ਲੁਧਿਆਣਾ: ਖੰਨਾ ਪੁਲਿਸ ਨੇ 81 ਸਾਲਾ ਐਨਆਰਆਈ ਔਰਤ ਜਗਪਾਲ ਕੌਰ ਦੇ ਕਤਲ ਮਾਮਲੇ ‘ਚ ਇਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਇਸ ਮਾਮਲੇ ਦੇ ਸਬੰਧ ਵਿੱਚ ਮ੍ਰਿਤਕ ਔਰਤ ਦੇ ਕਿਰਾਏਦਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਕਿਰਾਏਦਾਰ ਰਾਹੁਲ ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ।
ਦੱਸ ਦਈਏ ਕਿ ਖੰਨਾ ਦੀ ਨਵੀਂ ਆਬਾਦੀ ਇਲਾਕੇ ਵਿੱਚ 81 ਸਾਲਾ ਬਜ਼ੁਰਗ ਮਹਿਲਾ ਦੇ ਕਤਲ ਮਾਮਲੇ ਨੇ ਸਭ ਨੂੰ ਝਿੰਜੋੜ ਕੇ ਰੱਖ ਦਿੱਤਾ ਸੀ। ਮ੍ਰਿਤਕਾ ਦੀ ਪਛਾਣ ਜਗਪਾਲ ਕੌਰ (81) ਵਜੋਂ ਹੋਈ ਸੀ ਜੋ ਕਿ ਸੁਰਜੀਤ ਸਿੰਘ ਦੀ ਪਤਨੀ ਸੀ। ਜਗਪਾਲ ਇੱਕ ਸੇਵਾਮੁਕਤ ਅਧਿਆਪਕ ਸੀ ਅਤੇ ਲੰਬੇ ਸਮੇਂ ਤੋਂ ਕੈਨੇਡਾ ਵਿੱਚ ਰਹਿ ਰਹੀ ਸੀ। ਉਹ ਅਕਤੂਬਰ 2025 ਵਿੱਚ ਕੈਨੇਡਾ ਤੋਂ ਭਾਰਤ ਆਈ ਸੀ ਅਤੇ ਅਪ੍ਰੈਲ 2026 ਵਿੱਚ ਕੈਨੇਡਾ ਵਾਪਸ ਜਾਣ ਦੀ ਤਿਆਰੀ ਕਰ ਰਹੀ ਸੀ। ਬੀਤੇ ਐਤਵਾਰ ਸਵੇਰੇ ਉਸਦੇ ਗੁਆਂਢੀਆਂ ਨੇ ਪੁਲਿਸ ਨੂੰ ਜਗਪਾਲ ਦੇ ਘਰੋਂ ਤੇਜ਼ ਬਦਬੂ ਆਉਣ ਦੀ ਸੂਚਨਾ ਦਿੱਤੀ। ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ। ਜਦੋਂ ਪੁਲਿਸ ਨੇ ਦਰਵਾਜ਼ਾ ਖੋਲ੍ਹਿਆ ਤਾਂ ਔਰਤ ਦੀ ਲਾਸ਼ ਪਈ ਮਿਲੀੈ।
ਹੁਣ ਇਸ ਮਾਮਲੇ ‘ਚ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਜਗਪਾਲ ਕੌਰ ਦੀ ਲਾਸ਼ 1 ਫਰਵਰੀ ਨੂੰ ਉਸਦੇ ਘਰ ਦੇ ਬਾਥਰੂਮ ਵਿੱਚੋਂ ਮਿਲੀ ਸੀ। ਉਸਦੇ ਹੱਥ ਪੈਰ ਬੰਨ੍ਹੇ ਹੋਏ ਸਨ ਅਤੇ ਮੁੱਢਲੀ ਜਾਂਚ ਤੋਂ ਪਤਾ ਚੱਲਿਆ ਕਿ ਉਸਦਾ ਗਲਾ ਘੁੱਟ ਕੇ ਕਤਲ ਕੀਤਾ ਗਿਆ ਸੀ। ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਨੇ ਇੱਕ ਫੋਰੈਂਸਿਕ ਟੀਮ ਨੂੰ ਮੌਕੇ ‘ਤੇ ਬੁਲਾਇਆ ਅਤੇ ਸਬੂਤ ਇਕੱਠੇ ਕੀਤੇ। ਨੇੜਲੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਗਈ ਅਤੇ ਮ੍ਰਿਤਕ ਦੇ ਸੰਪਰਕਾਂ ਅਤੇ ਕਿਰਾਏਦਾਰਾਂ ਤੋਂ ਪੂਰੀ ਤਰ੍ਹਾਂ ਪੁੱਛਗਿੱਛ ਕੀਤੀ ਗਈ। ਲਗਾਤਾਰ ਜਾਂਚ, ਤਕਨੀਕੀ ਸਬੂਤਾਂ ਅਤੇ ਪੁੱਛਗਿੱਛ ਦੇ ਆਧਾਰ ‘ਤੇ ਪੁਲਿਸ ਨੇ ਦੋਸ਼ੀ ਰਾਹੁਲ ਨੂੰ ਗ੍ਰਿਫ਼ਤਾਰ ਕਰ ਲਿਆ।
ਪੁਲਿਸ ਅਨੁਸਾਰ ਸਖ਼ਤ ਪੁੱਛਗਿੱਛ ਦੌਰਾਨ ਉਸਨੇ ਅਪਰਾਧ ਕਬੂਲ ਕਰ ਲਿਆ। ਪੁਲਿਸ ਨੇ ਅਜੇ ਤੱਕ ਅਧਿਕਾਰਤ ਤੌਰ ‘ਤੇ ਕਤਲ ਦੇ ਅਸਲ ਉਦੇਸ਼ ਦਾ ਖੁਲਾਸਾ ਨਹੀਂ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਦੋਸ਼ੀ ਤੋਂ ਪੂਰੀ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਪੂਰਾ ਮਾਮਲਾ ਸਾਹਮਣੇ ਆ ਜਾਵੇਗਾ। ਖੰਨਾ ਦੇ ਐਸਐਸਪੀ ਡਾ. ਦਰਪਨ ਆਹਲੂਵਾਲੀਆ ਅੱਜ ਇੱਕ ਪ੍ਰੈਸ ਕਾਨਫਰੰਸ ਵਿੱਚ ਘਟਨਾ ਨਾਲ ਸਬੰਧਤ ਸਾਰੇ ਤੱਥ ਅਤੇ ਪੁਲਿਸ ਕਾਰਵਾਈ ਦੇ ਵੇਰਵੇ ਸਾਂਝੇ ਕਰਨਗੇ।














