ਸਮੂਹ ਪੰਜਾਬੀਆਂ ਤੋਂ ਮੁਆਫ਼ੀ ਮੰਗਣ ਵੜਿੰਗ-ਮਨਜਿੰਦਰ ਸਿੱਧੂ
ਚੰਡੀਗੜ, 24 ਨਵੰਬਰ 2018
ਕਾਂਗਰਸ ਦੇ ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੁਆਰਾ ਰਾਜਸਥਾਨ ਦੇ ਪੀਲੀਆਂ ਬੰਗਾ ਵਿਖੇ ਚੋਣ ਪ੍ਰਚਾਰ ਦੌਰਾਨ ਪੰਜਾਬ ਵਿਚ ਨਸ਼ਿਆਂ ਸੰਬੰਧੀ ਦਿੱਤੇ ਬਿਆਨ ਦਾ ਆਮ ਆਦਮੀ ਪਾਰਟੀ ਨੇ ਸਖ਼ਤ ਸ਼ਬਦਾਂ ਵਿਚ ਵਿਰੋਧ ਕੀਤਾ ਹੈ।
‘ਆਪ’ ਹੈੱਡਕੁਆਟਰ ਵੱਲੋਂ ਜਾਰੀ ਪ੍ਰੈੱਸ ਬਿਆਨ ਵਿਚ ‘ਆਪ’ ਯੂਥ ਵਿੰਗ ਦੇ ਇੰਚਾਰਜ ਵਿਧਾਇਕ ਮੀਤ ਹੇਅਰ ਅਤੇ ਪ੍ਰਧਾਨ ਮਨਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਰਾਜਾ ਵੜਿੰਗ ਦੇ ਬਿਆਨ ਤੋਂ ਕੈਪਟਨ ਸਰਕਾਰ ਦੇ ਨਸ਼ਿਆਂ ਸੰਬੰਧੀ ਗੰਭੀਰਤਾ ਦਾ ਪਤਾ ਚੱਲਦਾ ਹੈ। ‘ਆਪ’ ਆਗੂਆਂ ਨੇ ਕਿਹਾ ਕਿ ਕਾਂਗਰਸੀ ਆਗੂ ਦੇ ਬਿਆਨ ਤੋਂ ਇਹ ਸਿੱਧ ਹੁੰਦਾ ਹੈ ਕਿ ਪੰਜਾਬ ਵਿਚ ਸ਼ਰਾਬ ਸਮੇਤ ਹੋਰ ਨਸ਼ੇ ਖੁੱਲੇਆਮ ਵਿਕਦੇ ਹਨ।
ਹੇਅਰ ਨੇ ਕਿਹਾ ਕਿ ਪੰਜਾਬ ਵਿਚ ਨੌਜਵਾਨ ਬੇਰੁਜ਼ਗਾਰੀ ਕਾਰਨ ਨਸ਼ਿਆਂ ਦੀ ਚੁੰਗਲ ਵਿਚ ਫਸ ਰਹੇ ਹਨ ਅਤੇ ਕਾਂਗਰਸੀ ਨੇਤਾ ਇਸ ਦਾ ਹੱਲ ਲੱਭਣ ਦੀ ਥਾਂ ਹੋਰ ਸੂਬਿਆਂ ਵਿਚ ਜਾ ਕੇ ਪੰਜਾਬ ਦਾ ਮਜ਼ਾਕ ਉਡਾ ਰਹੇ ਹਨ। ਉਨਾਂ ਕਿਹਾ ਕਿ ਵੜਿੰਗ ਦੇ ਭਾਸ਼ਣ ਤੋਂ ਇਹ ਪ੍ਰਤੀਤ ਹੋ ਰਿਹਾ ਹੈ ਕਿ ਪੰਜਾਬ ਵਿਚ ਜੰਗਲ ਰਾਜ ਹੈ ਅਤੇ ਕਾਂਗਰਸੀ ਆਗੂ ਆਪਣੀਆਂ ਮਨਮਰਜ਼ੀਆਂ ਕਰ ਸਕਦੇ ਹਨ।
ਵੜਿੰਗ ਦੁਆਰਾ ਪੰਜਾਬ ਦੇ ਅਧਿਕਾਰੀਆਂ ਸੰਬੰਧੀ ਦਿੱਤੇ ਬਿਆਨ ਬਾਰੇ ਬੋਲਦਿਆਂ ਸਿੱਧੂ ਨੇ ਕਿਹਾ ਕਿ ਅਜਿਹਾ ਕਰ ਕੇ ਉਨਾਂ ਨੇ ਅਧਿਕਾਰੀਆਂ ਦਾ ਮਨੋਬਲ ਡੇਗਣ ਦਾ ਕੰਮ ਕੀਤਾ ਹੈ। ਉਨਾਂ ਕਿਹਾ ਕਿ ਪੰਜਾਬ ਵਿਚ ਸਰਕਾਰ ਸੰਪੂਰਨ ਤੌਰ ਤੇ ਫ਼ੇਲ ਹੋ ਚੁੱਕੀ ਹੈ ਅਤੇ ਲੋਕ ਆਪਣੀਆਂ ਸਹੂਲਤਾਂ ਲਈ ਤਰਸ ਰਹੇ ਹਨ। ਉਨਾਂ ਕਿਹਾ ਕਿ ਰਾਜਾ ਵੜਿੰਗ ਸਮੂਹ ਪੰਜਾਬੀਆਂ ਅਤੇ ਖ਼ਾਸ ਤੌਰ ਤੇ ਆਪਣਾ ਕੰਮ ਇਮਾਨਦਾਰੀ ਨਾਲ ਕਰਨ ਵਾਲੇ ਅਧਿਕਾਰੀਆਂ ਤੋਂ ਮੁਆਫ਼ੀ ਮੰਗਣ।
ਚੋਣ ਕਮਿਸ਼ਨ ਦਾ ਇਸ ਮਾਮਲੇ ਵਿਚ ਦਖਲ ਦੇਣ ਦੀ ਗੁਹਾਰ ਕਰਦਿਆਂ ‘ਆਪ’ ਆਗੂਆਂ ਨੇ ਕਿਹਾ ਕਿ ਚੋਣ ਕਮਿਸ਼ਨ ਪੀਲੀਆਂ ਬੰਗਾ ਤੋਂ ਕਾਂਗਰਸੀ ਉਮੀਦਵਾਰ ਦੇ ਰਾਜਾ ਵੜਿੰਗ ਦੇ ਇਸ ਬਿਆਨ ਕਾਰਨ ਕਾਗਜ਼ ਰੱਦ ਕਰੇ। ਉਨਾਂ ਕਿਹਾ ਕਿ ਚੋਣਾਂ ਵਿਚ ਵੋਟਰਾਂ ਨੂੰ ਨਸ਼ੇ ਨਾਲ ਭਰਮਾ ਕੇ ਵੋਟਾਂ ਲੈਣ ਦੀ ਨੀਅਤ ਕਾਰਨ ਉਮੀਦਵਾਰ ਵਿਰੁੱਧ ਮਾਮਲਾ ਦਰਜ ਕਰਨਾ ਚਾਹੀਦਾ ਹੈ। ‘ਆਪ’ ਆਗੂਆਂ ਨੇ ਕਿਹਾ ਕਿ ਨਸ਼ਿਆਂ ਨੂੰ ਵਧਾਵਾ ਦੇਣ ਦੇ ਬਿਆਨ ਕਾਰਨ ਚੋਣ ਕਮਿਸ਼ਨ ਰਾਜਾ ਵੜਿੰਗ ‘ਤੇ ਰਾਜਸਥਾਨ ਚੋਣਾਂ ਵਿਚ ਰੈਲੀਆਂ ਕਰਨ ਉੱਤੇ ਰੋਕ ਲਗਾਵੇ।