ਚੰਡੀਗੜ੍ਹ, 4 ਅਗਸਤ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਰਾਜਸਥਾਨ ਵਿੱਚ ਪਾਰਟੀ ਦੀਆਂ ਸਰਗਰਮੀਆਂ ਤੇਜ਼ ਕਰਨ ਦਾ ਫੈਸਲਾ ਕੀਤਾ ਹੈ। ਸ੍ਰੀ ਬਾਦਲ ਨੇ ਅੱਜ ਇਥੇ ਪਾਰਟੀ ਵੱਲੋਂ ਰਾਜਸਥਾਨ ਦੇ ਨਿਯੁਕਤ ਕੀਤੇ ਅਬਜ਼ਰਵਰ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਤੇ ਸਹਾਇਕ ਅਬਜ਼ਰਵਰ ਰਣਜੀਤ ਸਿੰਘ ਖੰਨਾ ਨਾਲ ਮੀਟਿੰਗ ਕਰਕੇ ਇਸ ਮੁੱਦੇ ਉਪਰ ਚਰਚਾ ਕੀਤੀ।
ਸ੍ਰੀ ਬਾਦਲ ਨੇ ਅਬਜ਼ਰਵਰਾਂ ਨੂੰ ਰਾਜਸਥਾਨ ਵਿੱਚ ਸਰਗਰਮੀਆਂ ਤੇਜ਼ ਕਰਨ ਅਤੇ ਉਥੇ ਵਸਦੇ ਸਿੱਖਾਂ ਦੀਆਂ ਮੰਗਾਂ ਉਭਾਰਨ ਲਈ ਕਿਹਾ। ਇਸ ਮੌਕੇ ਸੁਖਬੀਰ ਬਾਦਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸਕੱਤਰ ਦਲਮੇਘ ਸਿੰਘ ਖੱਟੜਾ ਅਤੇ ਅਕਾਲੀ ਆਗੂਆਂ ਸੁਖਵਿੰਦਰ ਸਿੰਘ ਸੁੱਖੀ, ਹਰਪ੍ਰੀਤ ਗਰੇਵਾਲ, ਗੁਰਕੀਰਤ ਸਿੰਘ, ਜਗਦੀਪ ਸਿੰਘ ਸੁੱਖਾ, ਗੁਰਦੀਪ ਸਿੰਘ ਨੀਟਾ, ਗੁਰਮੱਖ ਸਿੰਘ ਬੁੱਲੇਪੁਰ ਆਦਿ ਨਾਲ ਕਰਨੈਲ ਸਿੰਘ ਈਸੜੂ ਅਤੇ ਭੁਪਿੰਦਰ ਸਿੰਘ ਈਸੜੂ ਦੀ ਯਾਦ ਵਿੱਚ ਹਰੇਕ ਸਾਲ ਵਾਂਗ 15 ਅਗਸਤ ਨੂੰ ਪਾਰਟੀ ਵੱਲੋਂ ਕਰਵਾਈ ਜਾ ਰਹੀ ਕਾਨਫਰੰਸ ਦੀਆਂ ਤਿਆਰੀਆਂ ਦਾ ਵੀ ਜਾਇਜ਼ਾ ਲਿਆ। ਇਸ ਵਾਰ ਵੱਡੀ ਕਾਨਫਰੰਸ ਕਰਨ ਦਾ ਫੈਸਲਾ ਕੀਤਾ ਗਿਆ। ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਹੁਣ ਪੰਜਾਬ ਤੋਂ ਬਾਹਰ ਰਾਜਸਥਾਨ ਅਤੇ ਹਰਿਆਣਾ ਸਮੇਤ ਹੋਰ ਰਾਜਾਂ ਵਿੱਚ ਵੀ ਸਰਗਰਮੀਆਂ ਵਧਾ ਰਿਹਾ ਹੈ। ਸ੍ਰੀ ਮਲੂਕਾ ਤੇ ਸਹਾਇਕ ਅਬਜ਼ਰਵਰ ਸ੍ਰੀ ਖੰਨਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਜਲਦ ਹੀ ਰਾਜਸਥਾਨ ਵਿੱਚ ਮੀਟਿੰਗਾਂ ਦਾ ਦੌਰ ਸ਼ੁਰੂ ਕੀਤਾ ਜਾ ਰਿਹਾ ਹੈ।