ਜਲੰਧਰ, ਸਾਬਕਾ ਮੰਤਰੀ ਅਤੇ ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਅੱਜ ਮੰਨਿਆ ਕਿ ਉਨ੍ਹਾਂ ਦੀ ਸਰਕਾਰ ਹੁੰਦਿਆਂ ਵੀ ਸੀਨੀਅਰ ਪੁਲੀਸ ਅਧਿਕਾਰੀਆਂ ਨੇ ਉਸ ਏੇਐੱਸਆਈ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਜਿਸ ਉੱਤੇ ਕਥਿਤ ਤੌਰ ਉੱਤੇ ਇੱਕ ਨੌਜਵਾਨ ਨੂੰ ਨਸ਼ਿਆਂ ਦੀ ਦਲ ਦਲ ਵਿੱਚ ਧੱਕਣ ਦਾ ਦੋਸ਼ ਹੈ। ਇਸ ਏਐੱਸਆਈ ਵਿਰੁੱਧ ਸ਼ਿਕਾਇਤ ਵੀ ਉਨ੍ਹਾਂ ਦੇ ਰਾਹੀਂ ਗਈ ਕੀਤੀ ਗਈ ਸੀ। ਹੁਣ ਇਹ ਏਐਸਆਈ ਤਰੱਕੀ ਲੈਕੇ ਐੱਸਆਈ ਬੁਣ ਚੁੱਕਾ ਹੈ।
ਸ੍ਰੀ ਰਾਣਾ ਨੇ ਦੱਸਿਆ ਕਿ ਉਸਦੇ ਮੰਤਰੀ ਹੁੰਦਿਆਂ ਉਸਨੂੰ
ਇੱਕ ਸ਼ਿਕਾਇਤ ਮਿਲੀ ਸੀ ਅਤੇ ਉਨ੍ਹਾਂ ਨੇ ਸ਼ਿਕਾਇਤ ਪੰਜਾਬ ਪੁਲੀਸ ਮੁਖੀ ਨੂੰ ਭੇਜ ਦਿੱਤੀ ਸੀ। ਸ਼ਿਕਾਇਤ ਅਨੁਸਾਰ ਸੀਆਈਏ ਸਟਾਫ ਵਿੱਚ ਤਾਇਨਾਤ ਇੱਕ ਏਐੱਸਆਈ ਨੇ ਇੱਕ ਨੌਜਵਾਨ ਨੂੰ ਨਸ਼ੇ ਕਰਨ ਲਾ ਦਿੱਤਾ ਹੈ। ਪੰਦਰਾਂ ਮਹੀਨੇ ਲੰਘ ਗਏ ਹਨ ਪਰ ਅੱਜ ਤੱਕ ਏਐੱਸਆਈ ਵਿਰੁੱਧ ਕੋਈ ਕਾਰਵਾਈ ਨਹੀਂ ਹੋਈ। ਭਾਵੇਂ ਕਿ ਉਹ ਸਰਕਾਰ ਵਿੱਚ ਹਨ ਪਰ ਇੱਥੇ ਕੋਈ ਸੁਣਵਾਈ ਨਹੀਂ ਹੈ। ਪੁਲੀਸ ਅਧਿਕਾਰੀਆਂ ਨੇ ਪੂਰੀ ਤਰ੍ਹਾਂ ਖਾਮੋਸ਼ੀ ਧਾਰਨ ਕੀਤੀ ਹੋਈ ਹੈ। ਉਨ੍ਹਾਂ ਹੋਰ ਦੱਸਿਆ ਕਿ ਇਸ ਏਐੱਸਆਈ ਵਿਰੁੱਧ 15 ਦੇ ਕਰੀਬ ਸ਼ਿਕਾਇਤਾਂ ਲੋਕਾਂ ਨੇ ਹਲਫੀਆ ਬਿਆਨਾਂ ਰਾਹੀਂ ਦਿੱਤੀਆਂ ਹੋਈਆਂ ਹਨ। ਇਹ ਏਐੱਸਆਈ ਹੁਣ ਪਦਉਨਤ ਹੋ ਕੇ ਐੱਸਆਈ ਵਜੋਂ ਕਪੂਰਥਲਾ ਦੇ ਇੱਕ ਪੁਲੀਸ ਸਟੇਸ਼ਨ ਵਿੱਚ ਤਾਇਨਾਤ ਹੈ।
ਉਨ੍ਹਾਂ ਨੇ ਇੱਕ ਹੋਰ ਮਾਮਲੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਪੂਰਥਲਾ ਵਿੱਚ ਔਰਤਾਂ ਦੇ ਨਸ਼ਾ ਛੁਡਾਊ ਕੇਂਦਰ ਵਿੱਚ ਆਈ ਇੱਕ ਔਰਤ ਨੇ ਕੈਮਰੇ ਦੇ ਸਾਹਮਣੇ ਦੱਸਿਆ ਕਿ ਉਸ ਨੂੰ ਕਪੂਰਥਲਾ ਵਿੱਚ ਤਾਇਨਾਤ ਇੱਕ ਥਾਣੇਦਾਰ ਨੇ ਸਮੈਕ ਪੀਣ ਲਾਇਆ ਸੀ, ਉਹ ਹੁਣ ਜਲੰਧਰ ਵਿੱਚ ਤਾਇਨਾਤ ਹੈ। ਇੱਕ ਹੋਰ ਔਰਤ ਨੇ ਦੋਸ਼ ਲਾਇਆ ਹੈ ਕਿ ਉਸ ਨੂੰ ਵੀ ਇੱਕ ਡੀਐੱਸਪੀ ਨੇ ਸਮੈਕ ਪੀਣ ਲਾਇਆ ਹੈ। ਨਸ਼ਾ ਉਡਾਊ ਕੇਂਦਰ ਦੇ ਡਾਕਟਰ ਸਨਦੀਪ ਭੋਲਾ ਨੇ ਦੱਸਿਆ ਕਿ ਇਨ੍ਹਾਂ ਔਰਤਾਂ ਦਾ ਇਲਾਜ ਕਰਕੇ ਛੁੱਟੀ ਦੇ ਦਿੱਤੀ ਗਈ ਹੈ। ਸ੍ਰੀ ਰਾਣਾ ਨੇ ਔਰਤ ਨੂੰ ਲਿਖਤੀ ਸ਼ਿਕਾਇਤ ਦੇਣ ਲਈ ਕਿਹਾ ਹੈ ਤਾਂ ਜੋ ਪੁਲੀਸ ਅਧਿਕਾਰੀ ਵਿਰੁੱਧ ਕਾਰਵਾਈ ਕਰਵਾਈ ਜਾ ਸਕੇ। ਉਨ੍ਹਾਂ ਨੇ ਕਪੂਰਥਲਾ ਦੇ ਇੱਕ ਪੱਤਰਕਾਰ ਦੇ ਪੁੱਤਰ ਦਾ ਵੀ ਜ਼ਿਕਰ ਕੀਤਾ ਜਿਸ ਨੂੰ ਥਾਣੇ ਵਿੱਚ ਏਐੈੱਸਆਈ ਨੇ ਸਮੈਕ ਪਿਲਾਈ ਸੀ ਤੇ ਜਿਸ ਨੇ ਇਸ ਕਾਨੂੰਨ ਦੇ ਪਾੜ੍ਹੇ ਦਾ ਜੀਵਨ ਨਰਕ ਬਣਾ ਦਿੱਤਾ।  ਇਸ ਦੌਰਾਨ ਹੀ ਨਸ਼ਿਆਂ ਵਿਰੁੱੱਧ ਮੁਹਿੰਮ ਵਿੱਚ ਅਸਫਲ ਰਹਿਣ ਉੱਤੇ ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਅਸਤੀਫਾ ਮੰਗਿਆ ਹੈ।

ਮੈਂ ਸਰਕਾਰ ਖਿਲਾਫ ਕੁੱਝ ਨਹੀਂ ਕਿਹਾ: ਰਾਣਾ
ਅੱਜ ਰਾਤ ਨੂੰ ਰਾਣਾ ਨੇ ਇੱਕ ਪ੍ਰੈੱਸ ਨੋਟ ਜਾਰੀ ਕਰਕੇ ਕਿਹਾ ਹੈ ਕਿ ਉਸ ਨੇ ਆਪਣੀ ਸਰਕਾਰ ਦੇ ਖਿਲਾਫ਼ ਕੁੱਝ ਨਹੀਂ ਕਿਹਾ। ਉਨ੍ਹਾਂ ਨੇ     ਭ੍ਰਿਸ਼ਟ ਪੁਲੀਸ ਅਧਿਕਾਰੀਆਂ ਵਿਰੁੱਧ ਆਵਾਜ਼ ਉਠਾਈ ਹੈ, ਜਿਨ੍ਹਾਂ ਨੇ ਕੋਈ ਕਾਰਵਾਈ ਨਹੀਂ ਕੀਤੀ।