ਜਲੰਧਰ, 5 ਫਰਵਰੀ
ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਨੀਲ ਜਾਖੜ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਮੰਨਿਆ ਕਿ ਪੰਜਾਬ ਵਿੱਚ ਰੇਤ ਮਾਫ਼ੀਆਂ ਪੂਰੀ ਤਰ੍ਹਾਂ ਕੰਟਰੋਲ ਨਹੀਂ ਹੋਇਆ ਹਾਲਾਂਕਿ ਸਰਕਾਰ ਇਸ ਨੂੰ ਘਟਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਸ੍ਰੀ ਸਿੱਧੂ ਨੇ ਇਹ ਵੀ ਕਿਹਾ ਕਿ ਹਿਮਾਚਲ ਪ੍ਰਦੇਸ਼ ਵਾਂਗ ਪੰਜਾਬ ਵਿੱਚੋਂ ਵੀ ਗੈਰਕਾਨੂੰਨੀ ਖਣਨ ਨੂੰ ਰੋਕਿਆ ਜਾ ਸਕਦਾ ਹੈ। ਪੰਜਾਬ ਸਰਕਾਰ ਨੇ ਖਣਨ ਤੋਂ 450 ਕਰੋੜ ਰੁਪਏ ਦੀ ਕਮਾਈ ਕੀਤੀ ਹੈ ਜਦਕਿ ਅਕਾਲੀ -ਭਾਜਪਾ ਸਰਕਾਰ ਨੇ 40 ਕਰੋੜ ਦੀ ਕਮਾਈ ਕੀਤੀ ਸੀ। ਸ੍ਰੀ ਸਿੱਧੂ ਨੇ ਕਿਹਾ ਕਿ ਰੇਤ ਤੋਂ ਸੂਬਾ ਸਰਕਾਰ ਦੀ ਕਮਾਈ 3000 ਕਰੋੜ ਰੁਪਏ ਤੱਕ ਹੋ ਸਕਦੀ ਹੈ। ਦੋਵੇਂ ਆਗੂ ਸਰਕਟ ਹਾਊਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਦੋਵਾਂ ਆਗੂਆਂ ਨੇ ਦਾਅਵਾ ਕੀਤਾ ਕਿ ਰੇਤ ਮਾਫ਼ੀਆ ’ਤੇ ਸ਼ਿਕੰਜਾ ਕਸ ਕੇ ਗ਼ੈਰਕਾਨੂੰਨੀ ਖਣਨ ਨੂੰ ਵੱਡੇ ਪੱਧਰ ’ਤੇ ਰੋਕ ਦਿੱਤਾ ਗਿਆ ਹੈ ਪਰ ਇਹ ਅਜੇ ਤੱਕ ਪੂਰੀ ਤਰ੍ਹਾਂ ਨਾਲ ਕੰਟਰੋਲ ਨਹੀਂ ਹੋਇਆ। ਸ੍ਰੀ ਸਿੱਧੂ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਕਰੱਸ਼ਰਾਂ ਤੋਂ 7 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿੱਲ ਲੈ ਰਿਹਾ ਅਤੇ ਜੇਕਰ ਪੰਜਾਬ ਸਰਕਾਰ ਵੀ ਅਜਿਹਾ ਕਰਦੀ ਹੈ ਤਾਂ ਉਸ ਦੇ ਖ਼ਜ਼ਾਨੇ ਵਿੱਚ 1500 ਕਰੋੜ ਰੁਪਏ ਆ ਜਾਣਗੇ। ਉਨ੍ਹਾਂ ਕਿਹਾ ਕਿ ਇਹ ਕੰਮ ਡੰਕੇ ਦੀ ਚੋਟ ’ਤੇ ਕਰਨ ਦਾ ਸਮਾਂ ਆ ਗਿਆ ਹੈ ਤੇ ਉਹ ਹੁਣ ਅਜਿਹਾ ਕਰਨਗੇ ਵੀ। ਸ੍ਰੀ ਸਿੱਧੂ ਨੇ ਕਿਹਾ ਕਿ ਰੇਤ ਦੇ ਟੱਰਕਾਂ ਦਾ ਭਾਰ ਤੋਲਿਆ ਜਾਣਾ ਚਾਹੀਦਾ ਹੈ ਤੇ ਟਰੱਕ ਡਰਾਈਵਰ ਕੋਲ ਭਾਰ ਪਰਚੀ ਹੋਣੀ ਚਾਹੀਦੀ ਹੈ। ਓਵਰਲੋਡ ਵਾਲੇ ਟਰੱਕ ਫੜੇ ਜਾਣੇ ਚਾਹੀਦੇ ਹਨ।
ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਵਿੱਚ ਉਦੋਂ ਹੀ ਪੂੰਜੀ ਨਿਵੇਸ਼ ਹੋਵੇਗਾ ਜਦੋਂ ਇੱਥੇ ਮਾਹੌਲ ਠੀਕ ਹੋਵੇਗਾ। ਕਾਂਗਰਸ ਸਰਕਾਰ ਗੁੰਡਾ ਟੈਕਸ ਨੂੰ ਖ਼ਤਮ ਕਰਨ ਨੂੰ ਯਕੀਨੀ ਬਣਾਏਗੀ। ਸ੍ਰੀ ਜਾਖੜ ਨੇ ਕਿਹਾ ਕਿ ਬਠਿੰਡਾ ਰਿਫਾਈਨਰੀ ਅੰਦਰ ਅਕਾਲੀ ਜਥੇਦਾਰਾਂ ਕੋਲ ਹੀ ਕੰਮ ਹੈ ਅਤੇ ਹੋ ਸਕਦਾ ਹੈ ਕਿ ਉਹ ਕਾਂਗਰਸ ਸਰਕਾਰ ਦਾ ਅਕਸ ਖ਼ਰਾਬ ਕਰਨ ਲਈ ਅਜਿਹਾ ਕਰ ਰਹੇ ਹੋਣ।
ਲੋਕਾਂ ਨੇ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਇਸੇ ਲਈ ਬਣਾਈ ਸੀ ਕਿ ਇੱਥੋਂ ਗੁੰਡਾ ਟੈਕਸ ਤੇ ਗੈਂਗਵਾਰ ਖ਼ਤਮ ਹੋਵੇ। ਟਰੱਕ ਯੂਨੀਅਨਾਂ ਨੂੰ ਭੰਗ ਕਰਨ ਦੇ ਸਰਕਾਰੀ ਫ਼ੈਸਲੇ ਨੂੰ ਦਰੁਸਤ ਦੱਸਦਿਆ ਸ੍ਰੀ ਜਾਖੜ ਨੇ ਕਿਹਾ ਕਿ ਉਹ ਵੀ ਇੱਕ ਤਰ੍ਹਾਂ ਨਾਲ ਗੁੰਡਾ ਟੈਕਸ ਹੀ ਉਗਰਾਹੁੰਦੇ ਸਨ। ਯੂਨੀਅਨਾਂ ਭੰਗ ਹੋਣ ਨਾਲ ਅਬੋਹਰ ਇਲਾਕੇ ਵਿੱਚ ਹਰ ਟਰੱਕ ਪਿੱਛੇ ਕਿਸਾਨਾਂ ਨੂੰ ਘੱਟੋ-ਘੱਟ 5 ਹਜ਼ਾਰ ਰੁਪਏ ਦੀ ਬੱਚਤ ਹੋਣ ਲੱਗ ਪਈ ਹੈ।