ਜਲੰਧਰ,3 ਜਨਵਰੀ
ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਵਿਧਾਇਕ ਪਵਨ ਕੁਮਾਰ ਟੀਨੂੰ ਨੇ ਦੋਸ਼ ਲਾਇਆ ਹੈ ਕਿ ਪੰਜਾਬ ਵਿੱਚ ਰੇਤੇ ਦੀ ਗੈਰਕਾਨੂੰਨੀ ਮਾਈਨਿੰਗ ‘ਉਸੇ’ ਤਰ੍ਹਾਂ ਜਾਰੀ ਹੈ। ਉਨ੍ਹਾਂ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੋਸ਼ ਲਾਇਆ ਕਿ ਰੇਤਾ ਨਾਲ ਲੱਦੇ ਟਿੱਪਰਾਂ ਵਿੱਚੋਂ 60 ਫੀਸਦੀ ਟਿੱਪਰ ਪੁਲੀਸ ਤੇ ਟਰਾਂਸਪੋਰਟ ਅਫ਼ਸਰਾਂ ਦੇ ਹਨ। ਉਨ੍ਹਾਂ ਇਸ ਮਾਮਲੇ ਦੀ ਜਾਂਚ ਵਿਜੀਲੈਂਸ ਜਾਂ ਸੀ.ਬੀ.ਆਈ ਤੋਂ ਕਰਵਾਉਣ ਤੋਂ ਮੰਗ ਕੀਤੀ। ਉਨ੍ਹਾਂ ਕਿਹਾ ਕਿ ਸਮਰੱਥਾ ਤੋਂ ਵੱਧ ਦੁੱਗਣੇ ਭਾਰ ਲੱਦਣ ਨਾਲ ਟਿੱਪਰਾਂ ਦੇ ਪਲਟਣ ਦਾ ਖਤਰਾ ਵੱਧ ਰਹਿੰਦਾ ਹੈ ਤੇ ਇਸ ਨਾਲ ਕਈ ਹਾਦਸਿਆਂ ਵਿੱਚ ਲੋਕਾਂ ਦੀਆਂ ਜਾਨਾਂ ਵੀ ਜਾ ਚੁੱਕੀਆਂ ਹਨ।ਪੁਲੀਸ ਤੇ ਟਰਾਂਸਪੋਰਟ ਅਧਿਕਾਰੀਆਂ ਵਿਰੁੱਧ ਮੋਰਚਾ ਖੋਲ੍ਹਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਪਵਨ ਕੁਮਾਰ ਪਵਨ ਕੁਮਾਰ ਟੀਨੂੰ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਵਿੱਚ ਰੇਤੇ ਦਾ ਜਿਹੜਾ ਗੈਰਕਾਨੂੰਨੀ ਧੰਦਾ ਹੋ ਰਿਹਾ ਹੈ, ਉਸ ਵਿੱਚ 60 ਫੀਸਦੀ ਟਿੱਪਰ ਪੁਲੀਸ ਅਫ਼ਸਰਾਂ ਅਤੇ ਟਰਾਂਸਪੋਰਟ ਅਧਿਕਾਰੀਆਂ ਦੇ ਹਨ। ਉਨ੍ਹਾਂ ਕਿਹਾ ਕਿ 40 ਫੀਸਦੀ ਟਿੱਪਰ ਆਮ ਲੋਕਾਂ ਜਾਂ ਰਾਜਨੀਤਕ ਆਗੂਆਂ ਦੇ ਹੋ ਸਕਦੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਪਿਛਲੇ ਦੋ-ਤਿੰਨ ਦਿਨਾਂ ਤੋਂ ਜਿਹੜੇ ਰੇਤੇ ਨਾਲ ਓਵਰਲੋਡ ਟਿੱਪਰ ਉਨ੍ਹਾਂ ਨੇ ਰੋਕੇ ਸਨ, ਉਹ ਪੁਲੀਸ ਨੇ ਬਿਨਾਂ ਕੋਈ ਕਾਰਵਾਈ ਕੀਤਿਆਂ ਛੱਡ ਦਿੱਤੇ ਸਨ। ਸ੍ਰੀ ਟੀਨੂੰ ਨੇ ਕਿਹਾ ਉਹ ਪਾਰਟੀ ਦੇ ਹੋਰ ਵਿਧਾਇਕਾਂ ਅਤੇ ਆਗੂਆਂ ਨੂੰ ਨਾਲ ਲੈ ਕੇ ਸਮਰੱਥਾ ਤੋਂ ਵੱਧ ਰੇਤਾ ਲੱਦਣ ਵਾਲੇ ਟਿੱਪਰਾਂ ਵਾਲਿਆਂ ਵਿਰੁੱਧ ਸੰਘਰਸ਼ ਕਰਨਗੇ।
ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਪਵਨ ਕੁਮਾਰ ਟੀਨੂੰ ਉਸ ਸਮੇਂ ਮੀਡੀਆਂ ਵੱਲੋਂ ਪੁੱਛੇ ਸਵਾਲਾਂ ਵਿੱਚ ਘਿਰ ਗਏ ਜਦੋਂ ਉਨ੍ਹਾਂ ਕਿਹਾ ਕਿ ਰੇਤ ਮਾਈਨਿੰਗ ‘ਉਸੇ’ ਤਰ੍ਹਾਂ ਜਾਰੀ ਹੈ। ਸ੍ਰੀ ਟੀਨੂੰ ਨੇ ਕਿਹਾ ਕਿ ਜੇਕਰ ਅਕਾਲੀ-ਭਾਜਪਾ ਰਾਜ ਵਿੱਚ ਮਾਈਨਿੰਗ ਦਾ ਮੁੱਦਾ ਉਭਰਿਆ ਸੀ ਤਾਂ ਹੀ ਗੱਠਜੋੜ ਸਰਕਾਰ ਨਹੀਂ ਬਣਾ ਸਕਿਆ। ਪੁਲੀਸ ਕਮਿਸ਼ਨਰ ਵੱਲੋਂ ਦਿੱਤੀ ਗਈ ਚਿਤਾਵਨੀ ਬਾਰੇ ਟਿੱਪਣੀ ਕਰਦਿਆ ਸ੍ਰੀ ਟੀਨੂੰ ਨੇ ਕਿਹਾ ਪੁਲੀਸ ਕਮਿਸ਼ਨਰ ਨੂੰ ਇਹ ਗੱਲ ਪਤਾ ਹੋਣੀ ਚਾਹੀਦੀ ਹੈ ਕਿ ਇੱਕ ਵਿਧਾਇਕ ਦਾ ਰੁਤਬਾ ਮੁੱਖ ਸਕੱਤਰ ਤੋਂ ਵੀ ਵੱਧ ਹੁੰਦਾ ਹੈ। ਪੁਲੀਸ ਕਮਿਸ਼ਨਰ ਵਿਰੁੱਧ ਉਹ ‘ਵਿਸ਼ੇਸ ਅਧਿਕਾਰਾਂ ਦੀ ਉਲੰਘਣਾ’ ਤਹਿਤ ਸ਼ਿਕਾਇਤ ਕਰਨਗੇ। ਉਹ ਗੈਰਕਾਨੂੰਨੀ ਰੇਤ ਮਾਈਨਿੰਗ ਦਾ ਮਾਮਲਾ ਪੰਜਾਬ ਵਿਧਾਨ ਸਭਾ ਵਿੱਚ ਵੀ ਉਠਾਉਣਗੇ।