ਮਹਿਲ ਕਲਾਂ, 19 ਜਨਵਰੀ
‘ਆਪ’ ਆਗੂ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਵੱਲੋਂ ਦਿੱਤਾ ਅਸਤੀਫ਼ਾ ਸਿਰਫ਼ ਡਰਾਮਾ ਹੈ। ਸ੍ਰੀ ਮਾਨ ਦੇ ਹਲਕਾ ਮਹਿਲ ਕਲਾਂ ਦੇ ਦੌਰੇ ਦੌਰਾਨ ਜ਼ਿਲ੍ਹੇ ਦੇ ਕਈ ਸੀਨੀਅਰ ਆਗੂ ਗ਼ੈਰਹਾਜ਼ਰ ਰਹੇ।
ਭਗਵੰਤ ਮਾਨ ਨੇ ਪਿੰਡ ਸਹਿਜੜਾ ਵਿੱਚ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਕਿ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਵੱਲੋਂ ਦਿੱਤਾ ਅਸਤੀਫ਼ਾ ਡਰਾਮੇ ਤੋਂ ਵੱਧ ਨਹੀਂ ਹੈ, ਕਿਉਂਕਿ ਕੈਪਟਨ ਅਮਰਿੰਦਰ ਪਹਿਲਾਂ ਹੀ ਰਾਣਾ ਗੁਰਜੀਤ ਸਿੰਘ ਨੂੰ ਨਾਰੰਗ ਕਮਿਸ਼ਨ ਤੋਂ ਕਲੀਨ ਚਿੱਟ ਦਿਵਾ ਚੁੱਕੇ ਹਨ। ਆਵਾਰਾ ਪਸ਼ੂਆਂ ਦੇ ਮਸਲੇ ’ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਬਿਜਲੀ ਬਿੱਲਾਂ, ਸ਼ਰਾਬ ਤੇ ਡੀਜ਼ਲ ’ਤੇ ਗਊ ਸੈੱਸ ਲਾ ਕੇ ਪੈਸਾ ਤਾਂ ਵਸੂਲਿਆ ਜਾ ਰਿਹਾ ਹੈ, ਪਰ ਆਵਾਰਾ ਪਸ਼ੂਆਂ ਦੀ ਸਾਂਭ-ਸੰਭਾਲ ਲਈ ਢੁਕਵੇਂ ਉਪਰਾਲੇ ਨਹੀਂ ਕੀਤੇ ਜਾ ਰਹੇ।
ਉਨ੍ਹਾਂ ਕਿਹਾ ਕਿ ਉਹ ਅਗਲੀਆਂ ਲੋਕ ਸਭਾ ਚੋਣਾਂ ਹਲਕਾ ਸੰਗਰੂਰ ਤੋਂ ਹੀ ਲੜਨਗੇ। ਕਾਂਗਰਸ ਵੱਲੋਂ ਚੋਣਾਂ ਮੌਕੇ ਲੋਕਾਂ ਨਾਲ ਕੀਤੇ ਵਾਅਦਿਆਂ ’ਤੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਦਾ ਸਮੁੱਚਾ ਕਰਜ਼ਾ ਮੁਆਫ਼ ਕਰਨ, ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ, ਮੋਬਾਈਲ ਫੋਨ ਦੇਣ, ਵਿਧਵਾ ਤੇ ਬੁਢਾਪਾ ਪੈਨਸ਼ਨਾਂ ਵਧਾਉਣ ਜਿਹੇ ਵਾਅਦਿਆਂ ਤੋਂ ਭੱਜ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜੇ ਕਾਂਗਰਸ ਸਰਕਾਰ ਸੱਚੀ ਹੈ ਤਾਂ ਚੋਣ ਵਾਅਦੇ ਨਿਭਾਵੇ।
ਉਨ੍ਹਾਂ ਅੱਜ ਸਹਿਜੜਾ ਤੋਂ ਇਲਾਵਾ ਕਲਾਲਾ, ਚੁਹਾਣਕੇ ਕਲਾਂ, ਚੁਹਾਣਕੇ ਖੁਰਦ, ਵਜ਼ੀਦਕੇ ਕਲਾਂ ਤੇ ਵਜ਼ੀਦਕੇ ਖੁਰਦ ਆਦਿ ਪਿੰਡਾਂ ਦਾ ਦੌਰਾ ਕੀਤਾ ਤੇ ਵਰਕਰਾਂ ਨਾਲ ਗੱਲਬਾਤ ਕੀਤੀ। ਇਸ ਮੌਕੇ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਪਰਗਟ ਸਿੰਘ ਮਹਿਲ ਖੁਰਦ, ਕਿਸਾਨ ਆਗੂ ਕਰਨੈਲ ਸਿੰਘ ਗਾਂਧੀ, ਮਨਜੀਤ ਸਿੰਘ ਸਹਿਜੜਾ, ਗੁਰਦੇਵ ਸਿੰਘ ਤੇ ਕਿਸਾਨ ਆਗੂ ਨਿਰਭੈ ਸਿੰਘ ਹਾਜ਼ਰ ਸਨ।