ਚੰਡੀਗੜ, 24 ਅਕਤੂਬਰ 2017 : ਪੰਜਾਬ ਦੀ ਲੀਹ ਤੋਂ ਲੱਥੀ ਕਾਨੂੰਨ ਵਿਵਸਥਾ ਉੱਤੇ ਡੂੰਘੀ ਚਿੰਤਾ ਪ੍ਰਗਟ ਕਰਦੇ ਹੋਏ ਆਮ ਆਦਮੀ ਪਾਰਟੀ (ਆਪ) ਨੇ ਕਿਹਾ ਕਿ ਸਥਿਤੀ ਸੁਧਾਰਨ ਲਈ ਠੋਸ ਕਦਮ ਚੁੱਕਣ ਦੀ ਥਾਂ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਵੀ ਉਹੀ ਰਾਹ ਫੜ ਲਿਆ ਹੈ, ਜਿਸ ਨਾਲ ਅਕਾਲੀ-ਭਾਜਪਾ ਸਰਕਾਰ ‘ਚ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਡੰਗ-ਟਪਾਉਂਦੇ ਰਹੇ। ‘ਆਪ‘ ਵੱਲੋਂ ਜਾਰੀ ਪ੍ਰੈਸ ਬਿਆਨ ਰਾਹੀਂ ਪਾਰਟੀ ਦੇ ਸਹਿ-ਪ੍ਰਧਾਨ ਅਤੇ ਵਿਧਾਇਕ ਅਮਨ ਅਰੋੜਾ ਨੇ ਲੁਧਿਆਣਾ ‘ਚ ਆਰ.ਐਸ.ਐਸ ਆਗੂ ਰਵਿੰਦਰ ਗੋਸਾਈਂ ਦੇ ਦਿਨ ਦਿਹਾੜੇ ਹੋਏ ਕਤਲ ਪਿੱਛੇ ਡੀਜੀਪੀ ਪੰਜਾਬ ਵੱਲੋਂ ਵਿਦੇਸ਼ੀ ਤਾਕਤਾਂ ਦੇ ਹੱਥ ਹੋਣ ਸੰਬੰਧੀ ਸ਼ੰਕੇ ਪ੍ਰਗਟਾਏ ਜਾਣ ਨੂੰ ਗੈਰ-ਜ਼ਿੰਮੇ ਵਾਰਨਾ ਟਿੱਪਣੀ ਕਰਾਰ ਦਿੱਤਾ। ਅਮਨ ਅਰੋੜਾ ਨੇ ਕਿਹਾ ਕਿ ਇਹ ਪੂਰੀ ਤਰਾਂ ਪੰਜਾਬ ਪੁਲਿਸ ਅਤੇ ਖ਼ੁਫ਼ੀਆ ਨੈੱਟਵਰਕ ਦੀ ਅਸਫਲਤਾ ਦਾ ਸਿੱਟਾ ਹੈ, ਜਿਸ ਕਾਰਨ ਅਪਰਾਧੀ ਅਨਸਰ ਦਿਨ ਦਿਹਾੜੇ ਇੱਕੋ ਤਰੀਕੇ ਨਾਲ ਵਾਰਦਾਤ ਨੂੰ ਅੰਜਾਮ ਦੇ ਕੇ ਨਿਕਲ ਜਾਂਦੇ ਹਨ ਅਤੇ ਪੰਜਾਬ ਪੁਲਿਸ ਹਰ ਵਾਰ ਹੱਥ ਮਲਦੀ ਰਹਿ ਜਾਂਦੀ ਹੈ, ਆਖ਼ਿਰਕਾਰ ਵਿਦੇਸ਼ੀ ਤਾਕਤਾਂ ਦੇ ਹੱਥ ਹੋਣ ਦੀ ਸ਼ੰਕਾ ਪ੍ਰਗਟ ਕਰਕੇ ਗੋਗਲੂਆਂ ਤੋਂ ਮਿੱਟੀ ਝਾੜ ਦਿੱਤੀ ਜਾਂਦੀ ਹੈ। ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਤੋਂ ਲੈ ਕੇ ਜਲੰਧਰ ‘ਚ ਆਰ.ਐਸ.ਐਸ ਆਗੂ ਬਿ੍ਰਗੇਡੀਅਰ ਜਗਦੀਸ਼ ਗਗਨੇਜਾ ਦੀ ਹੱਤਿਆ ਤੱਕ ਉਦੋਂ ਦੇ ਉਪ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਵੀ ਵਿਦੇਸ਼ੀ ਤਾਕਤਾਂ ਦਾ ਹੱਥ ਹੋਣ ਦੀ ਬਿਆਨਬਾਜ਼ੀ ਕਰਕੇ ਡੰਗ ਟਪਾ ਲੈਂਦੇ ਸਨ, ਬਿਲਕੁਲ ਉਹੀ ਡਾਇਲਾਗ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਫੜ ਲਿਆ ਹੈ, ਜਿਸ ‘ਚ ਖੁਦ ਕੈਪਟਨ ਅਮਰਿੰਦਰ ਸਿੰਘ ਗ੍ਰਹਿ ਮੰਤਰੀ ਹਨ। ਅਮਨ ਅਰੋੜਾ ਨੇ ਸਪੱਸ਼ਟ ਕੀਤਾ ਕਿ ਇਸ ਗੱਲ ਤੋਂ ਕੱਤਈ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਦੇਸ਼-ਵਿਦੇਸ਼ ਵਿਚ ਬੈਠੇ ਮਾੜੇ ਅਨਸਰ ਪੰਜਾਬ ਦੀ ਅਮਨ-ਸ਼ਾਂਤੀ ਨੂੰ ਭੰਗ ਕਰਨ ਦੀ ਤਾਕ ਵਿਚ ਨਹੀਂ ਰਹਿੰਦੇ, ਪਰੰਤੂ ਸਵਾਲ ਇਹ ਉੱਠਦਾ ਹੈ ਕਿ ਸੂਬੇ ਦੀ ਕਾਨੂੰਨ ਵਿਵਸਥਾ ਐਨੀ ਨਿਕੰਮੀ ਹੋ ਚੁੱਕੀ ਹੈ ਕਿ ਅਪਰਾਧੀ ਤੱਤ ਆਪਣੀ ਕਿਸੇ ਵੀ ਸਾਜ਼ਿਸ਼ ਨੂੰ ਆਸਾਨੀ ਨਾਲ ਅੰਜਾਮ ਦੇ ਕੇ ਆਸਾਨੀ ਨਾਲ ਹੀ ਬਚ ਨਿਕਲਦੇ ਹਨ। ਨਤੀਜੇ ਵਜੋਂ ਪੰਜਾਬ ‘ਚ ਅਪਰਾਧਿਕ ਅਨਸਰਾਂ ਦੇ ਹੌਂਸਲੇ ਇੰਨੇ ਬੁਲੰਦ ਹੋ ਗਏ ਹਨ, ਹਰ ਰੋਜ਼ ਕਤਲੋਗਾਰਤ ਹੋ ਰਹੀ ਹੈ। ਬੈਂਕਾਂ ਅਤੇ ਏਟੀਐਮ ਲੁੱਟੇ ਜਾ ਰਹੇ ਹਨ। ਸ਼ਰੇਆਮ ਡਕੈਤੀਆਂ-ਚੋਰੀਆਂ ਹੋ ਰਹੀਆਂ ਹਨ। ਇਸ ਲਈ ਬਤੌਰ ਗ੍ਰਹਿ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਿੱਧੇ ਤੌਰ ‘ਤੇ ਜ਼ਿੰਮੇਵਾਰ ਅਤੇ ਜਵਾਬਦੇਹ ਹਨ। ਅਮਨ ਅਰੋੜਾ ਨੇ ਨਾਲ ਹੀ ਕਿਹਾ ਕਿ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਬਿਆਨਾਂ ‘ਚ ਵੀ ਇਹੋ ਝਲਕਦਾ ਹੈ ਕਿ ਗ੍ਰਹਿ ਮੰਤਰਾਲਾ ਵੀ ਕੈਪਟਨ ਅਮਰਿੰਦਰ ਸਿੰਘ ਦੇ ਵੱਸ ਦੀ ਗੱਲ ਨਹੀਂ। ਇਸ ਲਈ ਜਦੋਂ ਨਵਜੋਤ ਸਿੰਘ ਸਿੱਧੂ ਇੱਕ ਮਹੀਨੇ ‘ਚ ਪੰਜਾਬ ਦੀ ਲੀਹੋਂ-ਲੱਥੀ ਕਾਨੂੰਨ ਵਿਵਸਥਾ ਨੂੰ ਮੁੜ ਲਹਿ ‘ਤੇ ਲਿਆਉਣ ਦਾ ਦਾਅਵਾ ਕਰ ਰਹੇ ਹਨ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਾਹੀਦਾ ਹੈ ਕਿ ਉਹ ਬਤੌਰ ਗ੍ਰਹਿ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਪਰਖ ਕੇ ਦੇਖ ਲੈਣ।