ਲੁਧਿਆਣਾ, ਸਨਅਤੀ ਸ਼ਹਿਰ ਦੇ ਸੂਫ਼ੀਆ ਚੌਕ ਇੰਡਸਟਰੀ ਏਰੀਆ ਸਥਿਤ ਪਲਾਸਟਿਕ ਦਾ ਸਾਮਾਨ ਬਣਾਉਣ ਵਾਲੀ ਫੈਕਟਰੀ ਵਿੱਚ ਅੱਗ ਲੱਗਣ ਦੌਰਾਨ ਧਮਾਕੇ ਨਾਲ ਡਿੱਗੀ ਇਮਾਰਤ ਦੇ ਮਲਬੇ ਵਿੱਚ ਤਿੰਨ ਦਿਨ ਬਾਅਦ ਵੀ ਤਿੰਨ ਫਾਇਰ ਮੁਲਾਜ਼ਮ ਲਾਪਤਾ ਹਨ ਤੇ ਤੀਜੇ ਦਿਨ ਵੀ ਅੱਗ ਲੱਗੀ ਹੋਈ ਹੈ। ਇਸੇ ਦੌਰਾਨ ਪੁਲੀਸ ਨੇ ਫੈਕਟਰੀ ਮਾਲਕ ਇੰਦਰਜੀਤ ਸਿੰਘ ਗੋਲਾ ਖ਼ਿਲਾਫ ਫਾਇਰ ਮੁਲਾਜ਼ਮ ਸੁਰਿੰਦਰ ਦੇ ਬਿਆਨਾਂ ’ਤੇ ਕੇਸ ਦਰਜ ਕਰ ਕੇ ਉਸ ਨੂੰ ਮਾਡਲ ਟਾਊਨ ਇਲਾਕੇ ਵਿੱਚੋਂ ਗ੍ਰਿਫ਼ਤਾਰ ਕਰ ਲਿਆ ਹੈ। ਗੋਲਾ ਖ਼ਿਲਾਫ਼ ਗੈਰ ਇਰਾਦਾ ਕਤਲ ਸਮੇਤ ਕਈ ਧਾਰਾਵਾਂ ਲਗਾਈਆਂ ਗਈਆਂ ਹਨ।
ਲਾਪਤਾ ਮੁਲਾਜ਼ਮਾਂ ਵਿੱਚ ਮਨੋਹਰ ਲਾਲ, ਸੁਖਦੇਵ ਸਿੰਘ ਤੇ ਮਨਪ੍ਰੀਤ ਸਿੰਘ ਸ਼ਾਮਲ ਹਨ। ਮਲਬੇ ਵਿੱਚ ਮੌਜੂਦ ਰਸਾਇਣ ਦੀ ਮਿਕਦਾਰ ਬਾਰੇ ਕੋਈ ਜਾਣਕਾਰੀ ਨਹੀਂ ਹੈ, ਜਿਸ ਕਾਰਨ ਅੱਗ ਕਾਬੂ ’ਚ ਨਹੀਂ ਆ
ਰਹੀ। ਐਨਡੀਆਰਐਫ਼ ਦੀ ਟੀਮ ਲਗਾਤਾਰ ਬਚਾਅ ਕਾਰਜਾਂ ਵਿੱਚ ਲੱਗੀ ਹੋਈ ਹੈ। ਬਠਿੰਡਾ ਤੋਂ ਐਨਡੀਆਰਐਫ਼ ਦੇ ਕਮਾਂਡੈਂਟ ਰਵੀ ਕੁਮਾਰ ਨੇ ਵੀ ਘਟਨਾ ਸਥਾਨ ਦਾ ਦੌਰਾ ਕੀਤਾ। ਇਸ ਗੱਲ ਦਾ ਡਰ ਵੀ ਲਗਾਤਾਰ ਬਣਿਆ ਹੋਇਆ ਹੈ ਕਿ ਕਿਤੇ ਰਸਾਇਣ ਕਾਰਨ ਧਮਾਕਾ ਫੇਰ ਨਾ ਹੋ ਜਾਵੇ।
ਘਟਨਾ ਦੀ ਜਾਂਚ ਪਟਿਆਲਾ ਡਿਵੀਜ਼ਨ ਦੇ ਕਮਿਸ਼ਨਰ ਵੀ.ਕੇ. ਮੀਨਾ ਨੇ ਸ਼ੁਰੂ ਕਰ ਦਿੱਤੀ ਹੈ, ਜਿਸ ਤਹਿਤ ਉਨ੍ਹਾਂ ਨੇ ਘਟਨਾ ਸਥਾਨ ਦਾ ਦੌਰਾ ਕੀਤਾ ਤੇ ਹਾਦਸੇ ਵਿੱਚ ਜ਼ਖ਼ਮੀ ਹੋਏ ਵਿਅਕਤੀਆਂ ਦਾ ਹਾਲ-ਚਾਲ ਵੀ ਪੁੱਛਿਆ। ਸ੍ਰੀ ਮੀਨਾ ਨੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਜਾਂਚ ਸਬੰਧੀ ਹਦਾਇਤਾਂ ਜਾਰੀ ਕੀਤੀਆਂ। ਉਨ੍ਹਾਂ ਨੇ ਨਗਰ ਨਿਗਮ ਤੋਂ ਇਮਾਰਤ ਦੇ ਹਾਊਸ ਟੈਕਸ/ਪ੍ਰਾਪਰਟੀ ਟੈਕਸ/ਬਿਲਡਿੰਗ ਪਲਾਨ/ਸੀਵਰੇਜ ਅਤੇ ਵਾਟਰ ਸਪਲਾਈ ਸਬੰਧੀ ਰਿਕਾਰਡ ਅਤੇ ਰਜਿਸਟਰੇਸ਼ਨ ਨਾਲ ਸਬੰਧਤ ਸਾਰੇ ਦਸਤਾਵੇਜ਼ ਰਿਪੋਰਟ ਸਮੇਤ ਮੰਗੇ ਹਨ। ਇਸ ਤੋਂ ਇਲਾਵਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਸਨਅਤ ਵਿਭਾਗ, ਪੁਲੀਸ ਵਿਭਾਗ, ਅੱਗ ਬੁਝਾਊ ਵਿਭਾਗ, ਬਿਜਲੀ ਵਿਭਾਗ, ਕਰ ਤੇ ਆਬਕਾਰੀ ਵਿਭਾਗ ਤੋਂ ਵੀ ਇਮਾਰਤ ਸਬੰਧੀ ਰਿਕਾਰਡ ਮੰਗਿਆ ਹੈ। ਮਲਬੇ ਦੇ ਨਮੂਨੇ ਵੀ ਜਾਂਚ ਲਈ ਭੇਜੇ ਜਾਣਗੇ। ਉਨ੍ਹਾਂ ਨੇ ਜ਼ਖ਼ਮੀਆਂ ਦੇ ਪਰਿਵਾਰਾਂ ਨੂੰ ਕਿਹਾ ਕਿ ਇਲਾਜ ਦਾ ਸਾਰਾ ਖਰਚਾ ਸਰਕਾਰ ਵੱਲੋਂ ਕੀਤਾ ਜਾਵੇਗਾ।