ਲਿਸਬਨ, ਸਟਰਾਈਕਰ ਕ੍ਰਿਸਟਿਆਨੋ ਰੋਨਾਲਡੋ ਨੇ ਟੀਮ ਵਿੱਚ ਵਾਪਸੀ ਕਰਦਿਆਂ ਅੱਜ ਇੱਥੇ 150ਵਾਂ ਕੌਮਾਂਤਰੀ ਮੈਚ ਖੇਡਿਆ। ਇਸ ਵਿੱਚ ਪੁਰਤਗਾਲ ਨੇ ਵਿਸ਼ਵ ਕੱਪ ਅਭਿਆਸ ਮੈਚ ਦੌਰਾਨ ਅਲਜੀਰੀਆ ’ਤੇ 3-0 ਗੋਲਾਂ ਨਾਲ ਜਿੱਤ ਦਰਜ ਕੀਤੀ। ਮੈਚ ਦੌਰਾਨ ਪੈਰਿਸ ਸੈਂਟ ਜਰਮਨ ਕਲੱਬ ਦੇ ਫਾਰਵਰਡ ਗੋਂਕਾਲੋ ਗੁਏਡਸ ਨੇ ਦੋ ਅਤੇ ਸਪੋਰਟਿੰਗ ਲਿਸਬਨ ਮਿਡਫੀਲਡਰ ਬਰੂਨੋ ਫਰਨਾਂਡਿਜ਼ ਨੇ ਇੱਕ ਗੋਲ ਦਾਗ਼ਿਆ। ਯੂਰਪੀ ਚੈਂਪੀਅਨ ਟੀਮ ਲਈ ਇਹ ਜਿੱਤ ਹੌਸਲਾ ਵਧਾਉਣ ਵਾਲੀ ਹੈ ਕਿਉਂਕਿ ਮਾਰਚ ਮਗਰੋਂ ਟੀਮ ਜਿੱਤ ਦਰਜ ਨਹੀਂ ਕਰ ਸਕੀ ਸੀ। ਟੀਮ ਨੇ ਦੋ ਦੋਸਤਾਨਾ ਮੈਚ ਟਿਊਨਿਸ਼ੀਆ ਅਤੇ ਬੈਲਜੀਅਮ ਨਾਲ ਡਰਾਅ ਖੇਡੇ ਸਨ। ਰਿਆਲ ਮਡਰਿਡ ਵੱਲੋਂ ਚੈਂਪੀਅਨਜ਼ ਲੀਗ ਟਰਾਫੀ ਜਿੱਤਣ ਤੋਂ ਬਾਅਦ ਆਰਾਮ ਕਰਨ ਮਗਰੋਂ ਰੋਨਾਲਡੋ ਨੇ ਪੁਰਤਗਾਲ ਲਈ 150ਵਾਂ ਕੌਮਾਂਤਰੀ ਮੈਚ ਖੇਡਿਆ। ਪੁਰਤਗਾਲੀ ਟੀਮ 15 ਜੂਨ ਨੂੰ ਸਪੇਨ ਖਿਲਾਫ਼ ਵਿਸ਼ਵ ਕੱਪ ਮੁਹਿੰਮ ਦੀ ਸ਼ੁਰੂ ਕਰੇਗੀ। ਅਲਜੀਰਿਆਈ ਟੀਮ ਕੁਆਲੀਫਾਈ ਨਹੀਂ ਕਰ ਸਕੀ ਸੀ।