ਚੰਡੀਗੜ੍ਹ, 23 ਜਨਵਰੀ
ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਕਿਸਾਨਾਂ ਨਾਲ ਕੀਤੇ ਵਾਅਦੇ ਤੋਂ ਮੁੱਕਰਨ ਮਗਰੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰੁਜ਼ਗਾਰ ਪੈਦਾ ਕਰਨ ਦੇ ਵਾਅਦੇ ਤੋਂ ਵੀ ਪਿੱਛੇ ਹਟ ਰਹੇ ਹਨ ਅਤੇ ਬਠਿੰਡਾ ਥਰਮਲ ਪਲਾਂਟ ਨੂੰ ਦੁਬਾਰਾ ਸ਼ੁਰੂ ਕਰਨ ਦੀ ਵਾਜਬ ਮੰਗ ਨੂੰ ਠੁਕਰਾ ਕੇ ਸੂਬੇ ਦੇ ਲੋਕਾਂ ਕੋਲੋਂ ਰੁਜ਼ਗਾਰ ਖੋਹ ਰਹੇ ਹਨ।
ਕੇਂਦਰੀ ਮੰਤਰੀ ਨੇ ਕਿਹਾ ਕਿ ਆਪਣੇ ‘ਘਰ ਘਰ ਨੌਕਰੀ ਸਕੀਮ’ ਦੇ ਵਾਅਦੇ ਨੂੰ ਪੂਰਾ ਕਰਨ ਦੀ ਥਾਂ ਮੁੱਖ ਮੰਤਰੀ ਨੇ ਬਠਿੰਡਾ ਥਰਮਲ ਪਲਾਂਟ ਨੂੰ ਬੰਦ ਕਰਕੇ ਬਠਿੰਡਾ ਦੇ ਹਜ਼ਾਰਾਂ ਲੋਕਾਂ ਦਾ ਰੁਜ਼ਗਾਰ ਖੋਹ ਲਿਆ ਹੈ। ਥਰਮਲ ਪਲਾਂਟ ਨਾਲ ਜੁੜੇ ਵਰਕਰਾਂ, ਉਨ੍ਹਾਂ ਦੇ ਪਰਿਵਾਰਾਂ ਤੇ ਵੱਖ ਵੱਖ ਵਰਗਾਂ ਦੇ ਹੋਰ ਲੋਕਾਂ ਦੀ ਹਾਲਤ ਨੂੰ ਸਮਝਣ ਦੀ ਥਾਂ ਮੁੱਖ ਮੰਤਰੀ ਨੇ ਜ਼ਿੱਦ ਫੜ ਲਈ ਹੈ ਕਿ ਇਸ ਫ਼ੈਸਲੇ ਨੂੰ ਉਲਟਾਇਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਬਠਿੰਡਾ ਥਰਮਲ ਪਲਾਂਟ ਇੱਕ ਮੁਕੰਮਲ ਸ਼ਹਿਰ ਹੈ, ਜਿਸ ਦੀ ਆਪਣੀ ਰਿਹਾਇਸ਼ੀ ਕਲੋਨੀ, ਮਾਰਕੀਟ ਅਤੇ ਸਕੂਲ ਹੈ। ਸਰਕਾਰ ਇਸ ਸ਼ਹਿਰ ਵਿੱਚ ਰਹਿ ਰਹੇ ਸਾਰੇ ਲੋਕਾਂ ਨੂੰ ਪੁੱਟ ਕੇ ਦੂਰ-ਦੁਰਾਡੇ ਥਾਂਵਾਂ ਉੱਤੇ ਭੇਜ ਰਹੀ ਹੈ। ਇਸ ਮਾਮਲੇ ਵਿੱਚ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ ਭੂਮਿਕਾ ਬਾਰੇ ਕੇਂਦਰੀ ਮੰਤਰੀ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਉਨ੍ਹਾਂ ਨੇ ਵਰਕਰਾਂ ਨਾਲ ਵਾਅਦਾ ਕੀਤਾ ਸੀ ਕਿ ਜੇਕਰ ਕਾਂਗਰਸ ਸੱਤਾ ਵਿੱਚ ਆਈ ਤਾਂ ਇਹ ਪਲਾਂਟ ਫੁੱਲ ਲੋਡ ’ਤੇ ਚਲਾਇਆ ਜਾਵੇਗਾ, ਪਰ ਇਸ ਤੋਂ ਉਲਟ ਹੋਇਆ ਹੈ।