ ਬਣਾ ਕੇ ਭਾਰਤ ਨੂੰ ਰਾਇਸ਼ੁਮਾਰੀ ਕਰਾਉਣ ਲਈ ਆਖਿਆ ਜਾਵੇਗਾ। ਬ੍ਰਿਟਿਸ਼ ਸਿੱਖ ਐਸੋਸੀਏਸ਼ਨ ਦੇ ਚੇਅਰਮੈਨ ਰਾਮੀ ਰੇਂਜਰ ਨੇ ਖਾਲਿਸਤਾਨੀਆਂ ਦੀ ਰੈਲੀ ਨੂੰ ਨਕਾਰਦਿਆਂ ਕਿਹਾ ਕਿ ਇਹ ਕੁਝ ਆਪੂੰ ਚੌਧਰੀ ਬਣੇ ਸਿੱਖਾਂ ਦੀ ਚਾਲ ਹੈ ਅਤੇ ਵੱਡੀ ਗਿਣਤੀ ’ਚ ਸਿੱਖ ਵੰਡ ਖਿਲਾਫ਼ ਹਨ।