ਚੰਡੀਗੜ੍ਹ, ਪੰਜਾਬ ਵਿੱਚ ਰੇਤੇ ਦੀਆਂ ਆਸਮਾਨੀ ਚੜ੍ਹੀਆਂ ਕੀਮਤਾਂ ਤੋਂ ਬਾਅਦ ‘ਮੋਤੀਆਂ ਵਾਲੀ ਸਰਕਾਰ’ ਕਸੂਤੀ ਫਸੀ ਮਹਿਸੂਸ ਕਰ ਰਹੀ ਹੈ। ਇਸ ਮਾਮਲੇ ’ਤੇ ਹੋ ਰਹੀ ਬਦਨਾਮੀ ਦੇ ਦਾਗ਼ ਧੋਣ ਅਤੇ ਲੋਕਾਂ ਨੂੰ ਸਸਤੇ ਭਾਅ ’ਤੇ ਰੇਤਾ ਮੁਹੱਈਆ ਕਰਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇੱਥੇ ਸਥਾਨਕ ਸਰਕਾਰਾਂ ਬਾਰੇ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਹੇਠਲੀ ਕੈਬਨਿਟ ਸਬ ਕਮੇਟੀ ਦੇ ਮੈਂਬਰਾਂ ਅਤੇ ਉਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਸੂਤਰਾਂ ਦਾ ਦੱਸਣਾ ਹੈ ਕਿ ਇਸ ਮੀਟਿੰਗ ਦੌਰਾਨ ਰੇਤ ਖਣਨ ਨੂੰ ਮਾਫ਼ੀਆ ਦੇ ਕੰਟਰੋਲ ਤੋਂ ਮੁਕਤ ਕਰਨ ਜਾਂ ਸਰਕਾਰੀ ਕੰਟਰੋਲ ਹੇਠ ਲਿਆਉਣ ਸਬੰਧੀ ਲੰਮੀ ਵਿਚਾਰ ਚਰਚਾ ਕੀਤੀ ਗਈ। ਮੁੱਖ ਮੰਤਰੀ ਨੇ ਕੈਬਨਿਟ ਸਬ ਕਮੇਟੀ ਨੂੰ ਠੋਸ ਸੁਝਾਵਾਂ ਤਹਿਤ ਜਲਦੀ ਹੀ ਰਿਪੋਰਟ ਦੇਣ ਦੀਆਂ ਹਦਾਇਤਾਂ ਦਿੱਤੀਆਂ ਹਨ। ਸਬ ਕਮੇਟੀ ਵੱਲੋਂ ਸ਼ੁੱਕਰਵਾਰ ਨੂੰ ਮੀਟਿੰਗ ਕੀਤੇ ਜਾਣ ਦੀ ਸੰਭਾਵਨਾ ਹੈ। ਉਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਰੇਤ ਖਣਨ ਦੇ ਮਾਮਲੇ ਵਿੱਚ ਖੁੱਲ੍ਹ ਦੇਣ ਅਤੇ ਸਿਆਸੀ ਲੋਕਾਂ ਦੇ ਦਾਖਲੇ ਕਰ ਕੇ ਕੈਪਟਨ ਸਰਕਾਰ ਨੂੰ ਬਦਨਾਮੀ ਝੱਲਣੀ ਪੈ ਰਹੀ ਹੈ ਤੇ ਹੁਣ ਜੇਕਰ ਸਖ਼ਤੀ ਕੀਤੀ ਗਈ ਤਾਂ ਰੇਤ ਦੀਆਂ ਕੀਮਤਾਂ ਆਸਮਾਨ ਨੂੰ ਚੜ੍ਹ ਗਈਆਂ। ਸੂਤਰਾਂ ਦਾ ਇਹ ਵੀ ਦੱਸਣਾ ਹੈ ਕਿ ਰੇਤ ਖਣਨ ਦਾ ਮਾਮਲਾ ਦਿੱਲੀ ਦਰਬਾਰ ਤੱਕ ਵੀ ਪਹੁੰਚ ਗਿਆ ਹੈ ਜਿਸ ਕਰ ਕੇ ਸਰਕਾਰ ਕੁੰਭਕਰਨੀ ਨੀਂਦ ਤੋਂ ਜਾਗੀ ਹੈ।
ਸੂਤਰਾਂ ਮੁਤਾਬਕ ਮੁੱਖ ਮੰਤਰੀ ਨਾਲ ਅੱਜ ਹੋਈ ਮੀਟਿੰਗ ਦੌਰਾਨ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਦਲੀਲ ਦਿੱਤੀ ਕਿ ਰੇਤ ਨੂੰ ਮਾਫ਼ੀਆ ਅਤੇ ਸਰਕਾਰ ਦੇ ਕੰਟਰੋਲ ਤੋਂ ਮੁਕਤ ਕਰ ਕੇ ਲੋਕਾਂ ਨੂੰ ਖੁੱਲ੍ਹ ਦੇ ਦਿੱਤੀ ਜਾਵੇ। ਉਧਰ, ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਰੇਤ ਨੂੰ ਮਾਫ਼ੀਆ ਦੇ ਕੰਟਰੋਲ ਤੋਂ ਮੁਕਤ ਕਰ ਕੇ ਸਰਕਾਰੀ ਕੰਟਰੋਲ ਰੇਠ ਲਿਆਂਦੇ ਜਾਣ ਦੀ ਜ਼ਰੂਰਤ ਹੈ। ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਇਹ ਵੀ ਕਿਹਾ ਕਿ ਸਰਕਾਰ ਨੂੰ ਰੇਤ ਅਤੇ ਬਜਰੀ ਦੀ ਖਣਨ ਤੋਂ ਸਲਾਨਾ 2000 ਕਰੋੜ ਰੁਪਏ ਤੱਕ ਦਾ ਮਾਲੀਆ ਹਾਸਲ ਹੋ ਸਕਦਾ ਹੈ। ਮੰਤਰੀਆਂ ਤੇ ਅਧਿਕਾਰੀਆਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਮੁੱਖ ਮੰਤਰੀ ਨੇ ਨਵਜੋਤ ਸਿੱਧੂ ਦੀ ਅਗਵਾਈ ਹੇਠਲੀ ਕੈਬਨਿਟ ਸਬ ਕਮੇਟੀ ਨੂੰ ਜਲਦੀ ਰਿਪੋਰਟ ਦੇਣ ਲਈ ਕਿਹਾ। ਜਾਣਕਾਰੀ ਮੁਤਾਬਕ ਕੈਬਨਿਟ ਸਬ ਕਮੇਟੀ ਦੇ ਮੈਂਬਰਾਂ ਵੱਲੋਂ ਇਸ ਮਾਮਲੇ ’ਤੇ ਸਾਰੀਆਂ ਧਿਰਾਂ ਦਾ ਪੱਖ ਸੁਣਨ ਤੋਂ ਬਾਅਦ ਰਿਪੋਰਟ ਤਿਆਰ ਕੀਤੀ ਜਾਵੇਗੀ। ਅਧਿਕਾਰੀਆਂ ਦਾ ਦੱਸਣਾ ਹੈ ਕਿ ਸਰਕਾਰ ਵੱਲੋਂ ਕੈਬਨਿਟ ਸਬ ਕਮੇਟੀ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਰੇਤ ਖਣਨ ਦੇ ਮਾਮਲੇ ’ਚ ਨਵਾਂ ਰੁਖ਼ ਅਖਤਿਆਰ ਕੀਤਾ ਜਾਵੇਗਾ।
ਪੰਜਾਬ ਵਿੱਚ ਇਸ ਸਮੇਂ ਰੇਤ ਦੇ ਟਰੱਕ ਦਾ ਭਾਅ 35 ਹਜ਼ਾਰ ਰੁਪਏ ਦੇ ਕਰੀਬ ਮੰਨਿਆ ਜਾ ਰਿਹਾ ਹੈ। ਕਈ ਜ਼ਿਲ੍ਹਿਆਂ ਵਿੱਚ ਇਸ ਤੋਂ ਜ਼ਿਆਦਾ ਭਾਅ ਵੀ ਹੋ ਗਿਆ ਹੈ। ਰੇਤੇ ਦਾ ਭਾਅ ਚੜ੍ਹਨ ਕਾਰਨ ਉਸਾਰੀ ਦੇ ਕੰਮ ਨੂੰ ਵੀ ਬਰੇਕਾਂ ਲਗਦੀਆਂ ਜਾ ਰਹੀਆਂ ਹਨ। ਜਾਣਕਾਰੀ ਮੁਤਾਬਕ ਕਾਂਗਰਸ ਸਰਕਾਰ ਦੇ ਗਠਨ ਸਮੇਂ ਰੇਤ ਦਾ ਭਾਅ 20 ਹਜ਼ਾਰ ਰੁਪਏ ਪ੍ਰਤੀ ਟਰੱਕ ਸੀ ਤੇ ਚੋਣਾਂ ਮੌਕੇ ਭਾਅ ਘਟ ਕੇ 15 ਹਜ਼ਾਰ ਰੁਪਏ ’ਤੇ ਆ ਗਿਆ ਸੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਿਵੇਂ ਹੀ ‘ਹਵਾਈ ਛਾਪਾ’ ਮਾਰਿਆ ਤਾਂ ਰੇਤ ਦਾ ਭਾਅ ਆਸਮਾਨੀ ਚੜ੍ਹਨਾ ਸ਼ੁਰੂ ਹੋ ਗਿਆ। ਇਹ ਵੀ ਜ਼ਿਕਰਯੋਗ ਹੈ ਕਿ ਅਕਾਲੀਆਂ ਦੇ ਰਾਜ ਦੌਰਾਨ ਰੇਤੇ ਦਾ ਟਰੱਕ 50 ਹਜ਼ਾਰ ਰੁਪਏ ਤੱਕ ਵੀ ਵਿਕਿਆ ਹੈ ਤੇ ਮਾਫ਼ੀਆ ਦਾ ਕੰਟਰੋਲ ਹੋਣ ਕਾਰਨ ਸਰਕਾਰ ਨੂੰ ਇਸ ਮਾਮਲੇ ’ਤੇ ਭਾਰੀ ਨਮੋਸ਼ੀ ਵੀ ਝੱਲਣੀ ਪਈ ਸੀ। ਅਧਿਕਾਰੀਆਂ ਦਾ ਮੰਨਣਾ ਹੈ ਕਿ ਹਾਕਮ ਪਾਰਟੀ ਦੇ ਕੁੱਝ ਵਿਧਾਇਕਾਂ, ਪੁਲੀਸ ਤੇ ਸਿਵਲ ਅਫ਼ਸਰਾਂ ਵੱਲੋਂ ਰੇਤ ਦੇ ਮਾਮਲੇ ’ਤੇ ਹੱਥ ਰੰਗੇ ਜਾ ਰਹੇ ਹਨ। ਪੰਜਾਬ ਦੇ ਮਾਈਨਿੰਗ ਵਿਭਾਗ ਵੱਲੋਂ 200 ਦੇ ਕਰੀਬ ਖੱਡਾਂ ਦੀ ਨਿਸ਼ਾਨਦੇਹੀ ਕੀਤੀ ਗਈ ਸੀ ਤੇ ਇੱਕ ਸਾਲ ਪਹਿਲਾਂ 115 ਖੱਡਾਂ ਦੀ ਨਿਲਾਮੀ ਵੀ ਕਰ ਦਿੱਤੀ ਸੀ।