ਓਟਾਵਾ, ਲਿਬਰਲ ਐੱਮ.ਪੀ. ਸ਼ੈਰੀ ਰੋਮਾਨਾਡੋ ਨੇ ਕੰਜ਼ਰਵੇਟਿਵ ਐੱਮ.ਪੀ. ਜੇਮਜ਼ ਬੇਜ਼ਨ ਉੱਤੇ ਭੱਦੀਆਂ ਟਿੱਪਣੀਆਂ ਕਰਨ ਅਤੇ ਅਸਿੱਧੇ ਤੌਰ ਉੱਤੇ ਛੇੜਛਾੜ ਕਰਨ ਦੇ ਦੋਸ਼ ਲਾਏ ਹਨ। ਸੋਮਵਾਰ ਨੂੰ ‘ਹਾਊਸ ਆਫ ਕਾਮਨਜ਼’ ਵਿੱਚ ਪ੍ਰਸ਼ਨ ਕਾਲ ਤੋਂ ਬਾਅਦ ਰੋਮਾਨਾਡੋ ਨੇ ਕਿਹਾ ਕਿ ਮਈ ਵਿੱਚ ਸੇਲਕਿਰਕ-ਇੰਟਰਲੇਕ-ਈਸਟਮੈਨ ਤੋਂ ਮੈਂਬਰ ਨੇ ਜਨਤਕ ਤੌਰ ਉੱਤੇ ਉਸ ‘ਤੇ ਭੱਦੀਆਂ ਟਿੱਪਣੀਆਂ ਕੀਤੀਆਂ ਜਿਸ ਕਾਰਨ ਉਸ ਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ। ਕਿਊਬਿਕ ਤੋਂ ਇਸ ਐੱਮ.ਪੀ. ਨੇ ਦੱਸਿਆ ਕਿ ਇਸ ਤਰ੍ਹਾਂ ਦੀਆਂ ਟਿੱਪਣੀਆਂ ਕਾਰਨ ਉਸ ਨੂੰ ਤਣਾਅ ਹੋ ਗਿਆ ਤੇ ਉਸ ਦੇ ਕੰਮ ਵਾਲੇ ਮਾਹੌਲ ਉੱਤੇ ਵੀ ਇਨ੍ਹਾਂ ਦਾ ਨਕਾਰਾਤਮਕ ਅਸਰ ਪਿਆ।
ਬੇਜ਼ਨ, ਜੋ ਕਿ ਮੈਨੀਟੋਬਾ ਹਲਕੇ ਦੀ ਅਗਵਾਈ ਕਰਦੇ ਹਨ, ਨੇ ਦਿਨ ਵੇਲੇ ਰੋਮਾਨਾਡੋ ਤੋਂ ਮੁਆਫੀ ਵੀ ਮੰਗੀ। ਹਾਊਸ ਆਫ ਕਾਮਨਜ਼ ਵਿੱਚ ਮੰਗੀ ਮੁਆਫੀ ਵਿੱਚ ਉਨ੍ਹਾਂ ਰੋਮਾਨਾਡੋ ਦੀ ਮੌਜੂਦਗੀ ਵਿੱਚ ਅਢੁਕਵੀਆਂ ਤੇ ਅਸੰਵੇਦਨਸ਼ੀਲ ਟਿੱਪਣੀਆਂ ਕਰਨ ਦੀ ਗੱਲ ਕਬੂਲੀ ਪਰ ਉਨ੍ਹਾਂ ਇਹ ਵੀ ਆਖਿਆ ਕਿ ਉਨ੍ਹਾਂ ਦੇ ਮਨ ਵਿੱਚ ਅਜਿਹੀ ਕੋਈ ਗੱਲ ਨਹੀਂ ਹੈ ਸਗੋਂ ਇਸ ਮੈਂਬਰ ਲਈ ਅਤੇ ਇਸ ਸੰਸਥਾ ਲਈ ਸਤਿਕਾਰ ਹੀ ਹੈ। ਇਸ ਲਈ ਉਨ੍ਹਾਂ ਮੁਆਫੀ ਵੀ ਮੰਗੀ।
ਇੱਕ ਬਿਆਨ ਵਿੱਚ ਬੇਜ਼ਨ ਨੇ ਆਖਿਆ ਕਿ ਇਹ ਟਿੱਪਣੀਆਂ 2 ਮਈ ਨੂੰ ਓਟਾਵਾ ਸਿਟੀ ਹਾਲ ਵਿੱਚ ਇੱਕ ਜਨਤਕ ਸਮਾਰੋਹ ਦੌਰਾਨ ਉਦੋਂ ਕੀਤੀਆਂ ਗਈਆਂ ਸਨ ਜਦੋਂ ਉਹ ਦੋਵੇਂ ਇੱਕ ਹੋਰ ਵਿਅਕਤੀ ਨਾਲ ਤਸਵੀਰਾਂ ਖਿਚਵਾ ਰਹੇ ਸਨ। ਉਸ ਸ਼ਾਮ ਓਟਾਵਾ ਸਿਟੀ ਹਾਲ “ਟੂ ਦਿ ਸਟੇਨ ਐਂਡ ਬੈਕ” ਨਾਂ ਦਾ ਸਲਾਨਾ ਕਰਵਾਇਆ ਜਾਣ ਵਾਲਾ ਫੰਡਰੇਜ਼ਰ ਸਮਾਗਮ ਕਰਵਾ ਰਿਹਾ ਸੀ। ਉਸ ਸਮਾਗਮ ਨੇ ਇਸ ਲਈ ਸੁਰਖੀਆਂ ਬਟੋਰੀਆਂ ਸਨ ਕਿਉਂਕਿ ਰੱਖਿਆ ਮੰਤਰੀ ਹਰਜੀਤ ਸੱਜਣ, ਜਿਨ੍ਹਾਂ ਨੇ ਉਸ ਮੌਕੇ ਬੋਲਣਾ ਸੀ, ਮਦੂਸਾ ਆਪਰੇਸ਼ਨ ਵਿੱਚ ਆਪਣੀ ਭੂਮੀਕਾ ਨੂੰ ਲੈ ਕੇ ਕੀਤੀਆਂ ਟਿੱਪਣੀਆਂ ਕਾਰਨ ਵਿਵਾਦ ਵਿੱਚ ਘਿਰ ਗਏ ਸਨ।
ਬੇਜ਼ਨ ਨੇ ਕਿਹਾ ਕਿ ਤਸਵੀਰ ਖਿਚਵਾਉਣ ਸਮੇਂ ਉਨ੍ਹਾਂ ਕਿਹਾ ਸੀ “ਤਿੰਨਾਂ ਨਾਲ ਅਜਿਹਾ ਕਰਨਾ ਮੇਰਾ ਆਈਡੀਆ ਨਹੀਂ ਸੀ”, ਇਸ ਤੋਂ ਭਾਵ ਲਿਬਰਲ ਮੈਂਬਰ ਨਾਲ ਤਸਵੀਰ ਖਿਚਵਾਉਣ ਤੋਂ ਸੀ। ਬਾਅਦ ਵਿੱਚ ਉਨ੍ਹਾਂ ਨੂੰ ਧਿਆਨ ਆਇਆ ਕਿ ਇਹ ਟਿੱਪਣੀ ਸਹੀ ਨਹੀਂ ਸੀ ਕਿਉਂਕਿ ਇਸ ਦਾ ਹੋਰ ਮਤਲਬ ਵੀ ਨਿਕਲ ਰਿਹਾ ਸੀ। ਉਨ੍ਹਾਂ ਆਖਿਆ ਕਿ ਅਗਲੇ ਦਿਨ ਉਨ੍ਹਾਂ ਮੁਆਫੀ ਮੰਗਣ ਦੀ ਕੋਸ਼ਿਸ਼ ਵੀ ਕੀਤੀ ਪਰ ਗੱਲ ਨਹੀਂ ਬਣੀ। ਇਸ ਸਬੰਧ ਵਿੱਚ ਚੀਫ ਹਿਊਮਨ ਰਿਸੋਰਸਜ਼ ਅਧਿਕਾਰੀ (ਸੀਐਚਆਰਓ) ਨੂੰ 10 ਮਈ ਨੂੰ ਰਸਮੀ ਸ਼ਿਕਾਇਤ ਮਿਲ ਗਈ ਸੀ। ਬੇਜ਼ਨ ਨੇ ਦੱਸਾਆ ਕਿ ਇਹ ਗੱਲ ਉਨ੍ਹਾਂ ਦੇ ਧਿਆਨ ਵਿੱਚ ਆਉਂਦੇ ਸਾਰ ਹੀ ਉਨ੍ਹਾਂ ਮੁਆਫੀ ਮੰਗਣ ਲਈ ਕਿਸੇ ਨੂੰ ਵਿਚੋਲਗੀ ਕਰਨ ਲਈ ਵੀ ਆਖਿਆ ਪਰ ਗੱਲ ਨਹੀਂ ਬਣ ਸਕੀ। ਫਿਰ ਦੋਵਾਂ ਪਾਰਟੀਆਂ ਦੇ ਵਿਪਜ਼ ਦੀ ਸਹਿਮਤੀ ਨਾਲ ਉਨ੍ਹਾਂ ਆਪਣੀ ਸਾਥੀ ਮੈਂਬਰ ਤੋਂ ਮੁਆਫੀ ਮੰਗੀ।