ਖੰਨਾ, ਪਿੰਡ ਰਸੂਲੜਾ ਦੇ ਸਾਬਕਾ ਸਰਪੰਚ ਮਨਵਿੰਦਰ ਸਿੰਘ ਉਰਫ਼ ਮਿੰਦੀ ਦਾ ਅੱਜ ਦੋ ਅਣਪਛਾਤੇ ਨੌਜਵਾਨਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਮਨਵਿੰਦਰ ਸਿੰਘ ਮਿੰਦੀ ਸਵੇਰੇ ਆਪਣੇ ਘਰ ਦੇ ਪਿੱਛੇ ਹੀ ਆਪਣੀ ਮੋਟਰ ’ਤੇ ਮਜ਼ਦੂਰਾਂ ਤੋਂ ਫਸਲ ’ਤੇ ਸਪਰੇਅ ਕਰਵਾ ਰਿਹਾ ਸੀ ਤਾਂ ਦੋ ਨੌਜਵਾਨ ਪੈਦਲ ਉਸ ਕੋਲ ਆਏ ਤੇ ਹੱਥ ਮਿਲਾਇਆ ਅਤੇ ਨਾਲ ਹੀ ਆਪਣੇ ਰਿਵਾਲਵਰ ਤੋਂ ਮਿੰਦੀ ’ਤੇ ਗੋਲੀਆਂ ਚਲਾ ਦਿੱਤੀਆਂ। ਮਿੰਦੀ ਦੇ ਚਾਰ ਗੋਲੀਆਂ ਲੱਗੀਆਂ। ਦੋਵੇਂ ਹਮਲਾਵਰ ਮਿੰਦੀ ਦਾ ਬੁਲਟ ਮੋਟਰ ਸਾਈਕਲ ਲੈ ਕੇ ਫਰਾਰ ਹੋ ਗਏ ਅਤੇ ਜਾਂਦੇ ਹੋਏ ਉਨ੍ਹਾਂ ਮਿੰਦੀ ਦੇ ਘਰ ’ਤੇ ਵੀ ਗੋਲੀਆਂ ਚਲਾਈਆਂ। ਮਿੰਦੀ ਦੇ ਭਤੀਜੇ ਦਵਿੰਦਰ ਸਿੰਘ ਨੋਨਾ  ਨੇ ਆਪਣੀ ਸਕਾਰਪੀਓ ਗੱਡੀ ’ਤੇ ਹਮਲਾਵਰਾਂ ਦਾ ਪਿੱਛਾ ਕੀਤਾ, ਪਰ ਉਹ ਭੱਜਣ ’ਚ ਕਾਮਯਾਬ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲੀਸ ਜ਼ਿਲ੍ਹਾ ਖੰਨਾ ਦੇ ਐੱਸਐੱਸਪੀ ਨਵਜੋਤ ਸਿੰਘ ਮਾਹਲ, ਡੀਐੱਸਪੀ ਜਗਵਿੰਦਰ ਸਿੰਘ ਚੀਮਾ ਅਤੇ ਹੋਰ ਪੁਲੀਸ ਅਧਿਕਾਰੀ ਮੌਕੇ ’ਤੇ ਪਹੁੰਚੇ ਤੇ ਮਾਮਲੇ ਦੀ ਜਾਂਚ ਸ਼ੁਰੂ ਕਰਦਿਆਂ ਹਮਲਾਵਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸੇ ਦੌਰਾਨ ਮਿੰਦੀ ਦੀ ਲਾਸ਼ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਖੰਨਾ ਲਿਆਂਦੀ ਗਈ ਹੈ। ਜ਼ਿਕਰਯੋਗ ਹੈ ਕਿ ਦੋਵੇਂ ਹਮਲਾਵਾਰਾਂ ਦੀਆਂ ਪਿੰਡ ਰਸੂਲੜੇ ’ਚੋਂ ਲੰਘਦਿਆਂ ਦੀਆਂ ਸੀਸੀਟੀਵੀ ਕੈਮਰੇ ਵਿੱਚ ਕੁਝ ਤਸਵੀਰਾਂ ਕੈਦ ਹੋਈਆਂ ਹਨ, ਜਿਸ ਦੀ ਪੁਲੀਸ ਜਾਂਚ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ ਮਨਵਿੰਦਰ ਸਿੰਘ ਮਿੰਦੀ ਇਸ ਇਲਾਕੇ ਦੇ ਨਾਮਵਰ ਨੌਜਵਾਨ ਰੁਪਿੰਦਰ ਗਾਂਧੀ ਦਾ ਵੱਡਾ ਭਰਾ ਸੀ ਅਤੇ ਰੁਪਿੰਦਰ ਗਾਂਧੀ ਵੀ ਪਿੰਡ ਦਾ ਸਰਪੰਚ ਸੀ। 2003 ਵਿੱਚ ਰੁਪਿੰਦਰ ਗਾਂਧੀ ਦਾ ਕਤਲ ਕਰ ਦਿੱਤਾ ਗਿਆ ਸੀ।