ਚੰਡੀਗੜ੍ਹ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤਿੰਨ ਦਹਾਕੇ ਪਹਿਲਾਂ ਹੋਏ ਦੰਗਿਆਂ ਵਿੱਚ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਆਏ ਨਾਮ ਨੂੰ ਗਲਤ ਕਹਿੰਦਿਆਂ ਦਾਅਵਾ ਕੀਤਾ ਕਿ ਉਨ੍ਹਾਂ ਦੇ ਦਿੱਲੀ ਪਹੁੰਚਣ ਤੋਂ ਪਹਿਲਾਂ ਹੀ ਦੰਗੇ ਸ਼ੁਰੂ ਹੋ ਗਏ ਸਨ। ਇਸ ਦਾਅਵੇ ਨੇ 1984 ਦੇ ਸਿੱਖ ਕਤਲੇਆਮ ਦੇ ਮੁੱਦੇ ਉਪਰ ਨਵੀਂ ਚਰਚਾ ਛੇੜ ਦਿੱਤੀ ਹੈ। ਉਨ੍ਹਾਂ ਦੰਗਿਆਂ ਵਿੱਚ ਰਾਜੀਵ ਗਾਂਧੀ ਦੀ ਭੂਮਿਕਾ ’ਤੇ ਸਵਾਲ ਉਠਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਆਲੋਚਨਾ ਕੀਤੀ। ਮੁੱਖ ਮੰਤਰੀ ਕੈਪਟਨ ਨੇ ਦਾਅਵਾ ਕੀਤਾ ਕਿ ਹਿੰਸਾ ਸ਼ੁਰੂ ਹੋਣ ਵੇਲੇ ਇੰਦਰਾ ਗਾਂਧੀ ਦਾ ਵੱਡਾ ਪੁੱਤਰ ਦਿੱਲੀ ਵਿੱਚ ਮੌਜੂਦ ਨਹੀਂ ਸੀ। ਉਨ੍ਹਾਂ ਦਾਅਵਾ ਕੀਤਾ ਕਿ ਦੰਗੇ ਸ਼ੁਰੂ ਹੋਣ ਵੇਲੇ ਰਾਜੀਵ ਗਾਂਧੀ ਚੋਣ ਦੌਰੇ ’ਤੇ ਕਲਕੱਤਾ ਤੋਂ 150 ਕਿਲੋਮੀਟਰ ਦੂਰ ਕੋਂਟਾਈ ਵਿੱਚ ਸਨ। ਉਨ੍ਹਾਂ ਦੋਸ਼ ਲਾਇਆ ਕਿ ਸੁਖਬੀਰ ਬਾਦਲ ਟੀ.ਵੀ. ਇੰਟਰਵਿਊ ਵਿੱਚ ਜਗਦੀਸ਼ ਟਾਈਟਲਰ ਦੇ ਬਿਆਨ ਨੂੰ ਜਾਣਬੁੱਝ ਕੇ ਗਲਤ ਢੰਗ ਨਾਲ ਪੇਸ਼ ਕਰ ਰਹੇ ਹਨ। ਮੁੱਖ ਮੰਤਰੀ ਨੇ ਇਸ ਸਟਿੰਗ ਅਪਰੇਸ਼ਨ ਨਾਲ ਰਾਜੀਵ ਗਾਂਧੀ ਨੂੰ ਜੋੜਨ ਦੀ ਕੋਸ਼ਿਸ਼ ਕਰਨ ਲਈ ਅਕਾਲੀ ਆਗੂ ਦੀ ਆਲੋਚਨਾ ਕਰਦਿਆਂ ਕਿਹਾ ਕਿ ਟਾਈਟਲਰ ਪਹਿਲਾਂ ਹੀ ਇਸ ਸਟਿੰਗ ਨੂੰ ਜਾਅਲੀ ਵੀਡੀਓ ਆਖ ਕੇ ਰੱਦ ਕਰ ਚੁੱਕੇ ਹਨ।
ਮੁੱਖ ਮੰਤਰੀ ਨੇ ਟਾਈਟਲਰ ਦੇ ਬਿਆਨ ਦੇ ਕੁਝ ਹਿੱਸਿਆਂ ਨੂੰ ਸੰਦਰਭ ਨਾਲੋਂ ਤੋੜ ਕੇ ਪੇਸ਼ ਕਰਨ ਲਈ ਸੁਖਬੀਰ ਦੀ ਆਲੋਚਨਾ ਕਰਦਿਆਂ ਇਸ ਨੂੰ ਗੈਰ-ਜ਼ਿੰਮੇਵਾਰੀ ਵਾਲੇ ਵਿਵਹਾਰ ਦਾ ਸਿਖ਼ਰ ਦੱਸਿਆ। ਉਨ੍ਹਾਂ ਦੋਸ਼ ਲਾਇਆ ਕਿ ਅਕਾਲੀ ਫੁੱਟਪਾਊ ਸ਼ਕਤੀਆਂ ਦੇ ਹੱਥਾਂ ਵਿੱਚ ਖੇਡ ਰਹੇ ਹਨ ਅਤੇ ਇਹ ਗੱਲ ਮੁੜ ਪੰਜਾਬ ਦੀ ਸ਼ਾਂਤੀ ਤੇ ਸਥਿਰਤਾ ਨੂੰ ਢਾਹ ਲਾ ਸਕਦੀ ਹੈ।