ਅਸਾਮ : ਅਸਾਮ ਦੇ ਹੋਜਈ ਜ਼ਿਲ੍ਹੇ ਵਿੱਚ ਹਾਥੀਆਂ ਦੇ ਝੁੰਡ ਦੀ ਸੈਰੰਗ-ਨਵੀਂ ਦਿੱਲੀ ਰਾਜਧਾਨੀ ਐਕਸਪ੍ਰੈਸ ਨਾਲ ਟੱਕਰ ਹੋ ਗਈ। ਇਸ ਹਾਦਸੇ ਵਿੱਚ ਸੱਤ ਹਾਥੀਆਂ ਦੀ ਮੌਤ ਹੋ ਗਈ ਅਤੇ ਇੱਕ ਹਾਥੀ ਦਾ ਬੱਚਾ ਜ਼ਖਮੀ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਰੇਲਗੱਡੀ ਦਾ ਇੰਜਣ ਅਤੇ ਪੰਜ ਡੱਬੇ ਵੀ ਪਟੜੀ ਤੋਂ ਉਤਰ ਗਏ।

ਇਹ ਹਾਦਸਾ ਸਵੇਰੇ 2:17 ਵਜੇ ਚਾਂਗਜੁਰਾਈ ਪਿੰਡ ਨੇੜੇ ਵਾਪਰਿਆ। ਪਹਿਲਾਂ ਅੱਠ ਹਾਥੀਆਂ ਦੇ ਮਾਰੇ ਜਾਣ ਦੀ ਖ਼ਬਰ ਸੀ, ਪਰ ਬਾਅਦ ਵਿੱਚ ਪੁਸ਼ਟੀ ਹੋਈ ਕਿ ਇੱਕ ਬੱਚਾ ਹਾਥੀ ਜ਼ਿੰਦਾ ਹੈ ਅਤੇ ਗੰਭੀਰ ਰੂਪ ਵਿੱਚ ਜ਼ਖਮੀ ਹੈ। ਹਾਦਸੇ ਵਿੱਚ ਕਿਸੇ ਵੀ ਯਾਤਰੀ ਦੇ ਜ਼ਖਮੀ ਹੋਣ ਦੀ ਖ਼ਬਰ ਨਹੀਂ ਹੈ। ਜਾਣਕਾਰੀ ਦਿੰਦਿਆਂ ਨਾਗਾਓਂ ਡਿਵੀਜ਼ਨਲ ਫੋਰੈਸਟ ਅਫਸਰ ਸੁਹਾਸ ਕਦਮ ਨੇ ਕਿਹਾ ਕਿ ਇਹ ਹਾਦਸਾ ਇਲਾਕੇ ਵਿੱਚ ਸੰਘਣੀ ਧੁੰਦ ਕਾਰਨ ਹੋਇਆ ਹੋਣ ਦੀ ਸੰਭਾਵਨਾ ਹੈ। ਮਰੇ ਹੋਏ ਹਾਥੀਆਂ ਦਾ ਪੋਸਟਮਾਰਟਮ ਕੀਤਾ ਜਾ ਰਿਹਾ ਹੈ, ਜਦਕਿ ਸਥਾਨਕ ਪਸ਼ੂਆਂ ਦੇ ਡਾਕਟਰ ਜ਼ਖਮੀ ਹਾਥੀ ਦਾ ਇਲਾਜ ਕਰ ਰਹੇ ਹਨ।

ਦੂਜੇ ਪਾਸੇ ਗੱਲਬਾਤ ਕਰਦਿਆਂ ਉੱਤਰ-ਪੂਰਬੀ ਸਰਹੱਦੀ ਰੇਲਵੇ (ਐਨਐਫਆਰ) ਦੇ ਮੁੱਖ ਲੋਕ ਸੰਪਰਕ ਅਧਿਕਾਰੀ ਨੇ ਕਿਹਾ ਕਿ ਇਹ ਹਾਦਸਾ ਗੁਹਾਟੀ ਤੋਂ ਲਗਭਗ 126 ਕਿਲੋਮੀਟਰ ਦੂਰ ਲੁਮਡਿੰਗ ਡਿਵੀਜ਼ਨ ਦੇ ਜਮੁਨਾਮੁਖ-ਕਾਨਪੁਰ ਸੈਕਸ਼ਨ ਵਿੱਚ ਵਾਪਰਿਆ। ਹਾਦਸੇ ਵਾਲੀ ਥਾਂ ਇੱਕ ਸੂਚਿਤ ਹਾਥੀ ਕੋਰੀਡੋਰ ਨਹੀਂ ਹੈ। ਅਧਿਕਾਰੀ ਦੇ ਅਨੁਸਾਰ ਹਾਥੀਆਂ ਦਾ ਇੱਕ ਝੁੰਡ ਅਚਾਨਕ ਟ੍ਰੇਨ ਦੇ ਸਾਹਮਣੇ ਆ ਗਿਆ। ਲੋਕੋ ਪਾਇਲਟ ਨੇ ਐਮਰਜੈਂਸੀ ਬ੍ਰੇਕ ਲਗਾਈ, ਪਰ ਹਾਥੀ ਫਿਰ ਵੀ ਟ੍ਰੇਨ ਨਾਲ ਟਕਰਾ ਗਏ। ਜੰਗਲਾਤ ਅਧਿਕਾਰੀ ਨੇ ਕਿਹਾ ਕਿ ਮ੍ਰਿਤਕ ਹਾਥੀਆਂ ਦਾ ਅੰਤਿਮ ਸੰਸਕਾਰ ਘਟਨਾ ਸਥਾਨ ਦੇ ਨੇੜੇ ਕੀਤਾ ਜਾਵੇਗਾ।

ਇਸੇ ਦੌਰਾਨ ਐਨਐਫਆਰ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸੈਰੰਗ ਨਵੀਂ ਦਿੱਲੀ ਰਾਜਧਾਨੀ ਐਕਸਪ੍ਰੈਸ ਮਿਜ਼ੋਰਮ ਦੇ ਸੈਰੰਗ (ਐਜ਼ੌਲ ਦੇ ਨੇੜੇ) ਤੋਂ ਦਿੱਲੀ ਦੇ ਆਨੰਦ ਵਿਹਾਰ ਟਰਮੀਨਲ ਤੱਕ ਚੱਲਦੀ ਹੈ। ਪ੍ਰਭਾਵਿਤ ਡੱਬਿਆਂ ਨੂੰ ਹਟਾ ਦਿੱਤਾ ਗਿਆ ਅਤੇ ਬਾਕੀ ਟ੍ਰੇਨ ਚਾਰ ਘੰਟੇ ਬਾਅਦ ਸਵੇਰੇ 6:11 ਵਜੇ ਗੁਹਾਟੀ ਲਈ ਰਵਾਨਾ ਹੋਈ। ਗੁਹਾਟੀ ਵਿੱਚ, ਟ੍ਰੇਨ ਨਾਲ ਵਾਧੂ ਡੱਬੇ ਜੋੜੇ ਗਏ, ਜਿਨ੍ਹਾਂ ਨੂੰ ਦੁਬਾਰਾ ਚੜ੍ਹਾਇਆ ਗਿਆ। ਇਸ ਤੋਂ ਬਾਅਦ ਟ੍ਰੇਨ ਨੇ ਆਪਣੀ ਅੱਗੇ ਦੀ ਯਾਤਰਾ ਦੁਬਾਰਾ ਸ਼ੁਰੂ ਕਰ ਦਿੱਤੀ।