ਰਿਲੀਜ਼ ਦੇ ਤਿੰਨ ਦਿਨਾਂ ਬਾਅਦ ਹੀ Zee5 ਤੋਂ ਹਟਾਈ ਗਈ ਦਿਲਜੀਤ ਦੋਸਾਂਝ ਦੀ ਫ਼ਿਲਮ ‘ਸਤਲੁਜ’; Zee5 ਨੇ ਜਾਰੀ ਕੀਤਾ ਅਧਿਕਾਰਤ ਬਿਆਨ
ਚੰਡੀਗੜ੍ਹ : ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦੀ ਫ਼ਿਲਮ ‘ਸਤਲੁਜ’ (ਜੋ ਪਹਿਲਾਂ ‘ਪੰਜਾਬ 95’ ਨਾਮ ਨਾਲ ਰਿਲੀਜ਼ ਹੋਣ ਵਾਲੀ ਸੀ) ਨੂੰ ਕਈ ਸਾਲਾਂ ਦੀ ਦੇਰੀ ਅਤੇ ਵਿਵਾਦਾਂ ਤੋਂ ਬਾਅਦ ਬੀਤੀ 3 ਜੁਲਾਈ, 2026 ਨੂੰ OTT ਪਲੇਟਫਾਰਮ ਜ਼ੀ5 (Zee5) ‘ਤੇ ਰਿਲੀਜ਼ ਕੀਤਾ ਗਿਆ। ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਆਧਾਰਿਤ ਇਸ ਬਾਇਓਗ੍ਰਾਫੀ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਚੰਗਾ ਹੁੰਗਾਰਾ ਮਿਲ ਰਿਹਾ ਸੀ, ਪਰ ਹਾਲ ਹੀ ਵਿੱਚ ਅਚਾਨਕ ਹੀ ਫ਼ਿਲਮ ਨੂੰ ਜ਼ੀ5 ਤੋਂ ਹਟਾ ਦਿੱਤਾ ਗਿਆ।
ਓਟੀਟੀ ਪਲੇਟਫਾਰਮ ਨੇ ਇੱਕ ਪੋਸਟ ਸਾਂਝੀ ਕੀਤੀ, ਜਿਸ ਵਿੱਚ ਫ਼ਿਲਮ ਦੇ ਅਚਾਨਕ ਰੁਕਣ ਜਾਂ ਓਟੀਟੀ ‘ਤੇ ਨਾ ਦਿਖਣ ਦਾ ਕਾਰਨ ਦੱਸਿਆ ਗਿਆ। ਓਟੀਟੀ ਪਲੇਟਫਾਰਮ ਜ਼ੀ5 ਨੇ ਪੁਸ਼ਟੀ ਕੀਤੀ ਕਿ ਹੁਣ ‘ਸਤਲੁਜ’ ਨੂੰ ਅਗਲੇ ਹੁਕਮਾਂ ਤੱਕ ਹਟਾ ਦਿੱਤਾ ਗਿਆ ਹੈ। ਔਨਲਾਈਨ ਸਟ੍ਰੀਮਿੰਗ ਪਲੇਟਫਾਰਮ ਜ਼ੀ5 ਨੇ ਇੱਕ ਅਧਿਕਾਰਤ ਬਿਆਨ ਜਾਰੀ ਕਰਦੇ ਹੋਏ ਪੁਸ਼ਟੀ ਕੀਤੀ ਕਿ ਭਾਰਤ ਵਿੱਚ ‘ਸਤਲੁਜ’ ਨੂੰ ਅਗਲੇ ਹੁਕਮਾਂ ਤੱਕ ਹਟਾ ਦਿੱਤਾ ਗਿਆ ਹੈ।
ਡਿਜੀਟਲ ਪਲੇਟਫਾਰਮ ਵੱਲੋਂ ਕਿਹਾ ਗਿਆ ਕਿ ਉਹ ਫ਼ਿਲਮ ਨੂੰ ਜਲਦੀ ਹੀ ਦਰਸ਼ਕਾਂ ਤੱਕ ਵਾਪਸ ਲਿਆਉਣ ਲਈ ਉਚਿਤ ਪ੍ਰਕਿਰਿਆ ਦੇ ਤਹਿਤ ਹਰ ਸਹੀ ਰਸਤੇ ‘ਤੇ ਵਿਚਾਰ ਕਰ ਰਹੇ ਹਨ। ਪਰ, ਇਸ ਖ਼ਬਰ ਨੇ ਉਨ੍ਹਾਂ ਦਰਸ਼ਕਾਂ ਦੀਆਂ ਉਮੀਦਾਂ ‘ਤੇ ਜ਼ਰੂਰ ਪਾਣੀ ਫੇਰ ਦਿੱਤਾ ਹੈ, ਜੋ ਇਸ ਫ਼ਿਲਮ ਨੂੰ ਦੇਖਣ ਲਈ ਬੇਤਾਬ ਸਨ। ਫ਼ਿਲਮ 4 ਸਾਲ ਲੰਬੇ ਇੰਤਜ਼ਾਰ ਤੋਂ ਬਾਅਦ ਰਿਲੀਜ਼ ਹੋ ਸਕੀ ਸੀ, ਅਜਿਹੇ ਵਿੱਚ ਅਚਾਨਕ ਇਸ ਨੂੰ ਓਟੀਟੀ ਪਲੇਟਫਾਰਮ ਤੋਂ ਹਟਾ ਦਿੱਤਾ ਜਾਣਾ, ਕਈ ਦਰਸ਼ਕਾਂ ਨੂੰ ਨਿਰਾਸ਼ ਕਰ ਰਿਹਾ ਹੈ।
ਜ਼ੀ5 ਇੰਡੀਆ ਨੇ ਇੰਸਟਾਗ੍ਰਾਮ ‘ਤੇ ਇੱਕ ਔਫੀਸ਼ੀਅਲ ਬਿਆਨ ਸਾਂਝਾ ਕਰਦੇ ਹੋਏ ਲਿਖਿਆ, ‘ਰਿਲੀਜ਼ ਤੋਂ ਬਾਅਦ ‘ਸਤਲੁਜ’ ਨੂੰ ਜੋ ਹੁੰਗਾਰਾ ਮਿਲਿਆ ਹੈ, ਉਹ ਵਾਕਈ ਜ਼ਬਰਦਸਤ ਰਿਹਾ ਹੈ। ਅਸੀਂ ਹਰ ਉਸ ਦਰਸ਼ਕ ਦੇ ਸ਼ੁਕਰਗੁਜ਼ਾਰ ਹਾਂ ਜਿਸ ਨੇ ਇਸ ਫ਼ਿਲਮ ਨੂੰ ਦੇਖਿਆ ਅਤੇ ਇਸ ਦਾ ਸਮਰਥਨ ਕੀਤਾ। ਤੁਹਾਡਾ ਪਿਆਰ ਅਤੇ ਸਪੋਰਟ ਸਾਡੇ ਨਾਲ-ਨਾਲ ਉਨ੍ਹਾਂ ਸਾਰੇ ਲੋਕਾਂ ਲਈ ਬਹੁਤ ਮਹੱਤਵਪੂਰਨ ਹੈ, ਜਿਨ੍ਹਾਂ ਨੇ ਇਸ ਨੂੰ ਬਣਾਇਆ ਅਤੇ ਪਰਦੇ ‘ਤੇ ਉਤਾਰਿਆ। ਜ਼ੀ5 ਅਜੇ ਵੀ ‘ਸਤਲੁਜ’ ਅਤੇ ਇਸ ਦੇ ਪਿੱਛੇ ਦੀ ਕ੍ਰਿਏਟਿਵ ਸੋਚ ਦੇ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ, ਕਿਉਂਕਿ ਸਾਡਾ ਮੰਨਣਾ ਹੈ ਕਿ ਦਮਦਾਰ ਕਹਾਣੀ ਵਿੱਚ ਲੋਕਾਂ ਨੂੰ ਪ੍ਰੇਰਿਤ ਕਰਨ, ਲੰਬੇ ਸਮੇਂ ਤੱਕ ਯਾਦ ਰਹਿਣ ਅਤੇ ਡੂੰਘਾ ਅਸਰ ਛੱਡਣ ਦੀ ਸਮਰੱਥਾ ਹੁੰਦੀ ਹੈ। ਅਸੀਂ ਹੁਣ ਵੀ ਸੱਚੀਆਂ ਅਤੇ ਸਾਰਥਕ ਕਹਾਣੀਆਂ ਨੂੰ ਸਪੋਰਟ ਕਰਨ ਲਈ ਵਚਨਬੱਧ ਹਾਂ।’
ਬਿਆਨ ਵਿੱਚ ਅੱਗੇ ਕਿਹਾ ਗਿਆ, ‘ਮੌਜੂਦਾ ਹਾਲਾਤਾਂ ਦੇ ਚਲਦਿਆਂ ‘ਸਤਲੁਜ’ ਨੂੰ ਹਟਾ ਦਿੱਤਾ ਗਿਆ ਹੈ। ਇਹ ਫ਼ਿਲਮ ਅਗਲੇ ਹੁਕਮਾਂ ਤੱਕ ਭਾਰਤ ਵਿੱਚ ਉਪਲਬਧ ਨਹੀਂ ਹੋਵੇਗੀ। ਪਰ ਅਸੀਂ ਇਸ ਨੂੰ ਆਪਣੇ ਦਰਸ਼ਕਾਂ ਤੱਕ ਵਾਪਸ ਲਿਆਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਸਹੀ ਪ੍ਰਕਿਰਿਆ ਅਪਣਾਉਂਦੇ ਹੋਏ, ਉਚਿਤ ਤਰੀਕੇ ਨਾਲ ਇਸ ਫ਼ਿਲਮ ਨੂੰ ਦਰਸ਼ਕਾਂ ਤੱਕ ਵਾਪਸ ਲਿਆਉਣ ਲਈ ਵਚਨਬੱਧ ਹਾਂ। ਕ੍ਰਿਏਟਿਵ ਇਮਾਨਦਾਰੀ ਅਤੇ ਮਕਸਦ ਨਾਲ ਕਹੀਆਂ ਗਈਆਂ ਕਹਾਣੀਆਂ ਪ੍ਰਤੀ ਸਾਡੀ ਵਚਨਬੱਧਤਾ ਅਟੁੱਟ ਹੈ।’














