ਲੁਧਿਆਣਾ, ਇੱਥੇ ਸ਼ਿੰਗਾਰ ਸਿਨੇਮਾ ਦੇ ਪਿੱਛੇ ਰਣਜੀਤ ਸਿੰਘ ਪਾਰਕ ਇਲਾਕੇ ਵਿੱਚ ਅੱਜ ਸਵੇਰੇ ਕਰੀਬ ਸਾਢੇ ਪੰਜ ਵਜੇ ਸਕਾਈਲਾਈਨ ਨਿਟਵੀਅਰ ਹੌਜ਼ਰੀ ਫੈਕਟਰੀ ਵਿੱਚ ਅਚਾਨਕ ਅੱਗ ਲੱਗ ਗਈ। ਤਿੰਨ ਮੰਜ਼ਿਲਾ ਫੈਕਟਰੀ ਵਿੱਚ ਲੱਗੀ ਅੱਗ ਤੇਜ਼ੀ ਨਾਲ ਫੈਲ ਗਈ ਅਤੇ ਕਰੋੜਾਂ ਰੁਪਏ ਦੀ ਕੀਮਤ ਦਾ ਤਿਆਰ ਮਾਲ, ਕੱਚਾ ਮਾਲ ਅਤੇ ਮਸ਼ੀਨਰੀ ਸੜ ਕੇ ਸੁਆਹ ਹੋ ਗਏ। ਦਰਜਨ ਤੋਂ ਵੱਧ ਅੱਗ ਬੁਝਾਊ ਗੱਡੀਆਂ ਨੇ ਘੰਟਿਆਂ ਦੀ ਮਿਹਨਤ ਮਗਰੋਂ ਅੱਗ ’ਤੇ ਕਾਬੂ ਪਾਇਆ। ਅੱਗ ਏਨੀ ਭਿਆਨਕ ਸੀ ਕਿ ਇਮਾਰਤ ਦਾ ਕੁਝ ਹਿੱਸਾ ਵੀ ਡਿੱਗ ਗਿਆ ਤੇ ਕੰਧਾਂ ਵਿੱਚ ਤਰੇੜਾਂ ਆ ਗਈਆਂ। ਅੱਗ ਲੱਗਣ ਤੋਂ ਬਾਅਦ ਤੁਰੰਤ ਹੀ ਆਸ-ਪਾਸ ਦੇ ਘਰਾਂ ਨੂੰ ਖਾਲੀ ਕਰਵਾ ਲਿਆ ਗਿਆ।
ਪੁਲੀਸ ਦੇ ਏਡੀਸੀਪੀ ਰਤਨ ਸਿੰਘ ਬਰਾੜ ਤੇ ਏਸੀਪੀ ਸੈਂਟਰਲ ਮਨਦੀਪ ਸਿੰਘ ਨੇ ਮੌਕੇ ’ਤੇ ਪੁੱਜ ਕੇ ਹਾਲਾਤ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਅੱਗ ਕਾਰਨ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਉਨ੍ਹਾਂ ਦੱਸਿਆ ਕਿ ਸਵੇਰੇ ਕਰੀਬ ਸਾਢੇ ਪੰਜ ਵਜੇ ਫੈਕਟਰੀ ਵਿੱਚ ਅੱਗ ਲੱਗੀ ਅਤੇ ਉਸ ਸਮੇਂ ਫੈਕਟਰੀ ਬੰਦ ਹੋਣ ਕਾਰਨ ਕੋਈ ਵਰਕਰ ਅੰਦਰ ਨਹੀਂ ਸੀ। ਸੂਚਨਾ ਮਿਲਣ ’ਤੇ ਜਦੋਂ ਤੱਕ ਅੱਗ ਬੁਝਾਊ ਗੱਡੀਆਂ ਮੌਕੇ ’ਤੇ ਪਹੁੰਚੀਆਂ, ਉਦੋਂ ਤੱਕ ਫੈਕਟਰੀ ਵਿੱਚ ਧਾਗਾ ਤੇ ਕੱਪੜਾ ਪਿਆ ਹੋਣ ਕਾਰਨ ਕਾਫੀ ਨੁਕਸਾਨ ਹੋ ਚੁੱਕਿਆ ਸੀ। ਫਾਇਰ ਅਫ਼ਸਰ ਕੇ.ਐਲ. ਕੱਕੜ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।