ਚੰਡੀਗੜ੍ਹ, 24 ਅਕਤੂਬਰ  – ਕਾਂਗਰਸ ਦੀਆਂ ਲੋਕ ਲੁਭਾਓ ਕਰੰਟ ਦੇਣ ਦੀਆਂ ਸਕੀਮਾਂ ਦੇ ਭਰਮ ਜਾਲ ਸੱਦਕਾ ਹੋਂਦ ਵਿਚ ਆਈ ਕਾਂਗਰਸ ਸਰਕਾਰ ਨੇ ਬਿਜਲੀ ਦਰਾਂ ਵਿਚ ਵਾਧਾ ਕਰਕੇ ਅਸਲ ਵਿਚ ਪੰਜਾਬੀ ਲੋਕਾਂ ਨੂੰ ਕਰੰਟ ਦਾ ਝੱਟਕਾ ਦਿੱਤਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਵਿਜੇ ਸਾਂਪਲਾ ਨੇ ਕੀਤਾ। ਸਾਂਪਲਾ ਨੇ ਕੈਪਟਨ ਸਰਕਾਰ ਨੂੰ ਬਿਜਲੀ ਦਰਾਂ ਵਿਚ ਕੀਤੇ ਵਾਧੇ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਅਤੇ ਕਿਹਾ ਕਿ ਗੁਰਦਾਸਪੂਰ ਲੋਕਸਭਾ ਹਲਕੇ ਵਿਚ ਸੱਤਾ ਦਾ ਦੁਰਪਰਯੋਗ ਕਰਕੇ ਹਾਸਿਲ ਕੀਤੀ ਸੀਟ ਤੋਂ ਬਾਅਦ ਕੈਪਟਨ ਸਰਕਾਰ ਦਾ ਦਿਮਾਗ ਸੱਤਵੇਂ ਆਸਮਾਂ ਦੇ ਪਹੁੰਚ ਚੁਕਿਆ ਹੈ ਅਤੇ ਇਸ ਕਰਕੇ ਹੀ ਇਹ ਹੁਣ ਲੋਕਾਂ ਨਾਲ ਕੀਤੇ ਵਾਅਦੀਆਂ ਤੋਂ ਉਲਟ ਮਨਮਰਜ਼ੀ ਵਾਲੇ ਲੋਕ ਵਿਰੋਧੀ ਫੈਸਲੇ ਲੈਣ ‘ਤੇ ਉਤਾਰੂ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਸੱਤਾ ਹਾਸਿਲ ਕਰਨ ਤੋਂ ਪਹਿਲਾਂ ਲੋਕਾਂ ਨਾਲ ਖਾਸਕਰ ਉਦਯੋਗਿਕ ਸੈਕਟਰ ਨੂੰ 5 ਰੁਪਏ ਪ੍ਰਤੀ ਯੂਨਿਟ ਦੇਣ ਸਮੇਤ ਸਾਰੇ ਹੀ ਵਰਗਾਂ ਨੂੰ ਸਸਤੀ ਬਿਜਲੀ ਦੇਣ ਦੇ ਸੁਪਣੇ ਦਿਖਾਏ ਸਨ, ਪਰ ਹੁਣ ਬਿਜਲੀ ਦਰਾਂ ਵਿਚ 8.50 ਤੋਂ 11.88 ਫੀਸਦ ਤਕ ਵਾਧਾ ਕਰਕੇ ਪੰਜਾਬ ਦੇ ਲੋਕਾਂ ਦੀ ਆਰਥਿਕਤਾ ਉਤੇ ਭਾਰੀ ਸੱਟ ਮਾਰੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਘਰੇਲੂ ਖਪਤਕਾਰਾਂ ਨੂੰ ਵੀ ਇਸ ਵਾਧੇ ਦੀ ਰਡਾਰ ਵਿਚ ਲਿਆਕੇ ਉਨ੍ਹਾਂ ਦੀ ਵੀ ਬਿਜਲੀ ਦਰਾਂ ਨੂੰ 12 ਫੀਸਦੀ ਮਹਿੰਗਾ ਕਰ ਦਿੱਤਾ ਹੈ।