ਪਟਿਆਲਾ, ਰਾਸ਼ਟਰੀ ਸਿੱਖ ਸੰਗਤ ਦੀ ਪੰਜਾਬ ਇਕਾਈ ਦੇ ਪ੍ਰਧਾਨ ਰਹੇ ਰੁਲਦਾ ਸਿੰਘ ਦੇ ਕਤਲ ਕੇਸ ਦੀ ਸੁਣਵਾਈ ਮੌਕੇ ਬੱਬਰ ਖਾਲਸਾ ਦੇ ਆਗੂ ਜਗਤਾਰ ਸਿੰਘ ਤਾਰਾ ਅਤੇ ਖਾਲਿਸਤਾਨੀ ਆਗੂ ਰਮਨਦੀਪ ਸਿੰਘ ਗੋਲਡੀ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਅੱਜ ਇੱਥੇ ਵਧੀਕ ਸੈਸ਼ਨ ਜੱਜ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਤਾਰਾ ਨੂੰ ਚੰਡੀਗੜ੍ਹ ਪੁਲੀਸ ਬੁੜੈਲ ਜੇਲ੍ਹ ਤੋਂ ਲੈ ਕੇ ਆਈ ਸੀ ਜਦਕਿ ਗੋਲਡੀ ਨੂੰ ਪਟਿਆਲਾ ਜੇਲ੍ਹ ਤੋਂ ਪੇਸ਼ੀ ਲਈ ਲਿਆਂਦਾ ਗਿਆ ਸੀ।  ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਦਾ ਨਿਬੇੜਾ ਹੋਣ ਤੱਕ ਬੁੜੈਲ ਜੇਲ੍ਹ ਵਿੱਚੋਂ ਬਾਹਰ ਲਿਆਉਣ ’ਤੇ ਲੱਗੀ ਪਾਬੰਦੀ ਹਟ ਜਾਣ ਕਰਕੇ ਤਾਰਾ ਨੂੰ ਢਾਈ ਸਾਲਾਂ ਬਾਅਦ ਕੁਝ ਦਿਨਾਂ ਵਿੱਚ  ਹੀ ਦੂਜੀ ਵਾਰ ਇੱਥੇ ਅਦਾਲਤ ਵਿੱਚ ਲਿਆਂਦਾ ਗਿਆ ਹੈ। ਅੱਜ ਲਈ ਮੁਕੱਰਰ ਕੀਤੇ ਗਏ ਤਿਨ ਵਿੱਚੋਂ ਇੱਕ ਮਹਿਲਾ ਗਵਾਹ ਹੀ ਅਦਾਲਤ ਪੁੱਜੀ। ਉਸ ਦੀ ਵੀ  ਤਬੀਅਤ ਖ਼ਰਾਬ ਹੋਣ ਕਰਕੇ ਬਿਆਨ ਦਰਜ ਨਾ ਕੀਤੇ ਜਾ ਸਕੇ। ਇਸ ਕਰਕੇ ਅਦਾਲਤ ਨੇ ਸੁਣਵਾਈ 14 ਜੂਨ ’ਤੇ ਪਾ ਦਿੱਤੀ। ਅਦਾਲਤ ਨੇ ਤਿੰਨਾਂ ਗਵਾਹਾਂ ਦੇ ਵਾਰੰਟ ਜਾਰੀ ਕਰਦਿਆਂ ਤਿੰਨਾਂ ਨੂੰ 5 ਜੁਲਾਈ ਦੀ ਪੇਸ਼ੀ ਮੌਕੇ ਅਦਾਲਤ ਵਿੱਚ ਹਾਜ਼ਰ ਰਹਿਣ ਲਈ ਪਾਬੰਦ ਕੀਤਾ ਹੈ।
ਜ਼ਿਕਰਯੋਗ ਹੈ ਕਿ 2004 ਵਿੱਚ  ਬੁੜੈਲ ਜੇਲ੍ਹ ਵਿੱਚੋਂ ਫਰਾਰ ਹੋਏ ਤਾਰਾ ਨੂੰ ਥਾਈਲੈਂਡ ਵਿੱਚ ਫੜੇ ਜਾਣ ’ਤੇ ਭਾਰਤ ਲਿਆਉਣ ’ਤੇ ਇਸ ਕਤਲ ਕੇਸ ਤਹਿਤ ਜਨਵਰੀ 2015 ਵਿੱਚ ਪਟਿਆਲਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਉਸ ਮਗਰੋਂ 13 ਅਪਰੈਲ 2018 ਤੋਂ ਬਾਅਦ ਅੱਜ ਦੂਜੀ ਵਾਰ ਪੇਸ਼ ਕੀਤਾ ਗਿਆ। 2009 ਵਿੱਚ ਹੋਏ ਰੁਲਦਾ ਸਿੰਘ ਦਾ ਕਤਲ ਦੀ ਜਾਂਚ ਮੁਤਾਬਕ ਇੰਗਲੈਂਡ ਤੋਂ ਆਏ ਸਿੱਖ ਨੌਜਵਾਨਾਂ ਵੱਲੋਂ ਕਤਲ ਕੀਤਾ ਗਿਆ ਸੀ, ਜਿਨ੍ਹਾਂ ਦੇ ਮਦਦਗਾਰਾਂ ਵੱਜੋਂ ਗ੍ਰਿਫ਼ਤਾਰ ਕੀਤੇ ਪੰਜ ਜਣੇ ਬਰੀ ਹੋ ਚੁੱਕੇ ਹਨ। ਤਾਰਾ ਤੇ ਗੋਲਡੀ ਸਾਜ਼ਿਸ਼ਘਾੜਿਆਂ ਵਜੋਂ ਨਾਮਜ਼ਦ ਹਨ।

ਤਾਰਾ ਵੱਲੋਂ ਕੇਸ ਦੀ ਪੈਰਵੀ ਖ਼ੁਦ ਕਰਨ ਦੀ ਮੰਗ
ਜਗਤਾਰ ਸਿੰਘ ਤਾਰਾ ਨੇ ਅੱਜ ਅਦਾਲਤ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਕੇਸ ਦੀ ਪੈਰਵੀ ਖੁਦ ਕਰਨਾ ਚਾਹੁੰਦਾ ਹੈ। ਉਂਜ ਤਾਰਾ ਨੇ ਆਪਣੇ ਵਕੀਲ ਐਡਵੋਕੇਟ ਬਰਜਿੰਦਰ ਸਿੰਘ ਸੋਢੀ ਨੂੰ ਵੀ ਨਾਲ ਰੱਖਣ ਦੀ ਗੱਲ ਆਖੀ।