ਐਸਏਐਸ ਨਗਰ (ਮੁਹਾਲੀ), 11 ਦਸੰਬਰ
ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਬੀਤੇ ਦਿਨੀਂ ਰਿਸ਼ਵਤਖੋਰੀ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਥਾਣਾ ਘੜੂੰਆਂ ਦੇ ਐਸਐਚਓ ਸਾਹਿਬ ਸਿੰਘ ਅਤੇ ਉਸ ਦੇ ਡਰਾਈਵਰ ਕਮ ਗੰਨਮੈਨ ਹੌਲਦਾਰ ਰਛਪਾਲ ਸਿੰਘ ਨੂੰ ਅੱਜ ਮੁਅੱਤਲ ਕਰ ਦਿੱਤਾ ਗਿਆ ਹੈ। ਮੁਲਜ਼ਮਾਂ ਨੂੰ ਮੁਅੱਤਲ ਕਰਕੇ ਉਨ੍ਹਾਂ ਖ਼ਿਲਾਫ਼ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮਾਂ ਨੂੰ ਬੀਤੇ ਦਿਨ ਘੜੂੰਆਂ ਯੂਨੀਵਰਸਿਟੀ ਵਿੱਚ ਮੁੱਖ ਮੰਤਰੀ ਦੀ ਸ਼ਮੂਲੀਅਤ ਵਾਲੇ ਇਕ ਸਮਾਗਮ ’ਚੋਂ ਵੀਆਈਪੀ ਡਿਊਟੀ ਕਰਦਿਆਂ ਗ੍ਰਿਫ਼ਤਾਰ ਕੀਤਾ ਗਿਆ ਸੀ। ਵਿਜੀਲੈਂਸ ਦੇ ਇੰਸਪੈਕਟਰ ਸਤਵੰਤ ਸਿੰਘ ਸਿੱਧੂ ਨੇ ਮੁਲਜ਼ਮ ਐਸਐਚਓ
ਅਤੇ ਹੌਲਦਾਰ ਨੂੰ ਅੱਜ ਇਲਾਕਾ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਕੋਲੋਂ ਟਿੱਪਰ ਚਾਲਕ ਤੋਂ ਪਹਿਲਾਂ ਵਸੂਲੇ 7 ਹਜ਼ਾਰ ਰੁਪਏ ਬਰਾਮਦ ਕਰਨ ਸਮੇਤ ਹੋਰ ਪੁੱਛਗਿੱਛ ਕਰਨੀ ਬਾਕੀ ਹੈ। ਅਦਾਲਤ ਨੇ ਮੁਲਜ਼ਮਾਂ ਨੂੰ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਇਸ ਤੋਂ ਪਹਿਲਾਂ ਮੁਲਜ਼ਮਾਂ ਦਾ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ। ਵਿਜੀਲੈਂਸ ਬਿਊਰੋ ਦੇ ਡੀਐਸਪੀ ਤੇਜਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਗ੍ਰਿਫ਼ਤਾਰੀ ਤੋਂ ਬਾਅਦ ਤਲਾਸ਼ੀ ਦੌਰਾਨ ਹੌਲਦਾਰ ਰਛਪਾਲ ਸਿੰਘ ਦੇ ਘੜੂੰਆਂ ਥਾਣੇ ਵਿੱਚ ਸਥਿਤ ਸਰਕਾਰੀ ਕੁਆਰਟਰ ’ਚੋਂ ਛੇ ਡਾਇਰੀਆਂ ਬਰਾਮਦ ਹੋਈਆਂ ਹਨ। ਜਿਨ੍ਹਾਂ ’ਤੇ ਜ਼ਿਆਦਾਤਰ ਨਾਮ ਪਤੇ ਅਤੇ ਟੈਲੀਫੋਨ ਨੰਬਰ ਇੱਟਾਂ ਦੇ ਭੱਠੇ ਵਾਲਿਆਂ, ਰੇਤੇ ਬਜਰੀ ਦੀ ਮਾਈਨਿੰਗ ਕਰਨ ਵਾਲੇ ਵਿਅਕਤੀਆਂ ਅਤੇ ਟਰੱਕ ਅਤੇ ਟਿੱਪਰ ਚਾਲਕਾਂ ਦੇ ਲਿਖੇ ਹੋਏ ਹਨ। ਵਿਜੀਲੈਂਸ ਅਨੁਸਾਰ ਘੜੂੰਆਂ ਪੁਲੀਸ ਨੂੰ ਟਿੱਪਰ ਚਾਲਕਾਂ ਤੋਂ ਮਾਈਨਿੰਗ ਸਬੰਧੀ ਦਸਤਾਵੇਜ਼ ਚੈੱਕ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਉਹ ਸਿਰਫ਼ ਓਵਰਲੋਡ ਦੀ ਚੈਕਿੰਗ ਕਰਕੇ ਵਾਹਨ ਦਾ ਚਲਾਨ ਕੱਟ ਸਕਦੇ ਸਨ।