ਲੁਧਿਆਣਾ, 23 ਮਈ
ਕੇਂਦਰੀ ਜੇਲ੍ਹ ਲੁਧਿਆਣਾ ਵਿੱਚੋਂ ਬੀਤੀ 13 ਮਈ ਨੂੰ ਜੇਲ੍ਹ ਪ੍ਰਸ਼ਾਸਨ ਨੂੰ ਝਕਾਨੀ ਦੇ ਕੇ ਦੋ ਹਵਾਲਾਤੀਆਂ ਦੇ ਦੇ ਫ਼ਰਾਰ ਹੋਣ ਸਬੰਧੀ ਆਈਜੀ ਜੇਲ੍ਹ ਵੱਲੋਂ ਕੀਤੀ ਜਾਂਚ ਦੀ ਰਿਪੋਰਟ ਆਉਣ ਪਿੱਛੋਂ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਜੇਲ੍ਹ ਦੇ ਸੁਪਰਡੈਂਟ ਸ਼ਮਸ਼ੇਰ ਸਿੰਘ ਬੋਪਾਰਾਏ, ਡਿਪਟੀ ਸੁਪਰਡੈਂਟ ਮਨਜੀਤ ਸਿੰਘ ਟਿਵਾਣਾ, ਸਹਾਇਕ ਸੁਪਰਡੈਂਟ ਪਰਵਿੰਦਰ ਸਿੰਘ ਤੇ ਹੈਡ ਵਾਰਡਨ ਨਿਸ਼ਾਨ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ। ਦੱਸਣਯੋਗ ਹੈ ਕਿ 13 ਮਈ ਦੇਰ ਸ਼ਾਮ ਰੋਟੀ ਲੈਣ ਤੋਂ ਬਾਅਦ ਅਮਲੋਹ ਇਲਾਕੇ ਦੇ ਰਹਿਣ ਵਾਲੇ ਹਰਵਿੰਦਰ ਸਿੰਘ ਤੇ ਉਸ ਦਾ ਭਰਾ ਜਸਬੀਰ ਸਿੰਘ ਜੇਲ੍ਹ ਦੀ 15 ਫੁੱਟ ਉੱਚੀ ਕੰਧ ਟੱਪ ਕੇ ਫ਼ਰਾਰ ਹੋ ਗਏ ਸਨ। ਪੁਲੀਸ ਵੱਲੋਂ ਕੀਤੀ ਗਈ ਜਾਂਚ ਵਿੱਚ ਪਤਾ ਲੱਗਿਆ ਕਿ ਉਹ ਸੀਸੀਟੀਵੀ ਕੈਮਰਿਆਂ ਦੀ ਤਾਰ ਦੇ ਸਹਾਰੇ ਫ਼ਰਾਰ ਹੋਏ ਹਨ। ਬਾਅਦ ਵਿੱਚ ਉਨ੍ਹਾਂ ਦਾ ਕੋਈ ਸੁਰਾਗ਼ ਨਹੀਂ ਲੱਗਾ। ਇਸ ਮਾਮਲੇ ਦੀ ਜਾਂਚ ਆਈਜੀ ਜੇਲ੍ਹ ਆਰ.ਕੇ. ਅਰੋੜਾ, ਡੀਆਈਜੀ ਲਖਵੀਰ ਸਿੰਘ ਜਾਖੜ, ਏਡੀਸੀਪੀ ਲੁਧਿਆਣਾ ਪੁਲੀਸ ਰਾਜਵੀਰ ਸਿੰਘ ਬੋਪਾਰਾਏ ਨੇ ਬੀਤੀ ਸ਼ਾਮ ਪੂਰੀ ਕਰਨ ਤੋਂ ਬਾਅਦ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਰਿਪੋਰਟ ਦੇ ਦਿੱਤੀ ਸੀ। ਇਸ ਵਿੱਚ ਕਿਹਾ ਗਿਆ ਕਿ ਇਸ ਮਾਮਲੇ ਵਿੱਚ ਜੇਲ੍ਹ ਅਧਿਕਾਰੀਆਂ ਦੀ ਲਾਪ੍ਰਵਾਹੀ ਨਜ਼ਰ ਆ ਰਹੀ ਹੈ। ਇਸ ਨੂੰ ਮੁੱਖ ਰਖਦੇ ਹੋਏ ਪਹਿਲੀ ਵਾਰ ਕੇਂਦਰੀ ਜੇਲ੍ਹ ਲੁਧਿਆਣਾ ਦੇ ਚਾਰ ਅਧਿਕਾਰੀਆਂ ਨੂੰ ਮੁਅੱਤਲ ਕੀਤਾ ਗਿਆ ਹੈ।