ਪਟਿਆਲਾ, 21 ਜੁਲਾਈ
ਭਾਈ ਬਲਵੰਤ ਸਿੰਘ ਰਾਜੋਆਣਾ ਦੀ ਧਰਮ ਦੀ ਭੈਣ ਕਮਲਦੀਪ ਕੌਰ ਦੇ ਪਤੀ ਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਬਤੌਰ ਮੁਲਾਜ਼ਮ ਸੇਵਾਵਾਂ ਜਾਰੀ ਰੱਖਣ ਦੇ ਮੁੱਦੇ ’ਤੇ ਸ਼੍ਰੋਮਣੀ ਕਮੇਟੀ ਦੁਚਿੱਤੀ ਵਿੱਚ ਹੈ| ਸ਼੍ਰੋਮਣੀ ਕਮੇਟੀ ਇਸ ਬਾਰੇ ਫੈਸਲਾ ਲੈਣਾ ਚਾਹੁੰਦੀ ਤਾਂ ਹੈ ਪਰ ਕਥਿਤ ਅਜਿਹਾ ਕਰਨ ਤੋਂ ਝਿਜਕ ਰਹੀ ਹੈ| ਦੱਸਣਯੋਗ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਤਤਕਾਲੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬੰਡੂਗਰ ਦੇ ਕਾਰਜਕਾਲ ਦੌਰਾਨ ਭਰਤੀ ਕੀਤੇ ਗਏ 523 ਮੁਲਾਜ਼ਮਾਂ ਨੂੰ ਹਟਾ ਦਿੱਤਾ ਗਿਆ ਸੀ| ਪਰ ਕਮਲਦੀਪ ਕੌਰ ਦੇ ਪਤੀ ਬਲਜੀਤ ਸਿੰਘ ਨੂੰ ਇਸ ਕਾਰਵਾਈ ਤੋਂ ਬਾਹਰ ਰੱਖ ਲਿਆ ਗਿਆ ਸੀ| ਜਾਣਕਾਰੀ ਅਨੁਸਾਰ ਬਲਜੀਤ ਸਿੰਘ ਨੂੰ ਸ਼੍ਰੋਮਣੀ ਕਮੇਟੀ ਦੇ ਅਧੀਨ ਪੈਂਦੇ ਇੱਕ ਵਿਦਿਅਕ ਟਰੱਸਟ ਵਿੱਚ ਪ੍ਰੋ. ਬੰਡੂਗਰ ਦੀ ਸਿਫਾਰਸ਼ ’ਤੇ ਹੀ ਅਡਜਸਟ ਕੀਤਾ ਗਿਆ ਸੀ| ਸੂਤਰ ਦੱਸਦੇ ਹਨ ਕਿ ਜੇਕਰ ਸ਼੍ਰੋਮਣੀ ਕਮੇਟੀ ਦੇ ਪਿਛਲੇ ਪ੍ਰਧਾਨ ਪ੍ਰੋ. ਬੰਡੂਗਰ ਵੇਲੇ ਭਰਤੀ ਸਾਰੇ ਮੁਲਾਜ਼ਮਾਂ ਨੂੰ ਨੌਕਰੀ ਤੋਂ ਫਾਰਗ ਕਰ ਦਿੱਤਾ ਗਿਆ ਸੀ, ਤਾਂ ਫਿਰ ਬਲਜੀਤ ਸਿੰਘ ਦੀਆਂ ਸੇਵਾਵਾਂ ਕਿਸ ਲਿਹਾਜ਼ ਨਾਲ ਜਾਰੀ ਰੱਖੀਆਂ ਗਈਆਂ ਹਨ? ਅੱਜ ਇਥੇ ਕੇਂਦਰੀ ਜੇਲ੍ਹ ਵਿੱਚ ਭਾਈ ਰਾਜੋਆਣਾ ਨੂੰ ਮਿਲਣ ਆਏ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਜਦੋਂ ਬਲਜੀਤ ਸਿੰਘ ਦੀਆਂ ਸੇਵਾਵਾਂ ਜਾਰੀ ਰੱਖਣ ਦੇ ਫ਼ੈਸਲੇ ਬਾਰੇ ਪੁੱਛਿਆਂ ਤਾਂ ਉਨ੍ਹਾਂ ਇਹ ਕਹਿੰਦਿਆਂ ਖਹਿੜਾ ਛੁਡਾ ਲਿਆ ਕਿ ਫਿਲਹਾਲ ਭਾਈ ਰਾਜੋਆਣਾ ਦੀ ਭੁੱਖ ਹੜਤਾਲ ਦਾ ਮਸਲਾ ਨਜਿੱਠਿਆ ਜਾ ਰਿਹਾ ਹੈ, ਇਸ ਮਸਲੇ ਨੂੰ ਬਾਅਦ ਵਿੱਚ ਵਿਚਾਰਿਆ ਜਾ ਸਕਦਾ ਹੈ|
ਸੂਤਰਾਂ ਮੁਤਾਬਕ ਸ਼੍ਰੋਮਣੀ ਕਮੇਟੀ ਬਲਜੀਤ ਸਿੰਘ ਦੀਆਂ ਸੇਵਾਵਾਂ ਨੂੰ ਲੈ ਕੇ ਦੁਚਿੱਤੀ ਵਿੱਚ ਹੈ| ਦੱਸਿਆ ਜਾਂਦਾ ਹੈ ਜਦੋਂ ਪ੍ਰੋ. ਬੰਡੂਗਰ ਵੱਲੋਂ ਭਰਤੀ ਕੀਤੇ ਮੁਲਾਜ਼ਮਾਂ ਦੀ ਛਾਂਟੀ ਸਬੰਧੀ ਵਿਚਾਰ ਹੋ ਰਹੀ ਸੀ, ਤਾਂ ਉਦੋਂ ਵੀ ਸ਼੍ਰੋਮਣੀ ਕਮੇਟੀ ਦੇ ਗਲਿਆਰਿਆਂ ਅੰਦਰ ਬਲਜੀਤ ਸਿੰਘ ਦੀਆਂ ਸੇਵਾਵਾਂ ’ਤੇ ਚਰਚਾ ਹੋਈ ਸੀ, ਪਰ ਬਾਅਦ ‘ਚ ਇਹ ਮਾਮਲਾ ਕਿਸੇ ਤਣ ਪੱਤਣ ਨਾ ਲੱਗ ਸਕਿਆ| ਸੂਤਰ ਦੱਸਦੇ ਹਨ ਕਿ ਸ਼੍ਰੋਮਣੀ ਕਮੇਟੀ ਇਸ ਮੁੱਦੇ ’ਤੇ ਕੋਈ ਫੈਸਲਾ ਨਾ ਲੈਣਾ ਹੀ ਬਿਹਤਰ ਸਮਝ ਰਹੀ ਹੈ| ਜਾਣਕਾਰੀ ਅਨੁਸਾਰ ਜੇਲ੍ਹ ‘ਚ ਬੰਦ ਭਾਈ ਰਾਜੋਆਣਾ ਵੱਲੋਂ ਉਲੀਕੇ ਹਰ ਪ੍ਰੋਗਰਾਮ ਦੀ ਅਗਵਾਈ ਉਸ ਦੀ ਧਰਮ ਦੀ ਭੈਣ ਕਮਲਦੀਪ ਕੌਰ ਤੇ ਬਲਜੀਤ ਸਿੰਘ ਦੇ ਹੀ ਹੱਥ ਹੁੰਦੀ ਹੈ|