ਚੰਡੀਗੜ੍ਹ, 3 ਨਵੰਬਰ
ਪੰਜਾਬ ਵਿੱਚ ਕਾਨੂੰਨ ਵਿਵਸਥਾ (ਲਾਅ ਐਂਡ ਆਰਡਰ) ਦੀ ਵਿਗੜਦੀ ਹਾਲਤ ਨੇ ਕੈਪਟਨ ਸਰਕਾਰ ਦੀ ਨੀਂਦ ਹਰਾਮ ਕੀਤੀ ਹੋਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁੰਬਈ ਤੋਂ ਪਰਤਦਿਆਂ ਡੀਜੀਪੀ ਸੁਰੇਸ਼ ਅਰੋੜਾ, ਇੰਟੈਲੀਜੈਂਸ ਵਿੰਗ ਦੇ ਮੁਖੀ ਦਿਨਕਰ ਗੁਪਤਾ ਅਤੇ ਹੋਰ ਪੁਲੀਸ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਕਾਨੂੰਨ ਵਿਵਸਥਾ ਦੇ ਮੁੱਦੇ ’ਤੇ ਜਾਣਕਾਰੀ ਲਈ। ਸੂਤਰਾਂ ਦਾ ਦੱਸਣਾ ਹੈ ਕਿ ਸੂਬੇ ਦੇ ਵਿਗੜ ਰਹੇ ਹਾਲਾਤ ਕਾਰਨ ਮੁੱਖ ਮੰਤਰੀ ਪੁਲੀਸ ਅਧਿਕਾਰੀਆਂ ਦੀ ਕਾਰਗੁਜ਼ਾਰੀ ਤੋਂ ਕਾਫ਼ੀ ਪ੍ਰੇਸ਼ਾਨ ਹਨ। ਉਨ੍ਹਾਂ ਨੂੰ ਪੰਜਾਬ ਪੁਲੀਸ ਅਤੇ ਖੁਫ਼ੀਆ ਵਿੰਗ ਦੇ ਮੁਖੀ ਦੀ ਕਾਰਗੁਜ਼ਾਰੀ ਸਬੰਧੀ ਲਗਾਤਾਰ ਨਾਂਹ ਪੱਖੀ ਰਿਪੋਰਟਾਂ ਮਿਲ ਰਹੀਆਂ ਹਨ। ਲਗਾਤਾਰ ਵਾਪਰ ਰਹੀਆਂ ਕਤਲ, ਲੁੱਟ ਖੋਹ ਅਤੇ ਹੋਰ ਵਾਰਦਾਤਾਂ ਕਾਰਨ ਹਾਕਮ ਪਾਰਟੀ ਦੇ ਵਿਧਾਇਕ ਵੀ ਸਹਿਮੇ ਹੋਏ ਹਨ। ਕਾਂਗਰਸੀ ਵਿਧਾਇਕਾਂ ਨੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਇਸ ਗੰਭੀਰ ਮੁੱਦੇ ’ਤੇ ਮੁੱਖ ਮੰਤਰੀ ਨਾਲ ਮੀਟਿੰਗ ਕਰਨ ਲਈ ਕਿਹਾ। ਸ੍ਰੀ ਸਿੱਧੂ ਦੀ ਅਗਵਾਈ ਹੇਠ ਕੁੱਝ ਵਿਧਾਇਕਾਂ ਨੇ ਬਾਅਦ ਦੁਪਹਿਰ ਮੁੱਖ ਮੰਤਰੀ ਨਾਲ ਮੀਟਿੰਗ ਕਰ ਕੇ ਵੱਡੇ ਸ਼ਹਿਰਾਂ ਖ਼ਾਸ ਕਰ ਅੰਮ੍ਰਿਤਸਰ ਤੇ ਲੁਧਿਆਣਾ ਵਿੱਚ ਵਿਗੜ ਰਹੀ ਅਮਨ ਕਾਨੂੰਨ ਦੀ ਹਾਲਤ ਤੇ ਗੈਂਗਸਟਰਾਂ ਦੀਆਂ ਗਤੀਵਿਧੀਆਂ ਬਾਰੇ ਚਰਚਾ ਕੀਤੀ ਅਤੇ ਪੁਲੀਸ ਅਧਿਕਾਰੀਆਂ ਦੀ ਕਾਰਗੁਜ਼ਾਰੀ ਸਬੰਧੀ ਤਿੱਖੀਆਂ ਟਿੱਪਣੀਆਂ ਕੀਤੀਆਂ।
ਮੁੱਖ ਮੰਤਰੀ ਨਾਲ ਪੁਲੀਸ ਅਧਿਕਾਰੀਆਂ ਦੀ ਮੀਟਿੰਗ ਵਿੱਚ ਮੁੱਖ ਮੁੱਦਾ ਕਾਨੂੰਨ ਵਿਵਸਥਾ ਰਿਹਾ ਅਤੇ ਮਹੱਤਵਪੂਰਨ ਕੇਸਾਂ ਦੀ ਤਫ਼ਤੀਸ਼ ਬਾਰੇ ਚਰਚਾ ਹੋਈ। ਪੁਲੀਸ ਅਧਿਕਾਰੀਆਂ ਨੇ ਪੁਲੀਸ ਦੀ ਕਾਰਗੁਜ਼ਾਰੀ ’ਤੇ ਚਾਨਣਾ ਪਾਇਆ ਅਤੇ ਭਵਿੱਖ ਵਿੱਚ ਮੁਸਤੈਦੀ ਲਈ ਨਹਿਰਾਂ, ਦਰਿਆਵਾਂ ਦੇ ਪੁਲਾਂ ਅਤੇ ਹੋਰ ਅਹਿਮ ਥਾਵਾਂ ’ਤੇ ਕਲੋਜ਼ ਸਰਕਟ ਕੈਮਰੇ ਫਿੱਟ ਕਰਨ ਬਾਰੇ ਪੇਸ਼ਕਾਰੀ ਦਿੱਤੀ। ਸ੍ਰੀ ਅਰੋੜਾ ਅਤੇ ਪੁਲੀਸ ਅਧਿਕਾਰੀਆਂ ਨੇ ਕਤਲ ਕੇਸਾਂ ਦੀ ਤਫ਼ਤੀਸ਼ ਬਾਰੇ ਵੀ ਦੱਸਿਆ। ਸੂਤਰਾਂ ਦਾ ਕਹਿਣਾ ਹੈ ਕਿ ਪੁਲੀਸ ਅਫ਼ਸਰਾਂ ਵੱਲੋਂ ਤਫ਼ਤੀਸ਼ ਸਬੰਧੀ ਦਿੱਤੇ ਤੱਥ ਮੁੱਖ ਮੰਤਰੀ ਦੀ ਤਸੱਲੀ ਨਹੀਂ ਕਰਵਾ ਸਕੇ। ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੀਆਂ ਜੇਲ੍ਹਾਂ ਵਿੱਚ ਗੈਂਗਸਟਰਾਂ ਦੀਆਂ ‘ਮੌਜਾਂ’ ਸਬੰਧੀ ਵੀ ਪੁਲੀਸ ਨਾਲ ਨਾਰਾਜ਼ਗੀ ਪ੍ਰਗਟਾਈ। ਪੁਲੀਸ ਦੀ ਢਿੱਲੀ ਕਾਰਵਾਈ ਕਾਰਨ ਆਉਂਦੇ ਦਿਨਾਂ ਦੌਰਾਨ ਕੁੱਝ ਪੁਲੀਸ ਅਫ਼ਸਰਾਂ ਖ਼ਿਲਾਫ਼ ਕਾਰਵਾਈ ਹੋ ਸਕਦੀ ਹੈ। ਪੰਜਾਬ ਵਿੱਚ ਪਿਛਲੇ ਡੇਢ ਕੁ ਸਾਲ ਦੌਰਾਨ 9 ਅਹਿਮ ਵਿਅਕਤੀਆਂ ਦੇ ਕਤਲ ਹੋ ਚੁੱਕੇ ਹਨ ਤੇ ਪੁਲੀਸ ਦੀ ਕਾਰਗੁਜ਼ਾਰੀ ਇਸ ਮਾਮਲੇ ’ਤੇ ਜ਼ੀਰੋ ਦਿਖਾਈ ਦੇ ਰਹੀ ਹੈ।
ਮੁੱਖ ਮੰਤਰੀ ਨਾਲ ਮੀਟਿੰਗ ਵਿੱਚ ਡੀਜੀਪੀ (ਕਾਨੂੰਨ ਵਿਵਸਥਾ) ਹਰਦੀਪ ਸਿੰਘ ਢਿੱਲੋਂ, ਐਸ.ਟੀ.ਐਫ. ਦੇ ਮੁਖੀ ਹਰਪ੍ਰੀਤ ਸਿੰਘ ਸਿੱਧੂ, ਚਾਰਾਂ ਜ਼ੋਨਾਂ ਦੇ ਆਈਜੀ ਅਤੇ ਲੁਧਿਆਣਾ, ਜਲੰਧਰ ਤੇ ਅੰਮ੍ਰਿਤਸਰ ਦੇ ਪੁਲੀਸ ਕਮਿਸ਼ਨਰ ਵੀ ਮੌਜੂਦ ਸਨ। ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਅੰਮ੍ਰਿਤਸਰ ਵਿੱਚ ਵਾਪਰੀ ਤਾਜ਼ਾ ਘਟਨਾ ਅਤੇ ਲੁਧਿਆਣਾ ’ਚ ਚੋਣਵੇਂ ਵਿਅਕਤੀਆਂ ਦੇ ਕਤਲਾਂ ਕਾਰਨ ਹਾਕਮ ਪਾਰਟੀ ਦੇ ਆਗੂ ਵੀ ਸਹਿਮੇ ਹੋਏ ਹਨ। ਕਾਂਗਰਸ ਦੇ ਵਿਧਾਇਕ ਇਸ ਮੁੱਦੇ ’ਤੇ ਪੁਲੀਸ ਵਿਰੁੱਧ ਵੀ ਲਾਮਬੰਦ ਹੋਣ ਲੱਗੇ ਹਨ।
ਇਸ ਦੌਰਾਨ ਮੁੱਖ ਮੰਤਰੀ ਨੂੰ ਇਸ ਮਾਮਲੇ ’ਤੇ ਵਿਸ਼ੇਸ਼ ਤੌਰ ’ਤੇ ਮਿਲਣ ਪਹੁੰਚੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੱਧੂ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਵਿਧਾਇਕਾਂ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਕਤਲ ਦੀਆਂ ਵਾਰਦਾਤਾਂ ਅਤੇ ਗੈਂਗਸਟਰਾਂ ਦੀਆਂ ਗਤੀਵਿਧੀਆਂ ਨੇ ਲੋਕਾਂ ਵਿੱਚ ਦਹਿਸ਼ਤ ਪੈਦਾ ਕੀਤੀ ਹੈ। ਸੂਤਰਾਂ ਮੁਤਾਬਕ ਮੰਤਰੀ ਅਤੇ ਵਿਧਾਇਕਾਂ ਨੇ ਕੁੱਝ ਪੁਲੀਸ ਅਫ਼ਸਰਾਂ ਦੀ ਕਾਰਗੁਜ਼ਾਰੀ ’ਤੇ ਵੀ ਸਵਾਲ ਖੜ੍ਹੇ ਕੀਤੇ। ਉਨ੍ਹਾਂ ਅੰਮ੍ਰਿਤਸਰ ਤੇ ਹੋਰ ਸ਼ਹਿਰਾਂ ’ਚ ਸਖ਼ਤ ਸੁਰੱਖਿਆ ਪ੍ਰਬੰਧ ਕਰਨ ਲਈ ਵੀ ਕਿਹਾ।