ਜਲੰਧਰ, 13 ਅਪਰੈਲ
ਭਗਤ ਸਿੰਘ ਕਲੋਨੀ ਵਿੱਚੋਂ ਇੱਕ ਦਿਨ ਪਹਿਲਾਂ ਲਾਪਤਾ ਹੋਏ 9 ਸਾਲ ਦੇ ਰਾਹੁਲ ਉਰਫ਼ ਆਸ਼ੂ ਦੀ ਲਾਸ਼ ਅੱਜ ਸੀਵਰੇਜ ਦੇ ਡਿਸਪੋਜ਼ਲ ਖੂਹ ਵਿੱਚੋਂ ਮਿਲੀ ਹੈ। ਪੰਜਾਹ ਫੁੱਟ ਡੂੰਘਾ ਇਹ ਖੂਹ ਬੱਚੇ ਦੇ ਘਰ ਤੋਂ ਮਹਿਜ 150 ਮੀਟਰ ਦੂਰ ਹੈ। ਇਸ ਖੂਹ ਵਿੱਚ 15 ਤੋਂ 20 ਫੁੱਟ ਤੱਕ ਪਾਣੀ ਰਹਿੰਦਾ ਹੀ ਹੈ। ਬੱਚੇ ਦੀ ਭਾਲ ਲਈ ਜਦੋਂ ਨਗਰ ਨਿਗਮ ਦੇ ਸੀਵਰਮੈਨ ਅੱਜ ਖੂਹ ਵਿੱਚ ਉਤਰੇ ਤਾਂ ਉਨ੍ਹਾਂ ਨੂੰ ਲਾਸ਼ ਮਿਲ ਗਈ। ਬੀਤੀ ਰਾਤ ਤੋਂ ਹੀ ਬੱਚੇ ਦੀ ਭਾਲ ਕੀਤੀ ਜਾ ਰਹੀ ਹੈ। ਜਿੱਥੋਂ ਇਹ ਲਾਸ਼ ਮਿਲੀ ਹੈ, ਉਸ ਖੂਹ ਦੁਆਲੇ ਬਕਾਇਦਾ ਗਰਿੱਲ ਲੱਗੀ ਹੋਈ ਹੈ।
ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਕੌਂਸਲਰ ਕਸਤੂਰੀ ਲਾਲ ਦਾ 9 ਸਾਲ ਦਾ ਪੋਤਰਾ ਰਾਹੁਲ ਦੋ ਵਜੇ ਸਕੂਲ ਤੋਂ ਆਇਆ ਸੀ ਤੇ ਰੋਜ਼ ਵਾਂਗ ਆਪਣੀ ਸਾਈਕਲ ’ਤੇ ਖੇਡਣ ਲਈ ਚਲਾ ਗਿਆ। ਦੇਰ ਸ਼ਾਮ ਤੱਕ ਜਦੋਂ ੳੁਹ ਘਰ ਨਾ ਪਰਤਿਆ ਤਾਂ ਪਰਿਵਾਰ ਨੇ ੳੁਸਦੀ ਭਾਲ ਸ਼ੁਰੂ ਕੀਤੀ। ਉਸ ਦਾ ਸਾਈਕਲ ਗੰਦੇ ਨਾਲੇ ਕੋਲੋਂ ਬਰਾਮਦ ਹੋ ਗਿਆ ਸੀ ਪਰ ਰਾਹੁਲ ਦਾ ਕੁਝ ਪਤਾ ਨਹੀਂ ਸੀ ਲੱਗ ਰਿਹਾ। ਇਹ ਸਮਝਿਆ ਜਾ ਰਿਹਾ ਸੀ ਕਿ ਕਿਸੇ ਨੇ ਬੱਚੇ ਨੂੰ ਅਗਵਾ ਕਰ ਲਿਆ ਹੈ ਪਰ ਕਸਤੂਰੀ ਲਾਲ ਨੇ ਕਿਸੇ ’ਤੇ ਵੀ ਸ਼ੱਕ ਜ਼ਾਹਰ ਨਹੀਂ ਕੀਤਾ ਸੀ। ਪੁਲੀਸ ਨੇ ਥਾਣਾ ਡਿਵੀਜ਼ਨ ਨੰਬਰ ਇੱਕ ਵਿੱਚ ਬੱਚੇ ਦੇ ਲਾਪਤਾ ਹੋਣ ਦਾ ਪਰਚਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਸੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲੀਸ ਅਧਿਕਾਰੀ ਮੌਕੇ ’ਤੇ ਪਹੁੰਚ ਗਏ ਸਨ। ਪੁਲੀਸ ਨੇ ਆਲੇ-ਦੁਆਲੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਘਾਲੀ।
ਕੇਂਦਰੀ ਵਿਦਿਆਲਾ ਸੂਰਾਨੁਸੀ ਦੇ ਸਕੂਲ ਵਿੱਚ ਚੌਥੀ ਜਮਾਤ ਵਿੱਚ ਪੜ੍ਹਦੇ ਰਾਹੁਲ ਦੀ ਲਾਸ਼ ਮਿਲਣ ਨਾਲ ਇਲਾਕੇ ਵਿੱਚ ਸੋਗ ਫੈਲ ਗਿਆ ਹੈ। ਰਾਹੁਲ ਦੇ ਮਾਤਾ-ਪਿਤਾ ਦੋਵੇਂ ਹੀ ਅਧਿਆਪਕ ਹਨ। ਪੁਲੀਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬੱਚੇ ਦੀ ਮੌਤ ਡੁੱਬਣ ਨਾਲ ਹੋਈ ਹੈ। ਡਾਕਟਰਾਂ ਦੀ ਰਿਪੋਰਟ ਮੁਤਾਬਿਕ ਬੱਚੇ ਨੂੰ ਪਹਿਲਾਂ ਮਾਰ ਕੇ ਨਹੀਂ ਸੁੱਟਿਆ ਗਿਆ ਸੀ। ਉਸ ਦੇ ਸਿਰ ਵਿੱਚ ਕਿਧਰੇ ਵੀ ਸੱਟ ਦਾ ਕੋੲੀ ਨਿਸ਼ਾਨ ਨਹੀਂ ਸੀ ਤੇ ੳੁਸਦੇ ਕੱਪਡ਼ੇ ਵੀ ਕਿਧਰੋਂ ਫਟੇ ਹੋਏ ਨਹੀਂ ਸੀ।
ਮੇਅਰ ਜਗਦੀਸ਼ ਰਾਜਾ ਨੇ ਘਟਨਾ ’ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਸ਼ਹਿਰ ਵਿੱਚ 26 ਦੇ ਕਰੀਬ ਸੀਵਰੇਜ ਵਾਲੇ ਖੂਹ ਹਨ, ਜਿਨ੍ਹਾਂ ਨੂੰ ਉਪਰ ਤੋਂ ਢਕਿਆ ਜਾਵੇਗਾ ਤਾਂ ਜੋ ਮੁੜ ਅਜਿਹੀ ਮਾੜੀ ਘਟਨਾ ਨਾ ਵਾਪਰੇ।