– ਸਿੱਖਿਆ ਸਕੱਤਰ ਵੱਲੋਂ ਜਿਲ੍ਹਾ ਲੁਧਿਆਣਾ ਅਤੇ ਸੰਗਰੂਰ ਦੇ ਸਕੂਲ ਮੁਖੀਆਂ ਦੀ ਲਈ ਮੀਟਿੰਗ

ਲੁਧਿਆਣਾ, 27 ਫ਼ਰਵਰੀ: ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਸਿੱਖਿਆ ਸਕੱਤਰ ਕ੍ਰਿ਼ਸ਼ਨ ਕੁਮਾਰ ਵੱਲੋਂ ਅੱਜ ਲੁਧਿਆਣਾ ਦੇ ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਸਿਆੜ ਵਿਖੇ ਮਿਸ਼ਨ ਸ਼ਤ ਪ੍ਰਤੀਸ਼ਤ ਤਹਿਤ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਵਿੱਚ ਜਿਲ੍ਹਾ ਲੁਧਿਆਣਾ ਅਤੇ ਸੰਗਰੂਰ ਦੇ  ਸਕੂਲ ਮੁਖੀਆਂ ਨੇ ਭਾਗ ਲਿਆ। ਸਿੱਖਿਆ ਸਕੱਤਰ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਸੰਸਥਾ ਦੇ ਮੁਖੀ ਆਪਣੇ ਸਕੂਲ ਵਿੱਚ ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਉਤਸ਼ਾਹ ਭਰਪੂਰ ਮਾਹੌਲ ਸਿਰਜਣ ਲਈ ਪ੍ਰੇਰਣਾਸ੍ਰੋਤ ਬਣਨ। ਉਨ੍ਹਾਂ ਇਸ ਮੌਕੇ ਦੋਹਾਂ ਜਿਲ੍ਹਿਆਂ ਦੇ ਸਕੂਲਾਂ ਵਿੱਚ ਅੰਕੜਾ ਵਿਸ਼ਲੇਸ਼ਣ ਰਾਹੀਂ ਪ੍ਰਭਾਵਸ਼ਾਲੀ ਅੰਦਾਜ਼ ਵਿੱਚ ਲਾਹੇਵੰਦ ਨੁਕਤੇ ਸਾਂਝੇ ਕੀਤੇ ਜਿਸ ਨਾਲ ਜਿੱਥੇ ਸਰਕਾਰੀ ਸਕੂਲਾਂ ਦੇ ਬੋਰਡ ਦੀਆਂ ਜਮਾਤਾਂ ਦੇ ਨਤੀਜੇ ਸੌ ਫੀਸਦੀ ਰਹਿਣਗੇ ਉੱਥੇ ਵਿਦਿਆਰਥੀਆਂ ਵਿੱਚ ਆਪਣੀ ਨਿਰਧਾਰਿਤ ਮੰਜਿਲ ਹਾਸਿਲ ਕਰਨ ਲਈ ਸਕਾਰਾਤਮਕ ਜ਼ਜ਼ਬਾ ਕਾਇਮ ਹੋਵੇਗਾ। ਇਸ ਮੌਕੇ ਸਕੱਤਰ ਸਕੂਲ ਸਿੱਖਿਆ ਨੇ ਸਕੂਲ ਮੁਖੀਆਂ ਨੂੰ ਪ੍ਰੇਰਦਿਆਂ ਕਿਹਾ ਕਿ ਲੋੜਵੰਦ ਵਿਦਿਆਰਥੀਆਂ ਦੀ ਲੁੜੀਂਦੀ ਕਾਉਂਸਲਿੰਗ ਕਰਨ ਨਾਲ ਵਿਦਿਆਰਥੀਆਂ ਵਿੱਚ ਆਤਮਵਿਸ਼ਵਾਸ਼ ਦੀ ਭਾਵਨਾ ਵਧਦੀ ਹੈ ਅਤੇ ਅਧਿਆਪਕ ਤੇ ਵਿਦਿਆਰਥੀ ਦਾ ਰਿਸ਼ਤਾ ਮਜਬੂਤ ਹੁੰਦਾ ਹੈ। ਉਨ੍ਹਾਂ ਸਕੂਲ ਮੁਖੀਆਂ ਨੂੰ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਕੀਤੇ ਜਾ ਰਹੇ ਮਿਸਾਲੀ ਕਾਰਜਾਂ ਨੂੰ ਪਿੰਡ ਦੇ ਪਤਵੰਤੇ ਸੱਜਣਾਂ ਅਤੇ ਇਲਾਕੇ ਮੁਹਤਬਰਾਂ ਤੱਕ ਪਹੁੰਚਾਉਣ ਲਈ ਵਿ਼ਸ਼ੇਸ਼ ਉਪਰਾਲੇ ਕਰਨ ਦੀ ਲੋੜ ਹੈ ਜਿਸ ਲਈ ਸ਼ੋਸ਼ਲ ਮੀਡੀਆਂ ਅਤੇ ਸਕੂਲ ਅਧਿਆਪਕ ਅਹਿਮ ਭੂਮਿਕਾ ਨਿਭਾ ਸਕਦੇ ਹਨ। ਉਨ੍ਹਾਂ ਸਰਕਾਰੀ ਸਕੂਲਾਂ ਦੇ ਮਿਹਨਤੀ ਵਿਦਿਆਰਥੀਆਂ ਅਤੇ ਉਨ੍ਹਾ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਨ ਲਈ ਵੱਖ ਵੱਖ ਸਾਧਨਾਂ ਦੀ ਵਰਤੋਂ ਕਰਨ ਲਈ ਅਗਵਾਈ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਨਤੀਜਾ ਪਿਛਲੇ ਸਾਲ ਹੋਰ ਪ੍ਰਦੇਸ਼ਾਂ ਦੇ ਨਤੀਜਿਆਂ ਨਾਲੋਂ ਬਿਹਤਰ ਰਿਹਾ ਸੀ ਜਿਸ ਦਾ ਪ੍ਰਚਾਰ ਸਕੂਲ ਮੁਖੀਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਉਤਸ਼ਾਹ ਦੇ ਰਿਹਾ ਹੈ ਅਤੇ ਇਸ ਵਾਰ ਉਹ ਮਿਸ਼ਨ ਸ਼ਤ-ਪ੍ਰਤੀਸ਼ਤ ਨੂੰ ਸਨਮੁੱਖ ਰੱਖਦਿਆਂ ਸਵੇਰੇ ਅਤੇ ਸ਼ਾਮ ਵਾਧੂ ਕਲਾਸਾਂ ਲਗਾ ਰਹੇ ਹਨ ਅਤੇ ਛੁੱਟੀ ਵਾਲੇ ਦਿਨ ਵੀ ਬੋਰਡ ਦੀਆਂ ਜਮਾਤਾਂ ਦੇ ਵਿਦਿਆਰਥੀਆਂ ਨੂੰ ਪੜ੍ਹਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡ ਰਹੇ। ਉਨ੍ਹਾਂ ਪੂਰਨ ਵਿ਼ਸ਼ਵਾਸ ਜਿਤਾਇਆ ਕਿ ਇਸ ਵਾਰ ਉਮੀਦ ਅਨੁਸਾਰ ਵਧੀਆ ਨਤੀਜੇ ਆਉਣਗੇ ਪਰ ਇਹ ਵੀ ਧਿਆਨ ਰੱਖਣਾ ਪਵੇਗਾ ਕਿ ਬਾਕੀ ਰਹਿੰਦੇ ਦਿਨਾਂ ਵਿੱਚ ਸਕੂਲ ਮੁਖੀ ਅਤੇ ਅਧਿਆਪਕ ਓਵਰ-ਕਾਨਫੀਡੈਂਟ ਨਾ ਹੋ ਜਾਣ। ਉਨ੍ਹਾਂ ਕਿਹਾ ਕਿ ਇਹੀ ਕਾਰਨ ਹੈ ਕਿ ਉਹ ਵਿਦਿਆਰਥੀਆਂ ਦੇ ਭਲੇ ਲਈ ਨਿਰੰਤਰ ਸਿੱਖਿਆ ਅਧਿਕਾਰੀਆਂ ਨਾਲ ਵੱਖ ਵੱਖ ਜਿਲ੍ਹਿਆਂ ਦੇ ਦੌਰੇ ਕਰ ਰਹੇ ਹਨ।

ਇਸ ਮੌਕੇ ਡਾ. ਜਰਨੈਲ ਸਿੰਘ ਕਾਲੇਕੇ, ਸਹਾਇਕ ਡਾਇਰੈਕਟਰ ਟਰੇਨਿੰਗਾਂ, ਸਵਰਨਜੀਤ ਕੌਰ ਜਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ), ਸਰਬਜੀਤ ਸਿੰਘ ਉਪ ਜਿਲ੍ਹਾ ਸਿੱਖਿਆ ਅਫ਼ਸਰ ਸੰਗਰੂਰ, ਪ੍ਰਿੰ. ਜਤਿੰਦਰਪਾਲ ਸ਼ਰਮਾ ਸਸਸਸਸ ਸਿਆੜ, ਵੱਖ ਵੱਖ ਸਕੂਲਾਂ ਦੇ ਪ੍ਰਿੰਸੀਪਲ ਅਤੇ ਮੁੱਖ ਅਧਿਆਪਕ, ਜਿਲ੍ਹਾ ਮੈਂਟਰ ਹਰਮਨਦੀਪ ਸਿੰਘ, ਪ੍ਰਦੀਪ ਸਿੰਘ, ਰਾਕੇਸ਼ ਗਰਗ, ਜਸਵੀਰ ਸਿੰਘ, ਗੁਰਕਿਰਪਾਲ ਸਿੰਘ, ਸੰਜੀਵ ਕੁਮਾਰ, ਸੁਬੋਧ ਕੁਮਾਰ ਵਰਮਾ ਅਤੇ ਵੱਖ ਵੱਖ ਵਿਸ਼ਿਆਂ ਦੇ ਬਲਾਕ ਮੈਂਟਰ ਹਾਜਰ ਸਨ।