ਜਲੰਧਰ, 7 ਨਵੰਬਰ
ਅਮਰੀਕਾ ਪਹੁੰਚਣ ਤੋਂ ਪਹਿਲਾਂ ਰਾਹ ’ਚੋਂ ਹੀ ਲਾਪਤਾ ਹੋਏ 6 ਨੌਜਵਾਨਾਂ ਦੇ ਮਾਮਲੇ ’ਚ ਟ੍ਰੈਵਲ ਏਜੰਟਾਂ ਖ਼ਿਲਾਫ਼ ਸ਼ਿਕੰਜਾ ਕਸਣਾ ਸ਼ੁਰੂ ਹੋ ਗਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਪੁਲੀਸ ਨੂੰ ਟ੍ਰੈਵਲ ਏਜੰਟਾਂ ਵਿਰੁੱਧ ਸ਼ਖਤੀ ਦੀਆਂ ਹਦਾਇਤਾਂ ਕੀਤੀਆਂ ਹਨ। ਉਧਰ ਪੁਲੀਸ ਅਧਿਕਾਰੀਆਂ ਨੇ ਪੀੜਤ ਮਾਪਿਆਂ ਨੂੰ ਟ੍ਰੈਵਲ ਏਜੰਟ ਵਿਰੁੱਧ ਸ਼ਿਕਾਇਤ ਕਰਨ ਲਈ ਕਿਹਾ ਹੈ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵੱਲੋਂ ਟਵੀਟ ਰਾਹੀਂ ਕੈਪਟਨ ਨੂੰ ਧੋਖੇਬਾਜ਼ ਤੇ ਗੁਮਰਾਹ ਕਰਨ ਵਾਲੇ ਟ੍ਰੈਵਲ ਏਜੰਟਾਂ ਵਿਰੁੱਧ ਅਪਰਾਧਿਕ ਮਾਮਲੇ ਦਰਜ ਕਰਨ ਦੀ ਅਪੀਲ ਮਗਰੋਂ ਇਹ ਕਾਰਵਾਈ ਹੋਈ ਹੈ। ਜ਼ਿਕਰਯੋਗ ਹੈ ਕਿ ਕਪੂਰਥਲਾ, ਹੁਸ਼ਿਆਰਪੁਰ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਨਾਲ ਸਬੰਧਤ ਇਨ੍ਹਾਂ ਨੌਜਵਾਨਾਂ ਦੀ ਕੋਈ ਉੱਘ-ਸੁੱਘ ਨਹੀਂ ਲੱਗ ਰਹੀ। ਉਨ੍ਹਾਂ ਆਪਣੇ ਘਰਾਂ ਵਿੱਚ ਆਖਰੀ ਵਾਰ 2 ਅਗਸਤ ਨੂੰ ਸੰਪਰਕ ਕੀਤਾ ਸੀ। ਲਾਪਤਾ ਹੋਏ ਨੌਜਵਾਨਾਂ ਵਿੱਚੋਂ ਦੋ ਜਣੇ ਭੁਲੱਥ ਹਲਕੇ ਦੇ ਪਿੰਡਾਂ ਦੇ ਹਨ ਜਦਕਿ ਤਿੰਨ ਜਣੇ ਮੁਕੇਰੀਆਂ ਇਲਾਕੇ ਦੇ ਪਿੰਡਾਂ ਦੇ ਹਨ। ਅਬਦੁੱਲਾ ਪਿੰਡ ਦੇ ਇੰਦਰਜੀਤ ਸਿੰਘ  (23) ਦੀ ਭੈਣ ਸਤਵਿੰਦਰ ਕੌਰ ਨੇ ਦੱਸਿਆ ਕਿ ਮਹਿੰਦੀਪੁਰ ਦੇ ਟ੍ਰੈਵਲ ਏਜੰਟ ਸੁਖਵਿੰਦਰ ਸਿੰਘ ਨਾਲ 35 ਲੱਖ ਵਿੱਚ ਗੱਲ ਮੁੱਕੀ  ਸੀ ਅਤੇ 12 ਲੱਖ ਪੇਸ਼ਗੀ ਵਜੋਂ ਦਿੱਤੇ ਸਨ। ਇੰਦਰਜੀਤ ਦੀ ਮਾਤਾ ਸੁਖਵਿੰਦਰ ਕੌਰ ਨੇ ਹਲਫੀਆ ਬਿਆਨ ਵਿੱਚ ਕਿਹਾ ਕਿ ਟ੍ਰੈਵਲ ਏਜੰਟ ਨੇ ਮਈ ਦੇ ਪਹਿਲੇ ਹਫ਼ਤੇ ਉਨ੍ਹਾਂ ਦੇ ਘਰ ਆ ਕੇ ਕਿਹਾ ਸੀ ਕਿ ਉਨ੍ਹਾਂ ਦੇ ਮੁੰਡੇ ਨੂੰ ਪੰਜਾਂ ਦਿਨਾਂ ਵਿੱਚ ਹੀ ਕਾਨੂੰਨੀ ਢੰਗ ਨਾਲ ਅਮਰੀਕਾ ਪਹੁੰਚਾ ਦਿੱਤਾ ਜਾਵੇਗਾ। ਉਸ ਵੱਲੋਂ ਦਿੱਲੀ ਦੇ ਟ੍ਰੈਵਲ ਏਜੰਟ ਤਰੁਣ ਖੋਸਲਾ ਦੇ ਬੈਂਕ ਖਾਤੇ ਵਿੱਚ ਪੈਸੇ ਪੁਆਏ ਗਏ ਸਨ। ਹਲਫੀਆ ਬਿਆਨ ਵਿੱਚ ਇਕ ਔਰਤ ਟ੍ਰੈਵਲ ਏਜੰਟ ਦਾ ਵੀ ਜ਼ਿਕਰ ਕੀਤਾ ਗਿਆ ਹੈ, ਜਿਹੜੀ ਮੁੰਡਿਆਂ ’ਤੇ ਤਸ਼ੱਦਦ ਕਰਦੀ ਸੀ। ਸਤਵਿੰਦਰ ਕੌਰ ਨੇ ਦੱਸਿਆ ਕਿ 27 ਮਈ ਨੂੰ ਇੰਦਰਜੀਤ ਸਿੰਘ ਦਿੱਲੀ ਤੋਂ ਅਮਰੀਕਾ ਲਈ ਰਵਾਨਾ ਹੋਇਆ ਸੀ। ਬਹਾਮਸ ਤੋਂ ਉਨ੍ਹਾਂ ਦੀ ਗੱਲ ਹੋਈ ਸੀ ਪਰ ਹੁਣ ਲੰਮੇ ਸਮੇਂ ਤੋਂ ਉਨ੍ਹਾਂ ਦੀ ਗੱਲ ਨਹੀਂ ਹੋ ਰਹੀ। ਟ੍ਰੈਵਲ ਏਜੰਟ ਨੇ 2 ਅਗਸਤ ਨੂੰ ਆ ਕੇ ਉਨ੍ਹਾਂ ਨੂੰ ਮੁੰਡਿਆਂ ਦੇ  ਅਮਰੀਕਾ ਪਹੁੰਚਣ ਦੀਆਂ ਵਧਾਈਆਂ ਦਿੱਤੀਆਂ ਸਨ ਪਰ ਜਦੋਂ ਉਸ ਨੂੰ ਮੁੰਡਿਆਂ ਨਾਲ ਗੱਲ ਕਰਵਾਉਣ ਲਈ ਕਿਹਾ ਗਿਆ ਤਾਂ ਉਹ ਆਨਾਕਾਨੀ ਕਰਨ ਲੱਗ ਪਿਆ। ਉਨ੍ਹਾਂ ਕਿਹਾ ਕਿ ਹੁਣ ਜਦੋਂ ਟ੍ਰੈਵਲ ਏਜੰਟ ਨਾਲ ਗੱਲ ਕਰਨ ਜਾਂਦੇ ਹਨ ਤਾਂ ਉਹ ਧਮਕੀਆਂ ਦਿੰਦਾ ਹੈ ਕਿ ਜੋ ਕਰਨਾ ਕਰ ਲਓ। ਮੁਕੇਰੀਆਂ ਦੇ ਹੀ ਪਿੰਡ ਪੁਰੀਕਾ ਦਾ ਸਰਬਜੀਤ ਸਿੰਘ (26) ਵੀ ਇੰਦਰਜੀਤ ਸਿੰਘ ਨਾਲ ਹੀ ਅਮਰੀਕਾ ਲਈ ਗਿਆ ਸੀ। ਉਸ ਦੀ ਮਾਤਾ  ਸਤਪਾਲ ਕੌਰ ਨੇ ਦੱਸਿਆ ਕਿ ਟ੍ਰੈਵਲ ਏਜੰਟ ਹੁਣ ਉਨ੍ਹਾਂ ਦੇ ਹੱਥ ਪੱਲੇ ਕੁਝ ਨਹੀਂ ਫੜਾ ਰਿਹਾ। ਸਰਬਜੀਤ ਸਿੰਘ ਦਾ ਪਿਤਾ ਸਾਬਕਾ ਫੌਜੀ ਹੈ ਤੇ ਉਹ ਇਟਲੀ ਗਿਆ ਹੋਇਆ ਹੈ। ਇਨ੍ਹਾਂ ਨੌਜਵਾਨਾਂ ਨਾਲ ਹੀ ਬਿਆਨਪੁਰ ਦਾ ਗੁਰਦੀਪ ਸਿੰਘ ਵੀ ਅਮਰੀਕਾ ਲਈ ਰਵਾਨਾ ਹੋਇਆ ਸੀ। ਕਰਪੂਥਲਾ ਜ਼ਿਲ੍ਹੇ ਦੇ ਪਿੰਡ ਮਾਨਾ ਤਲਵੰਡੀ  ਦੇ ਨਵਦੀਪ ਸਿੰਘ (19) ਅਤੇ ਭੰਡਾਲ ਦੋਨੇ ਵਾਸੀ ਉਸ ਦੇ ਰਿਸ਼ਤੇਦਾਰ ਜਸਪ੍ਰੀਤ ਸਿੰਘ ਨੇ ਟ੍ਰੈਵਲ ਏਜੰਟ ਨੂੰ 52 ਲੱਖ ਰੁਪਏ  ਦਿੱਤੇ ਸਨ। ਦੋਵਾਂ ਨੇ ਸਾਰੇ ਪੈਸੇ  ਖੱਸਣ ਪਿੰਡ ਦੇ ਰਣਜੀਤ ਸਿੰਘ ਰਾਣਾ ਨਾਂ ਦੇ ਟ੍ਰੈਵਲ ਏਜੰਟ ਨੂੰ ਦਿੱਤੇ ਸਨ। ਨਵਦੀਪ ਸਿੰਘ ਦੇ ਪਿਤਾ ਪਰਗਟ ਸਿੰਘ ਨੇ ਦੱਸਿਆ ਕਿ ਟ੍ਰੈਵਲ ਏਜੰਟ ਰਣਜੀਤ ਸਿੰਘ ਰਾਣਾ ਨੇ ਜਨਵਰੀ ’ਚ ਹੀ ਸਾਰੇ ਪੈਸੇ ਲੈਣ ਉਪਰੰਤ ਦੋਹਾਂ ਨੂੰ ਅਮਰੀਕਾ ਲਈ ਰਵਾਨਾ ਕੀਤਾ ਸੀ। ਉਸ ਦਾ ਭਾਜਣਾ ਜਸਪ੍ਰੀਤ ਸਿੰਘ ਵੀ ਨਾਲ ਹੀ ਗਿਆ ਸੀ। ਤਿੰਨ ਮਹੀਨੇ ਪਹਿਲਾਂ ਬਹਾਮਸ ਤੋਂ ਮੁੰਡਿਆਂ ਨਾਲ ਗੱਲ ਹੋਈ ਸੀ ਪਰ ਹੁਣ ਕੋਈ ਥਹੁ ਪਤਾ ਨਹੀਂ ਲੱਗ ਰਿਹਾ। ਪਰਗਟ ਸਿੰਘ ਨੇ ਇਹ ਵੀ ਦੱਸਿਆ ਕਿ ਅੰਮ੍ਰਿਤਸਰ ਦਾ ਰਹਿਣ ਵਾਲਾ ਜਸਵਿੰਦਰ ਸਿੰਘ ਵੀ ਉਨ੍ਹਾਂ ਦੇ ਬੱਚਿਆਂ ਨਾਲ ਗਿਆ ਸੀ ਜਿਸ ਨੇ 32 ਲੱਖ ਰੁਪਏ ਦਿੱਤੇ ਸਨ। ਜਾਣਕਾਰੀ ਅਨੁਸਾਰ ਦੋਆਬੇ ਦੇ ਹੋਰ ਪਿੰਡਾਂ ਦੇ ਨੌਜਵਾਨਾਂ ਦੇ ਇਸ ਗਰੁੱਪ ਵਿਚ ਸ਼ਾਮਲ ਹੋਣ ਦਾ ਅੰਦੇਸ਼ਾ ਜਤਾਇਆ ਜਾ ਰਿਹਾ ਹੈ ਪਰ ਅਜੇ ਤਕ ਪੰਜ ਨੌਜਵਾਨਾਂ ਦੇ ਪਰਿਵਾਰ ਹੀ ਸਾਹਮਣੇ ਆਏ ਹਨ।