ਗੁਰਦਾਸਪੁਰ,  ਗੁਰਦਾਸਪੁਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਵਿੱਚ ਬਹੁਤ ਸਾਰੇ ਮੁੱਦੇ ਹਨ, ਪਰ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਅਤੇ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰ ਸਵਰਨ ਸਲਾਰੀਆ ਦੀਆਂ ਹਾਲ ਵਿੱਚ ਵਾਇਰਲ ਹੋਈਆਂ ਅਸ਼ਲੀਲ ਵੀਡੀਓਜ਼ ਨੇ ਬਾਕੀ ਸਾਰੇ ਮੁੱਦੇ ਫਿੱਕੇ ਪਾ ਦਿੱਤੇ ਹਨ। ਕਾਂਗਰਸ ਦੇ ਹਮਲਾਵਰ ਰੁਖ਼ ਨੇ ਅਕਾਲੀ ਤੇ ਭਾਜਪਾ ਆਗੂਆਂ ਦੇ ਪ੍ਰਚਾਰ ਨੂੰ ਖੁੰਡਾ ਕਰ ਦਿੱਤਾ ਹੈ ਤੇ ਉਨ੍ਹਾਂ ਨੂੰ ਸਫ਼ਾਈਆਂ ਦੇਣੀਆਂ ਪੈ ਰਹੀਆਂ ਹਨ।
ਚੋਣ ਪ੍ਰਚਾਰ ਦੇ ਸ਼ੁਰੂਆਤੀ ਗੇੜ ਵਿੱਚ ਅਕਾਲੀ ਅਤੇ  ਭਾਜਪਾ ਲੀਡਰਸ਼ਿਪ ਨੇ ਕਿਸਾਨਾਂ ਦੀ ਕਰਜ਼ਾ ਮੁਆਫ਼ੀ ਅਤੇ ਹਰ ਘਰ ਵਿੱਚ ਨੌਕਰੀ ਦੇਣ ਸਮੇਤ ਹੋਰ ਮੁੱਦਿਆਂ ’ਤੇ ਕੈਪਟਨ  ਸਰਕਾਰ ਦੀ ਘੇਰਾਬੰਦੀ ਸ਼ੁਰੂ ਕਰ ਦਿੱਤੀ ਸੀ। ਪਰ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਕੈਬਨਿਟ ਮੰਤਰੀ ਲੰਗਾਹ ਦੀ ਅਸ਼ਲੀਲ ਵੀਡੀਓ ਨੇ ਗਠਜੋੜ ਦੇ ਪ੍ਰਚਾਰ ਦੀਆਂ ਚੂਲ਼ਾਂ ਹਿਲਾ ਕੇ ਰੱਖ ਦਿੱਤੀਆਂ। ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲੰਗਾਹ ਦੀ ਮੁੱਢਲੀ ਮੈਂਬਰਸ਼ਿਪ ਤੋਂ ਛਾਂਟੀ ਕਰ ਕੇ ਖਹਿੜਾ ਛੁਡਾਉਣ ਦਾ ਯਤਨ ਕੀਤਾ ਹੈ, ਪਰ ਇਹ ਮਾਮਲਾ ਉਨ੍ਹਾਂ ਦਾ ਪਿੱਛਾ ਨਹੀਂ ਛੱਡ ਰਿਹਾ।
ਅਕਾਲੀ ਦਲ ਦੇ ਇੱਕ ਸੀਨੀਅਰ ਆਗੂ ਨੇ ਕਿਹਾ ਕਿ ਲੰਗਾਹ ਦੇ ਮਾਮਲੇ ਨੇ ਸਾਡੀ ਸਾਰੀ ਚੋਣ ਨੀਤੀ ਉਲਝਾ ਕੇ ਰੱਖ ਦਿੱਤੀ ਹੈ। ਦੂਜੇ ਪਾਸੇ ਭਾਜਪਾ ਉਮੀਦਵਾਰ ਸ੍ਰੀ ਸਲਾਰੀਆ ਉੱਤੇ ਲੱਗੇ ਦੋਸ਼ਾਂ ਨੇ ਮਾਮਲੇ ਨੂੰ ਹੋਰ ਗੰਧਲਾ ਕਰ ਦਿੱਤਾ ਹੈ। ਉਨ੍ਹਾਂ ਕਿਹਾ, ‘‘ਅਸੀਂ ਚਾਹੁੰਦੇ ਹਾਂ ਕਿ ਚੋਣ ਛੇਤੀ-ਛੇਤੀ ਖ਼ਤਮ ਹੋ ਜਾਵੇ, ਤਾਂ ਜੋ ਕਿਤੇ ਹੋਰ ਅਜਿਹੇ ਮਾਮਲੇ ਨਾ ਆ ਜਾਣ।’’ ਉਨ੍ਹਾਂ ਕਿਹਾ ਕਿ ਇਸ ਨਾਲ ਸਿਆਸੀ ਆਗੂਆਂ ਦੇ ਵੱਕਾਰ ਨੂੰ ਵੱਡੀ ਢਾਹ ਲੱਗੀ ਹੈ।
ਕੈਬਨਿਟ ਮੰਤਰੀ ਤੇ ਸਾਬਕਾ ਕ੍ਰਿਕਟਰ ਨਵਜੋਤ ਸਿੱਧੂ ਨੇ ਫਤਿਹਗੜ੍ਹ ਚੂੜੀਆਂ ਹਲਕੇ ਵਿੱਚ ਵੱਖ-ਵੱਖ ਰੈਲੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ (ਸ੍ਰੀ ਸਿੱਧੂ) ਨੂੰ ਨਾ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਵੋਟ ਪਾਉਣ ਦਾ ਹੱਕ ਹੈ ਅਤੇ ਨਾ ਸਿਰੋਪਾ ਮਿਲ ਸਕਦਾ ਹੈ, ਪਰ ਅਕਾਲੀਆਂ ਦੇ ਲੰਗਾਹ ਵਰਗੇ ਆਗੂ ਨੂੰ ਸਾਰਾ ਕੁਝ ਮੁਆਫ਼ ਹੈ। ਉਹ ਅਕਾਲੀਆਂ ਉੱਤੇ ਤਿੱਖਾ ਹਮਲਾ ਕਰਦਿਆਂ ਆਪਣੀ ਗੱਲ ਤਾਜ਼ਾ ਘੜੀ ਕਵਿਤਾ ਰਾਹੀਂ ਆਖਦੇ ਹਨ: ‘‘ਚੱਲ  ਗਿਆ ਤੀਰ ਨਹੀਂ ਤਾਂ ਤੁੱਕਾ, ਰੋੜ੍ਹ ਕੇ ਪਾਣੀ ਵਿੱਚ ਘੜੁੱਕਾ, ਕੱਛਾਂ ਵਜਾਉਂਦਾ ਫਿਰੇ ਸੁੱਖਾ।’’ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਅਕਾਲੀ-ਭਾਜਪਾ ਸਰਕਾਰ ਦੇ ਦਸ ਸਾਲ ਦੇ ਰਾਜਭਾਗ ਵਿੱਚ ਹੋਏ ਭ੍ਰਿਸ਼ਟਾਚਾਰ ਅਤੇ ਜ਼ਿਆਦਤੀਆਂ ਨੂੰ ਉਭਾਰਿਆ ਹੈ। ਕਾਂਗਰਸ ਉਮੀਦਵਾਰ ਸੁਨੀਲ ਕੁਮਾਰ ਜਾਖੜ ਹੱਕ ਵਿੱਚ ਰੈਲੀਆਂ ਨੂੰ ਸੰਬੋਧਨ ਕਰਦਿਆਂ ਇਸ ਗੱਲ ਉੱਤੇ ਵਿਸ਼ੇਸ਼ ਜ਼ੋਰ ਦਿੰਦੇ ਹਨ ਕਿ ਲੋਕਾਂ ਨੂੰ ਸਵੱਛ ਰਾਜਨੀਤੀ ਦੀ ਚੋਣ ਕਰਨ ਦਾ ਮੌਕਾ ਮਿਲਿਆ ਹੈ ਤੇ ਉਹ ਸਹੀ ਚੋਣ ਕਰ ਕੇ ਮਾੜੇ ਆਗੂਆਂ ਤੋਂ ਛੁਟਕਾਰਾ ਦਿਵਾਉਣ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਚੋਣ ਪ੍ਰਚਾਰ ਦੇ ਆਖ਼ਰੀ ਦਿਨ 9 ਅਕਤੂਬਰ ਨੂੰ ਹਲਕੇ ਵਿੱਚ ਆਉਣਗੇ ਅਤੇ ਗੁਰਦਾਸਪੁਰ ਤੇ ਬਟਾਲਾ ਵਿੱਚ ਰੈਲੀਆਂ ਦੀ ਥਾਂ ਰੋਡ ਸ਼ੋਅ ਕਰਨਗੇ। ਕਾਂਗਰਸ ਦੇ ਕਈ ਹੋਰ ਮੰਤਰੀ, ਵਿਧਾਇਕ ਅਤੇ ਸੀਨੀਅਰ ਆਗੂ ਵੀ ਕਾਂਗਰਸ ਦੀ ਮੁਹਿੰਮ ਨੂੰ ਸਿਖਰਾਂ ਉੱਤੇ ਪਹੁੰਚਾਉਣ ਲਈ ਵਾਹ ਲਾ ਰਹੇ ਹਨ। ਕਾਂਗਰਸ ਦੇ ਇੱਕ ਸੀਨੀਅਰ ਆਗੂ ਨੇ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਰੋਜ਼ਾਨਾ ਦਰਜ਼ਨਾਂ ਅਕਾਲੀ ਸਰਪੰਚ ਤੇ ਵਰਕਰ ਕਾਂਗਰਸ ਵਿੱਚ ਸ਼ਾਮਲ ਹੋਣ ਲਈ ਆਉਂਦੇ ਹਨ, ਪਰ ਉਹ ਉਨ੍ਹਾਂ ਨੂੰ ਪਾਰਟੀ ਵਿੱਚ ਲੈਣ ਤੋਂ ਅਸਮਰੱਥ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਆਪਣੇ ਸਾਥੀਆਂ ਸਮੇਤ ਹਲਕੇ ਵਿੱਚ ਡੇਰੇ ਲਾਏ ਹੋਏ ਹਨ, ਜੋ ਕੈਪਟਨ ਸਰਕਾਰ ਨੂੰ ਵੱਖ-ਵੱਖ ਮੁੱਦਿਆਂ ਉੱਤੇ ਘੇਰਨ ਦਾ ਯਤਨ ਕਰ ਰਹੇ ਹਨ। ਪਰ ਉਨ੍ਹਾਂ ਨੂੰ ਦਸ ਸਾਲ ਦੇ ਮਾਮਲੇ ਹੀ ਸਾਹ ਨਹੀਂ ਲੈਣ ਦੇ ਰਹੇ। ਇਸ ਜ਼ਿਮਨੀ ਚੋਣ ਦੇ ਪ੍ਰਚਾਰ ਨੂੰ ਵੇਖ ਕੇ ਇੰਜ ਜਾਪਦਾ ਹੈ, ਜਿਵੇਂ ਚੋਣ ਲੋਕ ਸਭਾ ਦੀ ਨਹੀਂ, ਵਿਧਾਨ ਸਭਾ ਦੀ ਹੋ ਰਹੀ ਹੋਵੇ। ਬਹੁਤੇ ਮੁੱਦੇ ਛੇ ਮਹੀਨੇ ਪਹਿਲਾਂ ਹੋਈਆਂ ਵਿਧਾਨ ਸਭਾ ਚੋਣਾਂ ਵਾਲੇ ਹੀ ਹਨ। ਭਾਜਪਾ ਦੇ ਸੂਬਾਈ ਪ੍ਰਧਾਨ ਅਤੇ ਕੇਂਦਰੀ ਮੰਤਰੀ ਵਿਜੈ ਸਾਂਪਲਾ ਵੀ ਆਪਣੇ ਸਾਥੀਆਂ ਸਮੇਤ ਭਾਜਪਾ ਉਮੀਦਵਾਰ ਦੀ ਚੋਣ ਮੁਹਿੰਮ ਮਘਾਉਣ ਲਈ ਪੂਰੀ ਵਾਹ ਲਾ ਰਹੇ ਹਨ। ਪਰ ਅਕਾਲੀ ਦਲ ਅਤੇ ਭਾਜਪਾ ਦੇ ਸਥਾਨਕ ਆਗੂਆਂ ਵਿਚਾਲੇ ਪੂਰਾ ਤਾਲਮੇਲ ਨਹੀਂ ਬੈਠ ਰਿਹਾ।
ਦੂਜੇ ਪਾਸੇ ਪ੍ਰਚਾਰ ਵਿੱਚ ‘ਆਪ’ ਦੇ ਉਮੀਦਵਾਰ ਸੁਰੇਸ਼ ਖਜੂਰੀਆ ਆਪਣੇ ਮੁੱਖ ਵਿਰੋਧੀਆਂ ਦੇ ਮੁਕਾਬਲੇ ਕਾਫ਼ੀ ਪਿੱਛੇ ਹਨ। ਪਾਰਟੀ ਦੇ ਦੋ ਪ੍ਰਮੁੱਖ ਆਗੂ ਲੋਕ ਸਭਾ ਮੈਂਬਰ ਭਗਵੰਤ ਮਾਨ ਅਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਹੀ ਚੋਣ ਪ੍ਰਚਾਰ ਵਿੱਚ ਡੱਟੇ ਨਜ਼ਰ ਆਉਂਦੇ ਹਨ। ਕੁਝ ਸਥਾਨਕ ਆਗੂ ਪਾਰਟੀ ਨੂੰ ਅਲਵਿਦਾ ਆਖ ਚੁੱਕੇ ਹਨ। ਇਸ ਨਾਲ ਵੀ ਪਾਰਟੀ ਦਾ ਚੋਣ ਪ੍ਰਚਾਰ ਮੱਠਾ ਪਿਆ ਹੈ।

ਗੁਰਦਾਸਪੁਰ ’ਚ ਚੋਣ ਪ੍ਰਚਾਰ ਲਈ ਨਾ ਝੰਡੀਆਂ ਨਾ ਪੋਸਟਰ 
ਖ਼ਾਸ ਗੱਲ ਇਹ ਹੈ ਕਿ ਇਸ ਵਾਰ ਚੋਣ ਪ੍ਰਚਾਰ ਵਿੱਚ ਕਿਸੇ ਪਾਰਟੀ ਦਾ ਨਾ ਕੋਈ ਪੋਸਟਰ ਤੇ ਨਾ ਝੰਡੀਆਂ ਹੀ ਨਜ਼ਰ ਆ ਰਹੀਆਂ ਹਨ। ਜਾਪਦਾ ਹੈ ਜਿਵੇਂ ਸਾਰੀਆਂ ਪਾਰਟੀਆਂ ਨੇ ਚੋਣ ਸਮੱਗਰੀ ਨਾ ਛਾਪਣ ਉੱਤੇ ਸਹਿਮਤੀ ਕਰ ਲਈ ਹੋਵੇ। ਰੈਲੀਆਂ/ਮੀਟਿੰਗਾਂ ਤੋਂ  ਹੀ ਚੋਣ ਦਾ ਪਤਾ ਚੱਲਦਾ ਹੈ। ਚਰਚਾ ਹੈ ਕਿ ਅਕਾਲੀ-ਭਾਜਪਾ ਨੇ ਵੀ ਇੱਕ ਕਾਂਗਰਸੀ ਆਗੂ ਦੀ ਅਸ਼ਲੀਲ ਵੀਡੀਓ ਰਾਹੀਂ ਕਾਂਗਰਸ ਮੋੜਵਾਂ ਵਾਰ ਕਰਨ ਦਾ ਯਤਨ ਕੀਤਾ, ਪਰ ਇਹ ਵੀਡੀਓ ਕਿਸੇ ਹੋਰ ਦੀ ਨਿਕਲਣ ਕਾਰਨ ਚਾਲ ਸਫ਼ਲ ਨਹੀਂ ਹੋ ਸਕੀ।