ਲੁਧਿਆਣਾ,-ਆਮ ਆਦਮੀ ਪਾਰਟੀ ਦੇ ਆਗੂ ਤੇ ਵਿਧਾਇਕ ਹਰਵਿੰਦਰ ਸਿੰਘ ਫੂਲਕਾ ਨੇ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਦੇ ਮਾਮਲੇ ਵਿੱਚ ਅੱਜ ਇਥੇ ਪੱਤਰਕਾਰ ਨਾਲ ਮਿਲਣੀ ਕੀਤੀ। ਉਨ੍ਹਾਂ ਦਾਅਵਾ ਕੀਤਾ ਕਿ ਇਸ ਮਾਮਲੇ ਵਿੱਚ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਹੀ ਨਹੀਂ ਚਾਹੁੰਦੇ ਕਿ ਦੋਸ਼ੀਆਂ ਨੂੰ ਸਜ਼ਾ ਮਿਲੇ। ਉਨ੍ਹਾਂ ਕਿਹਾ ਕਿ ਰਾਹੁਲ ਨੇ ਸੂਬੇ ਦੇ ਮੰਤਰੀਆਂ ਨੂੰ ਕਿਹਾ ਹੈ ਕਿ ਉਹ ਇਸ ਮਾਮਲੇ ’ਤੇ ਆਵਾਜ਼ ਤਾਂ ਬੁਲੰਦ ਰੱਖਣ ਪਰ ਸਜ਼ਾ ਦੇਣ ਦੀ ਕੋਈ ਗੱਲ ਨਾ ਕਰਨ।
ਉਨ੍ਹਾਂ ਅਸਤੀਫ਼ੇ ਦੇ ਐਲਾਨ ਨੂੰ ਲੈ ਕੇ ਰਾਜਨੀਤੀ ਕਰਨ ਸਬੰਧੀ ਲਗਾਏ ਜਾ ਰਹੇ ਦੋਸ਼ਾਂ ਬਾਰੇ ਕਿਹਾ ਕਿ ਉਹ ਇਸ ਮੁੱਦੇ ਨੂੰ ਜਾਣ-ਬੁੱਝ ਕੇ ਤੂਲ ਦੇ ਰਹੇ ਹਨ, ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਜੇ ਉਹ ਚੁੱਪ ਹੋ ਗਏ ਤਾਂ ਕਾਂਗਰਸੀਆਂ ਨੇ ਇਸ ਮੁੱਦੇ ਨੂੰ ਠੰਢੇ ਬਸਤੇ ਵਿੱਚ ਸੁੱਟ ਦੇਣਾ ਹੈ ਪਰ ਉਹ ਹੁਣ ਅਜਿਹਾ ਨਹੀਂ ਕਰਨ ਦੇਣਗੇ। ਉਹ ਬੇਅਦਬੀ ਦੇ ਮਾਮਲਿਆਂ ਤੋਂ ਕਾਫ਼ੀ ਪ੍ਰੇਸ਼ਾਨ ਸਨ, ਜੇ ਹੁਣ ਦੋਸ਼ੀ ਸਾਹਮਣੇ ਆਏ ਹਨ ਤਾਂ ਉਹ ਉਨ੍ਹਾਂ ਨੂੰ ਹਰ ਹਾਲਾਤ ਵਿੱਚ ਸਜ਼ਾ ਦਿਵਾਉਣਗੇ। ਸ੍ਰੀ ਫੂਲਕਾ ਨੇ ਕਿਹਾ ਕਿ ਕਾਂਗਰਸ ਦੇ ਪੰਜਾਂ ਮੰਤਰੀਆਂ ਨੇ ਵਿਧਾਨ ਸਭਾ ’ਚ ਬਿਆਨ ਕਿਸੇ ਕਾਨੂੰਨੀ ਸਲਾਹ ’ਤੇ ਹੀ ਦਿੱਤਾ ਹੋਵੇਗਾ। ਉਹ ਸਿਰਫ਼ ਇਨ੍ਹਾਂ ਨੂੰ ਆਪਣੇ ਬਿਆਨਾਂ ’ਤੇ ਅਮਲ ਕਰਨ ਲਈ ਹੀ ਆਖ ਰਹੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਪੁਲੀਸ ਕੋਲ ਬਹਿਬਲ ਕਲਾਂ ਤੇ ਕੋਟਕਪੂਰਾ ਨਾਲ ਜੁੜੇ ਦੋਵੇਂ ਮਾਮਲੇ ਹਨ, ਜਿਸ ’ਚ ਉਹ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਡੀਜੀਪੀ ਸੁਮੇਧ ਸੈਣੀ ’ਤੇ ਕੇਸ ਦਰਜ ਕਰਨ ਦੀ ਮੰਗ ਕਰਦੇ ਹਨ। ਉਨ੍ਹਾਂ ਕਿਹਾ ਕਿ ਜਾਂਚ ਕਰਕੇ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇ। ਜੇ ਉਨ੍ਹਾਂ ਦੀ ਮੰਗ ਨਾ ਮੰਨੀ ਗਈ ਤਾਂ 17 ਸਤੰਬਰ ਨੂੰ ਸਪੀਕਰ ਨੂੰ ਅਸਤੀਫ਼ਾ ਸੌਂਪਣਗੇ।