ਨਵੀਂ ਦਿੱਲੀ, ਸ਼੍ਰੋਮਣੀ ਅਕਾਲੀ ਦਲ ਦੇ ਸੁਖਦੇਵ ਸਿੰਘ ਢੀਂਡਸਾ ਨੇ ਕਾਂਗਰਸ ਆਗੂ ਜਗਦੀਸ਼ ਟਾਈਟਲਰ ਦੀ ਨਸ਼ਰ ਹੋਈ ਵੀਡਿਓ ਦਾ ਮੁੱਦਾ ਅੱਜ ਰਾਜ ਸਭਾ ’ਚ ‘ਸਿਫ਼ਰ ਕਾਲ’ ਦੌਰਾਨ ਉਠਾਇਆ। ਸਿੱਖਾਂ ਦੇ ਕਤਲ ਕਬੂਲ ਕਰਨ ਵਾਲੀ ਇਸ ਵੀਡਿਓ ’ਚ ਟਾਈਟਲਰ ਨੇ ਹੋਰ ਵੀ ਕਈ ਖ਼ੁਲਾਸੇ ਕੀਤੇ ਸਨ। ਕਾਂਗਰਸ ਮੈਂਬਰਾਂ ਨੇ ਕੇਸ ਅਦਾਲਤ ’ਚ ਹੋਣ ਦਾ ਹਵਾਲਾ ਦਿੰਦਿਆਂ ਸ੍ਰੀ ਢੀਂਡਸਾ ਵੱਲੋਂ ਉਠਾਏ ਗਏ ਮੁੱਦੇ ’ਤੇ ਇਤਰਾਜ਼ ਜਤਾਇਆ। ਇਨ੍ਹਾਂ ਇਤਰਾਜ਼ਾਂ ਨੂੰ ਸਭਾਪਤੀ ਐਮ ਵੈਂਕਈਆ ਨਾਇਡੂ ਨੇ ਰੱਦ ਕਰ ਦਿੱਤਾ ਅਤੇ ਸ੍ਰੀ ਢੀਂਡਸਾ ਨੂੰ ਬੋਲਣ ਦੀ ਆਗਿਆ ਦੇ ਦਿੱਤੀ। ਸ੍ਰੀ ਢੀਂਡਸਾ ਨੇ ਕਿਹਾ ਕਿ ਇਕ ਵਿਅਕਤੀ 100 ਵਿਅਕਤੀਆਂ ਨੂੰ ਨਹੀਂ ਮਾਰ ਸਕਦਾ। ਇਸ ਲਈ ਜੋ ਇੰਕਸ਼ਾਫ਼ ਸੀਡੀ ਵਿੱਚ ਕੀਤੇ ਗਏ ਹਨ, ਉਸ ਮੁਤਾਬਕ ਕਾਂਗਰਸੀ ਆਗੂ ਦੇ ਹੋਰ ਸਾਥੀਆਂ ਦੀ ਜਾਣਕਾਰੀ ਹਾਸਲ ਕਰਨਾ ਲਾਜ਼ਮੀ ਬਣ ਗਿਆ ਹੈ। ਰਾਜ ਸਭਾ ਮੈਂਬਰ ਨੇ ਬੀਤੇ ਦਿਨੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਵੱਲੋਂ ਨਸ਼ਰ ਕੀਤੀ ਸੀਡੀ ਵਿਚਲੇ ਟਾਈਟਲਰ ਦੇ ਬਿਆਨ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਸਟਿੰਗ ਦੇ ਹਵਾਲੇ ਨਾਲ ਕਿਹਾ ਕਿ ਕਾਂਗਰਸੀ ਆਗੂ ਆਖ ਰਿਹਾ ਹੈ ਕਿ ਉੁਸ ਨੇ ਅਪਰਾਧ ਕੀਤਾ ਪਰ ਉਸ ਦਾ ਕੁਝ ਵੀ ਨਹੀਂ ਵਿਗੜਿਆ, ਬਸ ਸਿਰਫ਼ ਜਾਂਚ ਹੋ ਰਹੀ ਹੈ। ਕਾਂਗਰਸ ਦੇ ਆਨੰਦ ਸ਼ਰਮਾ ਨੇ ਇਤਰਾਜ਼ ਉਠਾਇਆ ਕਿ ਇਹ ਮਾਮਲਾ ਅਦਾਲਤ ’ਚ ਚਲ ਰਿਹਾ ਹੈ। ਇਸ ਕਰਕੇ ਇਸ ’ਤੇ ਕੋਈ ਬਿਆਨਬਾਜ਼ੀ ਨਾ ਕੀਤੀ ਜਾਵੇ। ਸ੍ਰੀ ਨਾਇਡੂ ਨੇ ਇਤਰਾਜ਼ ਖ਼ਾਰਿਜ ਕਰਦਿਆਂ ਕਿਹਾ ਕਿ ਇਹ ਗੰਭੀਰ ਅਤੇ ਭਾਵਨਤਾਮਕ ਮੁੱਦਾ ਹੈ ਤੇ ਉਨ੍ਹਾਂ ਹੀ ਸਦਨ ਵਿੱਚ ਇਸ ਨੂੰ ਉਠਾਉਣ ਦੀ ਇਜਾਜ਼ਤ ਦਿੱਤੀ ਹੈ। ਕਾਂਗਰਸ ਮੈਂਬਰਾਂ ਵੱਲੋਂ ਸਵਾਲ ਉਠਾਏ ਜਾਣ ’ਤੇ ਸ੍ਰੀ ਨਾਇਡੂ ਨੇ ਸ੍ਰੀ ਢੀਂਡਸਾ ਵੱਲੋਂ ਲਏ ਗਏ ਦੋ ਨਾਵਾਂ (ਟਾਇਟਲਰ ਤੇ ਰਾਜੀਵ ਗਾਂਧੀ) ਨੂੰ ਰਿਕਾਰਡ ਵਿੱਚੋਂ ਕੱਢਣ ਦੀ ਹਦਾਇਤ ਕੀਤੀ। ਆਨੰਦ ਸ਼ਰਮਾ ਨੇ ਕਿਹਾ ਕਿ ਅਦਾਲਤੀ ਮਾਮਲੇ ਸਦਨ ਵਿੱਚ ਚਰਚਾ ਹੇਠ ਨਹੀਂ ਲਿਆਂਦੇ ਜਾ ਸਕਦੇ ਅਤੇ ਸਦਨ ਨੂੰ ਟਰਾਇਲ ਕੋਰਟ ਵਿੱਚ ਨਹੀਂ ਬਦਲਿਆ ਜਾ ਸਕਦਾ ਪਰ ਸਭਾਪਤੀ ਨੇ ਕਿਹਾ ਕਿ ਉਹ ਇਸ ਤੋਂ ਜਾਣੂ ਹਨ ਅਤੇ ਪਹਿਲਾਂ ਵੀ ਅਜਿਹੇ ਮਾਮਲੇ ਵਿਚਾਰੇ ਗਏ ਹਨ। ਸਭਾਪਤੀ ਨੇ ਕਾਂਗਰਸ ਮੈਂਬਰਾਂ ਵੱਲੋਂ ਇਸ ਮੁੱਦੇ ’ਤੇ ਚਰਚਾ ਕਰਨ ਦੀ ਮੰਗ ਨੂੰ ਵੀ ਰੱਦ ਕਰ ਦਿੱਤਾ। ਸ੍ਰੀ ਨਾਇਡੂ ਨੇ ਕਿਹਾ ਕਿ ਅਕਾਲੀ ਦਲ ਦੇ ਮੈਂਬਰ ਅਤੇ ਹੋਰ ਆਗੂਆਂ ਨੇ ਉਨ੍ਹਾਂ ਨਾਲ ਮੁਲਾਕਾਤ ਕਰਕੇ ਕਥਿਤ ‘ਸਟਿੰਗ ਆਪ੍ਰੇਸ਼ਨ’ ਦੀ ਸੀਡੀ ਬਾਰੇ ਦੱਸਿਆ ਸੀ।