ਚੰਡੀਗੜ੍ਹ: ਰਾਮਪੁਰ ਝੱਜਰ ਬਿਚੋਲੀ ਵਾਈਲਡ ਲਾਈਫ ਸੈਂਚੁਰੀ ਦਾ ਨਾਮ ਹੁਣ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪਾਵਨ ਨਾਮ ਉਤੇ ਰੱਖਿਆ ਗਿਆ ਹੈ। ਇਸ ਫ਼ੈਸਲੇ ਨੂੰ ਲੈ ਕੇ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਸ ਇਤਿਹਾਸਕ ਕਦਮ ਲਈ ਧੰਨਵਾਦ ਕੀਤਾ। ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸੈਂਚੁਰੀ ਪੰਜਾਬ ਦੀ ਪਹਿਲੀ ਅਜਿਹੀ ਵਾਈਲਡ ਲਾਈਫ ਸੈਂਚੁਰੀ ਹੋਵੇਗੀ , ਜਿੱਥੇ ਲੋਕਾਂ ਨੂੰ ਲੈਪਡ ਸਾਈਟਿੰਗ ਕਰਨ ਦਾ ਵਿਲੱਖਣ ਅਨੁਭਵ ਮਿਲੇਗਾ। ਇਥੇ ਲੋਕ ਕੁਦਰਤ ਦਾ ਅਨੰਦ ਮਾਣ ਸਕਣਗੇ।
ਉਨ੍ਹਾਂ ਨੇ ਦੱਸਿਆ ਕਿ ਸੈਂਚੁਰੀ ਦੇ ਅੰਦਰ ਫੋਰੈਸਟ ਵਾਕ ਬ੍ਰਿਜ ਵੀ ਤਿਆਰ ਕੀਤਾ ਜਾਵੇਗਾ, ਜਿਸ ਰਾਹੀਂ ਸੈਲਾਨੀ ਕੁਦਰਤ ਦੇ ਬਹੁਤ ਨੇੜੇ ਜਾ ਕੇ ਜੰਗਲਾਤ ਦਾ ਆਨੰਦ ਲੈ ਸਕਣਗੇ। ਇਸ ਦੇ ਨਾਲ ਹੀ ਸੈਂਚੁਰੀ ਦੇ ਅੰਦਰ ਲੋਕਾਂ ਲਈ ਤਸਵੀਰਾਂ ਖਿੱਚਵਾਉਣ ਦੀ ਵਿਵਸਥਾ ਕੀਤੀ ਜਾਵੇਗੀ ਅਤੇ ਇੱਕ ਆਧੁਨਿਕ ਇਨਫੋਰਮੇਸ਼ਨ ਸੈਂਟਰ ਵੀ ਬਣਾਇਆ ਜਾਵੇਗਾ, ਜਿਸ ਨਾਲ ਪੰਜਾਬ ਦੇ ਟੂਰਿਜ਼ਮ ਖੇਤਰ ਨੂੰ ਵੱਡਾ ਹੁਲਾਰਾ ਮਿਲੇਗਾ। ਇਸ ਵਾਈਲਡ ਲਾਈਫ ਸੈਂਚੁਰੀ ਨੂੰ ਚਾਰੇ ਪਾਸੇ ਤੋਂ ਫੈਂਸਿੰਗ ਕਰਕੇ ਸੁਰੱਖਿਅਤ ਕੀਤਾ ਜਾਵੇਗਾ, ਤਾਂ ਜੋ ਆਲੇ-ਦੁਆਲੇ ਦੇ ਦਰਜਨਾਂ ਪਿੰਡਾਂ ਵਿੱਚ ਜੰਗਲੀ ਜਾਨਵਰਾਂ ਵੱਲੋਂ ਫਸਲਾਂ ਨੂੰ ਹੋਣ ਵਾਲੇ ਨੁਕਸਾਨ ਤੋਂ ਕਿਸਾਨਾਂ ਨੂੰ ਬਚਾਇਆ ਜਾ ਸਕੇ।
ਇਸ ਦੇ ਨਾਲ ਤੁਹਾਨੂੰ ਇਹ ਵੀ ਦੱਸ ਦਈਏ ਕਿ ਰਾਮਪੁਰ ਜੱਜਰ ਵਿਚੋਲੀ ਵਿੱਚ ਸਥਿਤ ਇਹ ਵਾਈਲਡ ਲਾਈਫ ਸੈਂਚੁਰੀ ਕੁਦਰਤ ਦੇ ਬਿਲਕੁਲ ਨੇੜੇ ਵਸਦੀ ਹੈ। ਇੱਥੇ ਜਿੱਥੇ ਤਰ੍ਹਾਂ-ਤਰ੍ਹਾਂ ਦੇ ਜੰਗਲੀ ਦਰੱਖਤ ਮਿਲਦੇ ਹਨ, ਉੱਥੇ ਹੀ ਕਈ ਕਿਸਮ ਦੀਆਂ ਔਸ਼ਧੀ ਬੂਟੀਆਂ ਵੀ ਪਾਈਆਂ ਜਾਂਦੀਆਂ ਹਨ।
ਇਸ ਵਾਈਲਡ ਲਾਈਫ ਸੈਂਚੁਰੀ ਵਿੱਚ ਬਾਰਾਂ ਸਿੰਘਾ , ਹਿਰਨ, ਲੈਪਡ, ਖਰਗੋਸ਼, ਜੰਗਲੀ ਸੂਰ, ਅਜਗਰ ਸਮੇਤ ਹੋਰ ਅਨੇਕਾਂ ਕਿਸਮਾਂ ਦੇ ਜੰਗਲੀ ਜਾਨਵਰ ਵਸਦੇ ਹਨ। ਕੁਦਰਤੀ ਸੁੰਦਰਤਾ ਅਤੇ ਜੈਵਿਕ ਵਿਭਿੰਨਤਾ ਨਾਲ ਭਰਪੂਰ ਇਹ ਖੇਤਰ ਕਿਤੇ ਨਾ ਕਿਤੇ ਪੰਜਾਬ ਦੇ ਵਾਈਲਡ ਲਾਈਫ ਟੂਰਿਜ਼ਮ ਨੂੰ ਨਵਾਂ ਆਕਾਰ ਦੇਣ ਵਿੱਚ ਇੱਕ ਮੀਲ ਪੱਥਰ ਸਾਬਤ ਹੋਵੇਗਾ।














