ਸ਼ੇਰਪੁਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਲੰਗਰ ’ਤੇ ਜੀਐੱਸਟੀ ਨਾ ਲਾਏ ਜਾਣ, ਸਾਕਾ ਨੀਲਾ ਤਾਰਾ ਮੌਕੇ ਰੈਫਰੈਂਸ ਲਾਇਬ੍ਰੇਰੀ ਵਿੱਚੋਂ ਖਰੜੇ ’ਤੇ ਚੁੱਕਿਆ ਕੀਮਤੀ ਸਾਮਾਨ ਵਾਪਸ ਲੈਣ, ਸੈਕਸ਼ਨ 87 ਅਧੀਨ ਆਉਂਦੇ ਗੁਰਦੁਆਰਿਆਂ ਨੂੰ ਸੈਕਸ਼ਨ 85 ਅਧੀਨ ਲਿਆਉਣ ਸਬੰਧੀ ਨੋਟੀਫਿਕੇਸ਼ਨ ਕਰਵਾਏ ਜਾਣ ਤੇ ਰਾਸ਼ਟਰਪਤੀ ਕੋਲ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਬਕਾਇਆ ਅਪੀਲ ਸਮੇਤ ਹੋਰ ਸਿੱਖ ਮਸਲਿਆਂ ਸਬੰਧੀ ਪੰਜ ਮੈਂਬਰੀ ਕਮੇਟੀ ਛੇਤੀ ਹੀ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕਰੇਗੀ।
ਉਨ੍ਹਾਂ ਦੱਸਿਆ ਕਿ ਇਸ ਕਮੇਟੀ ਵਿੱਚ ਉਹ ਖ਼ੁਦ (ਭਾਈ ਲੌਂਗੋਵਾਲ), ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ, ਪ੍ਰੇਮ ਸਿੰਘ ਚੰਦੂਮਾਜਰਾ ਤੇ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਸ਼ਾਮਲ ਹੋਣਗੇ। ਭਾਈ ਲੌਂਗੋਵਾਲ ਗੁਰੂ ਨਾਨਕ ਦੇਵ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਦੀਆਂ ਤਿਆਰੀਆਂ ਵਜੋਂ ਕਰਵਾਏ ਜਾ ਰਹੇ ਗੁਰਮਤਿ ਸਮਾਗਮਾਂ ਦੀ ਲੜੀ ਤਹਿਤ ਗੁਰਦੁਆਰਾ ਮੰਜੀ ਸਾਹਿਬ ਮੂਲੋਵਾਲ ਵਿੱਚ ਗੁਰਮਤਿ ਸਮਾਗਮ ਵਿੱਚ ਪੁੱਜੇ ਸਨ। ਉਨ੍ਹਾਂ ਦੱਸਿਆ ਕਿ ਜੰਮੂ ਕਸ਼ਮੀਰ ਵਿੱਚ ਸਿੱਖਾਂ ਨੂੰ ਘੱਟ ਗਿਣਤੀ ਦਾ ਦਰਜਾ ਦਿਵਾਉਣ ਲਈ ਕਮੇਟੀ ਉਥੋਂ ਦੇ ਮੁੱਖ ਮੰਤਰੀ ਨਾਲ ਵੀ ਮੁਲਾਕਾਤ ਕਰੇਗੀ। ਉਨ੍ਹਾਂ ਕਿਹਾ ਕਿ ਗੁਰਮਤਿ ਲਹਿਰ ਹੋਰ ਤੇਜ਼ ਕਰਨ ਕਰਨ ਲਈ ਇੱਕ ਸੌ ਵਿਦਵਾਨ ਪ੍ਰਚਾਰਕ, ਢਾਡੀ ਜਥੇ ਤੇ ਕਵੀਸ਼ਰੀ ਜਥਿਆਂ ਦੀਆਂ ਨਿਯੁਕਤੀਆਂ ਕਰਕੇ ਲਹਿਰ ਨੂੰ ਪ੍ਰਚੰਡ ਕਰਨ ਲਈ ਤਿੰਨ ਤਖ਼ਤਾਂ ਦੇ ਸਕੱਤਰ ਨਿਯੁਕਤ ਕੀਤੇ ਗਏ ਹਨ ਤਾਂ ਜੋ ਪਿੰਡ-ਪਿੰਡ ਪ੍ਰਚਾਰ ਕਰਕੇ ਪਰਿਵਾਰਾਂ ਤੇ ਉਨ੍ਹਾਂ ਦੇ ਬੱਚਿਆਂ ਨੂੰ ਬਾਣੀ ਤੇ ਬਾਣੇ ਨਾਲ ਜੋੜਿਆ ਜਾ ਸਕੇ। ਇਸ ਮੌਕੇ ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾਂ, ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਜਥੇਦਾਰ ਰਜਿੰਦਰ ਕਾਂਝਲਾ, ਸਿੱਖ ਬੁੱਧੀਜੀਵੀ ਮੰਚ ਦੇ ਪ੍ਰਧਾਨ ਮਾਸਟਰ ਹਰਬੰਸ ਸਿੰਘ ਸ਼ੇਰਪੁਰ, ਧਾਰਮਿਕ ਆਗੂ ਬਾਬਾ ਹਾਕਮ ਸਿੰਘ ਗੰਡੇਵਾਲ, ਬਲਾਕ ਪੰਚਾਇਤ ਯੂਨੀਅਨ ਦੇ ਪ੍ਰਧਾਨ ਸਰਬਜੀਤ ਸਿੰਘ ਅਲਾਲ, ਪਿੰਡ ਵਾਸੀਆਂ ਵੱਲੋਂ ਸਾਬਕਾ ਸਰਪੰਚ ਸੁਰਜੀਤ ਸਿੰਘ ਮੂਲੋਵਾਲ, ਸਮਿਤੀ ਮੈਂਬਰ ਰਜਿੰਦਰ ਸਿੰਘ, ਅਕਾਲੀ ਦਲ ਐਸਸੀ ਵਿੰਗ ਦੇ ਆਗੂ ਨਿਰਭੈ ਸਿੰਘ, ਗੁਰਦੁਆਰਾ ਕਮੇਟੀ ਦੇ ਮੈਨੇਜਰ ਪਰਮਜੀਤ ਸਿੰਘ ਆਦਿ ਵੱਲੋਂ ਸ੍ਰੀ ਲੌਂਗੋਵਾਲ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸਾਬਕਾ ਚੇਅਰਮੈਨ ਰਣਜੀਤ ਰੰਧਾਵਾ, ਕਿਸਾਨ ਆਗੂ ਸੁਖਵਿੰਦਰ ਸਿੰਘ ਹੇੜੀਕੇ, ਗੁਰਤੇਜ ਸਿੰਘ ਢੀਂਡਸਾ, ਮੰਗਾ ਸਿੰਘ (ਦੋਵੇਂ ਸਿੱਖ ਪ੍ਰਚਾਰਕ), ਮਹਿੰਦਰ ਸਿੰਘ ਰਣੀਕੇ, ਨੰਬਰਦਾਰ ਯੂਨੀਅਨ ਦੇ ਪ੍ਰਧਾਨ ਦਲਵਾਰਾ ਸਿੰਘ ਤੇ ਜਸਵੰਤ ਸਿੰਘ ਵੀ ਹਾਜ਼ਰ ਸਨ।