ਮੁੰਬਈ, 4 ਫਰਵਰੀ

ਬੌਲੀਵੁੱਡ ਸ਼ਖਸੀਅਤਾਂ ਦੇ ਇਕ ਵਰਗ ਨੇ ਕਿਸਾਨ ਅੰਦੋਲਨ ਬਾਰੇ ਪੌਪ ਸਟਾਰ ਰਿਹਾਨਾ ਦੇ ਟਵੀਟ ’ਤੇ ਅਕਸ਼ੈ ਕੁਮਾਰ ਅਤੇ ਅਜੈ ਦੇਵਗਨ ਵਰਗੇ ਉਘੇ ਫਿਲਮੀ ਸਿਤਾਰਿਆਂ ਦੀ ਪ੍ਰਤੀਕਿਰਿਆ ਦੀ ਵੀਰਵਾਰ ਨੂੰ ਆਲੋਚਨਾ ਕੀਤੀ। ਅਦਾਕਾਰਾ ਤਾਪਸੀ ਪੰਨੂ, ਫਿਲਮ ਨਿਰਮਾਤਾ ਓਨਿਰ, ਅਦਾਕਾਰ ਅਰਜੁਨ ਮਾਥੁਰ ਅਤੇ ਹੋਰਨਾਂ ਨੇ ਬੌਲੀਵੁੱਡ ਦੀਆਂ ਉੱਘੀਆਂ ਸ਼ਖਸੀਅਤਾਂ ਵੱਲੋਂ ਸਰਕਾਰ ਦਾ ਪੱਖ ਪੂਰੇ ਜਾਣ ਲਈ ਨਿਖੇਧੀ ਕੀਤੀ ਹੈ। ਰਿਹਾਨਾ ਦੇ ਟਵੀਟ ਤੋਂ ਬਾਅਦ ਸਵੀਡਨ ਦੀ ਗ੍ਰੇਟਾ ਥਨਬਰਗ, ਵਕੀਲ ਅਤੇ ਅਮਰੀਕੀ ਉਪਰਾਸ਼ਟਰਪਤੀ ਕਮਲਾ ਹੈਰਿਸ ਦੀ ਭਾਣਜੀ ਮੀਨਾ ਹੈਰਿਸ, ਅਦਾਕਾਰਾ ਅਮਾਂਡਾ ਸੇਰਨੀ, ਗਾਇਕ ਜੇ ਸੀਏਐਨ, ਡਾਕਟਰ ਜਿਊਸ ਅਤੇ ਸਾਬਕਾ ਪੌਰਨ ਸਟਾਰ ਮੀਆ ਖਲੀਫ਼ਾ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਦੇ ਸਮਰਥਨ ਵਿੱਚ ਆਵਾਜ਼ ਬੁਲੰਦ ਕੀਤੀ ਸੀ। ਭਾਰਤ ਨੇ ਇਨ੍ਹਾਂ ਟਵੀਟਾਂ ’ਤੇ ਬੁੱਧਵਾਰ ਨੂੰ ਸਖ਼ਤ ਪ੍ਰਤੀਕਿਰਿਆ ਦਿੱਤੀ ਸੀ, ਜਿਸ ਦਾ ਬੌਲੀਵੁੱਡ ਅਤੇ ਕਿ੍ਕਟ ਜਗਤ ਦੀਆਂ ਸ਼ਖਸੀਅਤਾਂ ਦੇ ਨਾਲ ਨਾਲ ਮੰਤਰੀਆਂ ਨੇ ਵੀ ਸਮਰਥਨ ਕੀਤਾ ਸੀ। ਫਿਲਮ ਜਗਤ ਦੀਆਂ ਕਈ ਸ਼ਖਸੀਅਤਾਂ ਨੇ ਵੱਡੀਆਂ ਸ਼ਖਸੀਅਤਾਂ ਦੇ ਇਸ ਤਰ੍ਹਾਂ ਅਚਾਨਕ ਟਵਿਟਰ ’ਤੇ ਸਰਗਰਮ ਹੋਣ ਅਤੇ ਦੂਜੇ ਪਾਸੇ ਕਿਸਾਨਾਂ ਦੀ ਹਾਲਤ ’ਤੇ ਧਿਆਨ ਦੇਣ ਜਾਂ ਉਸ ਨੂੰ ਸਮਝਣ ਵਿੱਚ ਨਾਕਾਮ ਰਹਿਣ ਨੂੰ ਸ਼ਰਮਵਾਲਾ ਅਤੇ ਦੁਖੀ ਕਰਨ ਵਾਲਾ ਕਰਾਰ ਦਿੱਤਾ ਹੈ। ਤਾਪਸੀ ਪੰਨੂੰ ਨੇ ਸਰਕਾਰ ਵੱਲ ਨਿਸ਼ਾਨਾ ਸੇਧਦਿਆਂ ਕਿਹਾ ਕਿ ਭਾਵਨਾਵਾਂ ਨੂੰ ਮਜ਼ਬੂਤ ਕਰਨ ’ਤੇ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਸੋਨਾਕਸ਼ੀ ਸਿਨਹਾ ਸਮੇਤ ਹੋਰਨਾਂ ਸ਼ਖਸੀਅਤਾਂ ਨੇ ਵੀ ਰਿਹਾਨਾ ਦੇ ਟਵੀਟ ਦਾ ਸਮਰਥਨ ਕੀਤਾ ਹੈ।