ਅੰਮ੍ਰਿਤਸਰ- ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਬੁਲਾਰੇ ਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਜ਼ਿਲਾ ਪ੍ਰਸ਼ਾਸ਼ਨ ਤੇ ਸਿੰਚਾਈ ਵਿਭਾਗ ਪ੍ਰਸ਼ਾਸ਼ਨ ਦੇ ਆਲਾ ਅਧਿਕਾਰੀਆਂ ਦੀ ਸ਼ਮੂਲੀਅਤ ਨਾਲ ਅਜਨਾਲਾ ਹਲਕੇ ‘ਚੋਂ ਲੰਘਦੇ ਕੌਮਾਂਤਰੀ ਰਾਵੀ ਦਰਿਆ ਦੇ ਧੁੱਸੀ ਬੰਨ੍ਹ ਦੀਆਂ ਸੰਵੇਦਣਸ਼ੀਲ ਉਨਾਂ ਥਾਵਾਂ ਦਾ ਉਚੇਚੇ ਤੌਰ ਤੇ ਨਰੀਖਣ ਕੀਤਾ , ਜਿੰਨ੍ਹਾਂ 23 ਥਾਵਾਂ ਤੇ ਪਿਛਲੇ ਸਾਲ ਅਗਸਤ –ਸਤੰਬਰ ਮਹੀਨੇ ‘ਚ ਹੋਈਆਂ ਭਾਰੀ ਬਰਸਾਤਾਂ ਕਾਰਣ ਆਏ ਹੜਾਂ ਦੀ ਮਾਰ ਹੇਠ ਰਾਵੀ ਦਰਿਆ ਦੇ ਧੁੱਸੀ ਬੰਨ੍ਹ ‘ਚ ਪਾੜ ਪਏ ਸਨ।
ਨਰੀਖਣ ਦੌਰਾਨ ਵਿਧਾਇਕ ਧਾਲੀਵਾਲ ਨੇ ਜ਼ਿਲਾ ਪ੍ਰਸ਼ਾਸ਼ਨ ਤੇ ਸਿੰਚਾਈ ਵਿਭਾਗ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਕਿ 23 ਥਾਵਾਂ ਤੇ ਪਏ ਪਾੜ ਦੇ ਪੁਨਰ ਨਿਰਮਾਣ ਅਤੇ ਧੁੱਸੀ ਬੰਨ੍ਹ ਦੀਆਂ ਹੋਰ ਸੰਵੇਦਣਸ਼ੀਲ ਥਾਵਾਂ ਦਾ ਜਾਇਜ਼ਾ ਲੈ ਕੇ ਜਲਦੀ ਖਰਚੇ ਦੇ ਤਖਮੀਨੇ ਤਿਆਰ ਕੀਤੇ ਜਾਣ ਅਤੇ ਆਉਂਦੇ ਬਰਸਾਤਾਂ ਦੇ ਸੀਜ਼ਨ ‘ਚ ਹੜਾਂ ਦਾ ਸੰਭਾਵੀ ਸੰਕਟ ਟਾਲਣ ਲਈ 23 ਥਾਵਾਂ ਤੇ ਪਏ ਪਾੜ ਸਮੇਤ ਹੋਰਨਾਂ ਸੰਵੇਦਣਸ਼ੀਲ਼ ਥਾਵਾਂ ਦੀ ਮੁਰੰਮਤ ਦਾ ਵਿਕਾਸ ਕਾਰਜ਼ ਹਰ ਹੀਲੇ 30 ਜੂਨ ਤੱਕ ਮੁਕੰਮਲ ਕਰ ਲਿਆ ਜਾਵੇ। ਉਨ੍ਹਾਂ ਕਿਹਾ ਕਿ ਹੜ ਰੋਕੂ ਪ੍ਰਬੰਧਣ ‘ਚ ਗ੍ਰਾਂਟਾ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
ਉਪਰੰਤ ਧਾਲੀਵਾਲ ਨੇ ਹਲਕਾ ਅਜਨਾਲਾ ਦੇ ਪਿੰਡ ਕਮੀਰਪੁਰਾ, ਰੋਖੇ , ਪੰਡੋਰੀ ਸੁੱਖਾ ਸਿੰਘ, ਅਲੀਵਾਲ ਕੋਟਲੀ ਤੇ ਡੱਬਰ ਬਸਤੀ ਦੀਆਂ ਗ੍ਰਾਮ ਪੰਚਾਇਤਾਂ ਨੂੰ ਵੱਖ ਵੱਖ ਭਰਵੀਆਂ ਪੇਂਡੂ ਵਿਕਾਸ ਜਨਤਕ ਮੀਟਿੰਗਾਂ ਦੌਰਾਨ ਵਿਕਾਸ ਕਾਰਜਾਂ ਲਈ 21 ਲੱਖ ਰੁਪਏ ਗ੍ਰਾਂਟ ਦੇ ਚੈੱਕ ਤਕਸੀਮ ਕਰਦਿਆਂ ਵਿਧਾਨ ਸਭਾ ‘ਚ ਪਾਸ ਕੀਤੇ ਗਏ ਵਿੱਤੀ ਬਜਟ ‘ਚ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਲੋਂ ਹਲਕਾ ਅਜਨਾਲਾ ਦੇ ਬਹੁਪੱਖੀ ਵਿਕਾਸ ਲਈ 10 ਕਰੋੜ ਰੁਪਏ ਰਾਖਵੇਂ ਰੱਖਣ ਲਈ ਉਚੇਚੇ ਤੌਰ ਤੇ ਧੰਨਵਾਦ ਕੀਤਾ ਅਤੇ ਕਿਹਾ ਕਿ 10 ਕਰੋੜ ਰੁਪਏ ਤੋਂ ਇਲਾਵਾ ਹਲਕੇ ਦੇ ਪਿੰਡਾਂ ਦੇ ਬਹੁਪੱਖੀ ਵਿਕਾਸ ਲਈ 50 ਲੱਖ ਰੁਪਏ ਮਾਰਚ ਮਹੀਨੇ ਦੌਰਾਨ ਗ੍ਰਾਮ ਪੰਚਾਇਤਾਂ ਨੂੰ ਜਾਰੀ ਕੀਤੇ ਜਾ ਰਹੇ ਹਨ।
ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦਾ ਮੁੱਖ ਮਨੋਰਥ ਸਾਬਕਾ ਸਰਕਾਰਾਂ ਵਲੋਂ ਸਰਕਾਰੀ ਤੇ ਗੈਰ ਸਰਕਾਰੀ ਖਜ਼ਾਨੇ ਦੀ ਕਥਿਤ ਤੌਰ ਤੇ ਕੀਤੀ ਗਈ ਲੁੱਟ ਖਸੁੱਟ ਨਾਲ ਪੰਜਾਬ ਦੀ ਖਸਤਾ ਪਈ ਹਾਲਤ ਨੂੰ ਮੁੜ ਰੰਗਲੇ ਪੰਜਾਬ ਵੱਜੋਂ ਸਿਰਜਣਾ ਕਰਦਿਆਂ ਅਤੇ ਰਾਜ ਦੇ ਨਾਗਰਿਕਾਂ ਦਾ ਜਨ ਜੀਵਨ ਉੱਚਾ ਚੁੱਕਣ ਲਈ ਸੁੱਖ ਸਹੂਲਤਾਂ ਦਾ ਪਿਟਾਰਾ ਖੋਲ੍ਹ ਕੇ ਵੱਖ ਵੱਖ ਮੁਫਤ ਤੇ ਰਿਆਇਤੀ ਸਕੀਮਾਂ ਤੇ 28 ਹਜਾਰ 677 ਕਰੋੜ ਰੁਪਏ ਖਰਚ ਕਰਨ ਲਈ ਬਜਟ ‘ਚ ਰਾਖਵੇਂ ਰੱਖੇ ਗਏ ਹਨ।
ਜਿਸ ‘ਚ ਮਾਵਾਂ ਧੀਆਂ ਸਤਿਕਾਰਤ ਯੋਜਨਾ ਤਹਿਤ 9300 ਕਰੋੜ ਰੁਪਏ , ਮੁਫਤ ਬੱਸ ਸਫਰ ਯੋਜਨਾ ਤਹਿਤ 600 ਕਰੋੜ ਰੁਪਏ , ਮੁੱਖ ਮੰਤਰੀ ਮੁਫਤ ਤੀਰਥ ਯਾਤਰਾ ਤਹਿਤ 312 ਕਰੋੜ ਰੁਪਏ , 600 ਯੁਨਿਟ ਮੁਫਤ ਘਰੇਲੂ ਬਿਜਲੀ ਸਪਲਾਈ ਲਈ 15550 ਕਰੋੜ, 10 ਲੱਖ ਰੁਪਏ ਤੱਕ ਮੁਫਤ ਬੀਮਾ ਸਕੀਮ 2 ਹਜਾਰ ਕਰੋੜ ਰੁਪਏ ਤੋਂ ਇਲਾਵਾ ਮੇਰੀ ਰਸੋਈ ਤਹਿਤ 40 ਲੱਖ ਪਰਿਵਾਰਾਂ ਨੂੰ ਮਿਲਦੀ ਕਣਕ ਤੋਂ ਇਲਾਵਾ ਮੁਫਤ ਖੰਡ, ਦਾਲ , ਲੂਣ, ਹਲਦੀ, ਤੇਲ ਆਦਿ ਘਰੇਲੂ ਵਸਤਾਂ ਦੀਆਂ ਕਿੱਟਾਂ ਆਦਿ ਸਕੀਮਾਂ ਦੀਆਂ ਰਕਮਾਂ ਸ਼ਾਮਲ ਹਨ।














