ਲੁਧਿਆਣਾ, 26 ਮਾਰਚ ,ਸਾਂਝਾ ਅਧਿਆਪਕ ਮੋਰਚਾ ਵੱਲੋਂ ਅੱਜ ਲੁਧਿਆਣਾ ਦੀ ਜਲੰਧਰ ਬਾਈਪਾਸ ਨੇੜੇ ਅਨਾਜ ਮੰਡੀ ਵਿੱਚ ਸਰਕਾਰ ਦੀਆਂ ਸਿੱਖਿਆ, ਅਧਿਆਪਕ ਤੇ ਵਿਦਿਆਰਥੀ ਵਿਰੋਧੀ ਨੀਤੀਆਂ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ ਗਿਆ। ਮੋਰਚੇ ਦੇ ਕਨਵੀਨਰਾਂ ਅਤੇ ਸਹਿ-ਕਨਵੀਨਰਾਂ ਦੀ ਅਗਵਾਈ ਵਾਲੇ ਇਸ ਰੋਸ ਪ੍ਰਦਰਸ਼ਨ ਵਿੱਚ ਵੱਖ ਵੱਖ ਅਧਿਆਪਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਪਰਿਵਾਰਾਂ ਸਮੇਤ ਸ਼ਾਮਲ ਹੁੰਦਿਆਂ ਸਰਕਾਰ ਵਿਰੁੱਧ ਭੜਾਸ ਕੱਢੀ ਅਤੇ ਲੁਧਿਆਣਾ-ਜਲੰਧਰ ਸੜਕ ’ਤੇ ਚੱਕਾ ਵੀ ਜਾਮ ਕੀਤਾ।
ਸੂਬਾ ਭਰ ਵਿੱਚੋਂ ਆਏ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਸੂਬਾਈ ਕਨਵੀਨਰਾਂ ਬਲਕਾਰ ਵਲਟੋਹਾ, ਸੁਖਵਿੰਦਰ ਸਿੰਘ ਚਾਹਲ, ਭੁਪਿੰਦਰ ਵੜੈਚ, ਕੁਲਵੰਤ ਗਿੱਲ ਤੇ ਬਾਜ ਸਿੰਘ ਖਹਿਰਾ ਨੇ ਕਿਹਾ ਕਿ ਪੰਜਾਬ ਦੇ ਸਮੁੱਚੇ  ਅਧਿਆਪਕ ਵਰਗ ਵਿੱਚ ਇਸ ਸਮੇਂ ਸਰਕਾਰ ਦੀਆਂ ਸਿੱਖਿਆ, ਵਿਦਿਆਰਥੀ ਅਤੇ ਅਧਿਆਪਕ ਵਿਰੋਧੀ ਨੀਤੀਆਂ ਪ੍ਰਤੀ ਰੋਸ ਦੀ ਲਹਿਰ ਹੋਣ ਕਰਕੇ ਉਨ੍ਹਾਂ ਨੂੰ ਮਜਬੂਰਨ ਸੜਕਾਂ ’ਤੇ ਉਤਰਨਾ ਪੈ ਰਿਹਾ ਹੈ। ਸਰਕਾਰ ਨੇ ਚੋਣਾਂ ਤੋਂ ਪਹਿਲਾਂ ਆਪਣੇ ਚੋਣ ਮਨੋਰਥ ਪੱਤਰ ਵਿੱਚ ਸਰਕਾਰੀ ਸਕੂਲਾਂ ਰਾਹੀਂ ਮਿਆਰੀ ਸਿੱਖਿਆ ਦੇਣ ਲਈ ਜੋ ਵਾਅਦਾ ਕੀਤਾ ਸੀ, ਹੁਣ ਉਸ ਤੋਂ ਕਿਨਾਰਾ ਕੀਤਾ ਜਾ ਰਿਹਾ ਹੈ। ਸਰਕਾਰ ਨੇ ਪਿਛਲੇ ਇੱਕ ਸਾਲ ਦੌਰਾਨ ਕਈ ਅਜਿਹੇ ਫ਼ੈਸਲੇ ਲਏ, ਜਿਨ੍ਹਾਂ ਨੇ ਅਧਿਆਪਕ ਅਤੇ ਵਿਦਿਆਰਥੀ ਵਰਗ ਨੂੰ ਨਾ ਸਿਰਫ ਝੰਜੋੜ ਦਿੱਤਾ, ਸਗੋਂ ਸਰਕਾਰੀ ਸਕੂਲਾਂ ਦੀ ਸਾਖ਼ ਨੂੰ ਵੀ ਵੱਡੀ ਢਾਹ ਲਾਉਣ ਵਾਲਾ ਕੰਮ ਕੀਤਾ ਹੈ। ਅਧਿਆਪਕ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਅਧਿਆਪਕ ਜਥੇਬੰਦੀਆਂ ਕਿਸੇ ਵੀ ਕੀਮਤ ’ਤੇ ਸਰਕਾਰ ਦੀ ਇਸ ਕੋਝੀ ਚਾਲ ਨੂੰ ਸਫ਼ਲ ਨਹੀਂ ਹੋਣ ਦੇਣਗੀਆਂ। ਅੱਜ ਦੀ ਰੈਲੀ  ਵਿੱਚ ਚੋਣ ਮਨੋਰਥ ਪੱਤਰ ਰਾਹੀਂ ਕੀਤੇ ਵਾਅਦੇ ਪੂਰੇ ਕਰਨ, ਸਮਾਰਟ ਕਲਾਸ ਰੂਮ ਬਣਾਉਣ, ਖਾਲੀ ਅਸਾਮੀਆਂ ਭਰਨ,  5178 ਅਧਿਆਪਕਾਂ ਅਤੇ ਸੁਸਾਇਟੀਆਂ ਦੇ ਅਧਿਆਪਕਾਂ ਨੂੰ ਪੱਕੇ ਕਰਨ, ਮੁਲਾਜ਼ਮਾਂ ਦੀ ਤਨਖ਼ਾਹ ’ਚ ਕਟੌਤੀ ਰੋਕਣ, ਸਾਰੇ ਠੇਕਾ ਅਧਿਆਪਕਾਂ ਨੂੰ ਪੂਰੀ ਤਨਖ਼ਾਹ ਸਮੇਤ ਵਿਭਾਗ ਵਿੱਚ ਰੈਗੂਲਰ ਕਰਵਾਉਣ ਤੇ 800 ਸਰਕਾਰੀ  ਸਕੂਲਾਂ ਨੂੰ ਬੰਦ ਕਰਨ ਦਾ ਫ਼ੈਸਲਾ ਵਾਪਸ ਲੈਣ ਦੀ ਮੰਗ ਕੀਤੀ। ਦੁਪਹਿਰ ਸਮੇਂ ਸ਼ੁਰੂ ਹੋਇਆ ਰੋਸ ਪ੍ਰਦਰਸ਼ਨ ਉਸ ਸਮੇਂ ਹੋਰ ਤੇਜ਼ ਹੋ ਗਿਆ, ਜਦੋਂ ਸਰਕਾਰ ਦਾ ਕੋਈ ਵੀ ਨੁਮਾਇਦਾ ਰੈਲੀ ਵਾਲੀ ਥਾਂ ਨਾ ਪਹੁੰਚਿਆ।ਅਖ਼ੀਰ ਅਧਿਆਪਕਾਂ ਨੇ ਲੁਧਿਆਣਾ-ਜਲੰਧਰ ਮਾਰਗ ਜਾਮ ਕਰ ਦਿੱਤਾ ਗਿਆ। ਇਸ ਦੌਰਾਨ ਪੁਲੀਸ ਨੂੰ ਹਲਕਾ ਲਾਠੀਚਾਰਜ ਵੀ ਕਰਨਾ ਪਿਆ। ਅਖ਼ੀਰ ਪ੍ਰਸ਼ਾਸਨ ਵੱਲੋਂ ਮੋਰਚੇ ਦੀ 2 ਅਪਰੈਲ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਤੈਅ ਕਰਵਾਉਣ ਤੋਂ ਬਾਅਦ ਧਰਨਾ ਚੁਕਾ ਦਿੱਤਾ ਗਿਆ। ਰੈਲੀ ਨੂੰ ਸੁਰਿੰਦਰ ਪੁਆਰੀ, ਚਮਕੌਰ ਸਿੰਘ, ਮਨਿੰਦਰ ਸਿੰਘ, ਜਸਵਿੰਦਰ ਅੌਜਲਾ, ਅਮਨਦੀਪ ਸ਼ਰਮਾ, ਸੁਖਦੇਵ ਸਿੰਘ ਰਾਣਾ, ਅਮਨਦੀਪ ਮਾਨਸਾ, ਹਰਬੰਸ ਲਾਲ, ਹਰਸੇਵਕ ਸਿੰਘ ਸਾਧੂਵਾਲ, ਕੁਲਦੀਪ ਸਿੰਘ ਦੌੜਕਾ, ਦਵਿੰਦਰ ਪੂਨੀਆ, ਜਗਸੀਰ ਸਹੋਤਾ, ਬਿਕਰਮ ਸਿੰਘ, ਗੁਰਨੈਬ ਸਿੰਘ, ਜਿੰਦਲ ਪਾਇਲਟ, ਵੀਨਾ ਜੰਮੂ ਤੇ ਨਵਚਰਨ ਕੌਰ ਨੇ ਵੀ ਸੰਬੋਧਨ ਕੀਤਾ।