ਲੰਬੀ, ਪੰਜਾਬ ਦੇ ਕਾਂਗਰਸੀਆਂ ਨੇ ਅੱਜ ਸਸਤੀ ਹਰਿਆਣਵੀ ਸ਼ਰਾਬ ਦੀ ਰੱਜ ਕੇ ਖਰੀਦਦਾਰੀ ਕੀਤੀ ਅਤੇ ਮੌਕੇ ’ਤੇ ਲਾਲ ਪਰੀ ਦਾ ਖੂਬ ਸੁਆਦ ਚੱਖਿਆ। ਰੈਲੀ ਮੁੱਕਣ ਮਗਰੋਂ ਮੰਡੀ ਕਿੱਲਿਆਂਵਾਲੀ ਦੀ ਹੱਦ ਉੱਪਰ ਸਥਿਤ ‘ਨਸ਼ਾ ਮੁਕਤ’ ਪੰਜਾਬ ਦੇ ਕਾਂਗਰਸੀਆਂ ਨੇ ਹਰਿਆਣਵੀ ਸ਼ਰਾਬ ਨਾਲ ਲਾਮਿਸਾਲ ਕਾਂਗਰਸੀ ਰੈਲੀ ਦੀ ਸਫ਼ਲਤਾ ਦੇ ਖੂਬ ਜਸ਼ਨ ਮਨਾਏ। ਡੱਬਵਾਲੀ ਦੇ ਸ਼ਰਾਬ ਠੇਕਿਆਂ ’ਤੇ ਖਰੀਦਦਾਰਾਂ ਦੀ ਧੱਕੋ-ਮੁੱਕੀ ਅਤੇ ਮਾਰੋ-ਮਾਰੀ ਦਾ ਮਾਹੌਲ ਬਣਿਆ ਹੋਇਆ ਸੀ। ਰੈਲੀ ਮੁੱਕਣ ਮਗਰੋਂ ਮੰਡੀ ਕਿੱਲਿਆਂਵਾਲੀ ਦੀ ਹੱਦ ਉੱਪਰ ਸਥਿਤ ਹਰਿਆਣਵੀ ਸ਼ਰਾਬ ਠੇਕੇ ’ਤੇ ਭੀੜ ਜੁਟਣ ਲੱਗੀ।
ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਨਾਲੋਂ ਅੱਠ ਸੌ ਰੁਪਏ ਪ੍ਰਤੀ ਪੇਟੀ ਸਸਤੀ ਸ਼ਰਾਬ ਕਰਕੇ ਬੱਸਾਂ ’ਤੇ ਲੱਦ ਕੇ ਲਿਆਂਦੇ ਲੋਕਾਂ ਦੇ ‘ਮਾਣ-ਸਤਿਕਾਰ’ ਲਈ ਕਾਂਗਰਸੀ ਡੱਬਿਆਂ ਦੇ ਡੱਬੇ ਸ਼ਰਾਬ ਖਰੀਦਣ ਲੱਗੇ। ਹਾਲਾਂਕਿ ਬਹੁਤਿਆਂ ਨੇ ਠੇਕੇ ਨੇੜੇ ਡੇਰੇ ਲਗਾ ਕੇ ਲੂਣ ਨਾਲ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ। ਬਹੁਤੇ ਕਾਂਗਰਸੀ ਤਾਂ ਸ਼ਰਾਬ ਖਰੀਦਣ ਸਮੇਂ ਆਪਣੇ ਗਲਾਂ ’ਚੋਂ ਕਾਂਗਰਸੀ ਪਰਨੇ ਲਾਹੁਣੇ ਅਤੇ ਹੱਥੋਂ ਕਾਂਗਰਸ ਦੀਆ ਪ੍ਰਾਪਤੀਆਂ ਵਾਲੇ ਪਰਚੇ ਵੀ ਲੁਕਾਉਣਾ ਭੁੱਲ ਗਏ। ਇਨ੍ਹਾਂ ਖਰੀਦਦਾਰਾਂ ਵਿੱਚ ਬਹੁਤੇ ਬਠਿੰਡਾ, ਮੌੜ, ਮਾਨਸਾ ਹਲਕਿਆਂ ਦੇ ਕਾਂਗਰਸੀ ਵਰਕਰ ਸਨ। ਮੌੜ ਖੇਤਰ ਦੇ ਇੱਕ ਕਾਂਗਰਸੀ ਦਾ ਕਹਿਣਾ ਸੀ ਕਿ ਜਿਹੜੇ ਲੋਕਾਂ ਨੂੰ ਰੈਲੀ ’ਚ ਲਿਆਂਦਾ ਹੈ, ਉਨ੍ਹਾਂ ਦਾ ਮਾਣ-ਸਤਿਕਾਰ ਤਾਂ ਕਰਨਾ ਪੈਣਾ ਹੈ। ਅੱਠ ਸੌ ਰੁਪਏ ਪ੍ਰਤੀ ਪੇਟੀ ਦੇਸੀ ਸ਼ਰਾਬ ਨੇ ਸਾਡੀ ਜੇਬ ਦਾ ਬੋਝ ਅਤੇ ਲੱਜ ਦੋਵੇਂ ਬਚਾ ਲਈਆਂ। ਹਰਿਆਣਵੀ ਸ਼ਰਾਬ ਲੈ ਕੇ ਪੰਜਾਬ ’ਚ ਦਾਖਲ ਹੋਣ ਵਾਲੇ ਕਾਂਗਰਸੀਆਂ ਨੂੰ ਫੜਨ ਲਈ ਪੰਜਾਬ ਆਬਕਾਰੀ ਵਿਭਾਗ ਦੇ ਇੰਸਪੈਕਟਰਾਂ ਅਤੇ ਪੁਲੀਸ ਨੇ ਮੋਰਚਾ ਲਗਾ ਰੱਖਿਆ ਸੀ। ਉਨ੍ਹਾਂ ਵੱਲੋਂ ਕੁਝ ਕਾਂਗਰਸੀਆਂ ਤੋਂ ਹਰਿਆਣਵੀ ਸ਼ਰਾਬ ਫੜਨ ਦੀ ਵੀ ਸੂਚਨਾ ਮਿਲੀ ਹੈ। ਪਤਾ ਲੱਗਿਆ ਹੈ ਕਿ ਹਰਿਆਣਵੀ ਠੇਕੇਦਾਰਾਂ ਨੇ ਕਾਂਗਰਸ ਰੈਲੀ ਦੇ ਮੱਦੇਨਜ਼ਰ ਗੋਦਾਮ ’ਚ ਦੇਸੀ ਸ਼ਰਾਬ ਦਾ ਵਾਧੂ ਸਟਾਕ ਲਿਆਂਦਾ ਹੋਇਆ ਸੀ। ਹਰਿਆਣਵੀ ਸ਼ਰਾਬ ਦੀਆਂ ਸਸਤੀਆਂ ਕੀਮਤਾਂ ਦੇ ਦੀਵਾਨੇ ਹੋਏ ਕਾਂਗਰਸੀਆਂ ਦੀ ਘੰਟੇ ਭਰ ਦੀ ਖਰੀਦ ਨੇ ਸ਼ਰਾਬ ਠੇਕੇਦਾਰਾਂ ਦੀ ਮਹੀਨੇ ਦੀ ਵਿਕਰੀ ਦਾ ਕੋਟਾ ਲਗਪਗ ਪੂਰਾ ਕਰ ਦਿੱਤਾ। ਪੰਜਾਬ ਦੇ ਕਾਂਗਰਸੀਆਂ ਵੱਲੋਂ ਸ਼ਰਾਬ ਖਰੀਦਣ ਕਰਕੇ ਰੇਲਵੇ ਓਵਰਬ੍ਰਿੱਜ ਅਤੇ ਡੱਬਵਾਲੀ ਦੇ ਬਠਿੰਡਾ ਚੌਕ ’ਚ ਘੰਟਾ ਭਰ ਜਾਮ ਲੱਗਿਆ ਰਿਹਾ।