ਜਲੰਧਰ, 10 ਜਨਵਰੀ
ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਰਜਨੀਸ਼ ਅਰੋੜਾ ਦੇ ਕਾਰਜਕਾਲ ਦੌਰਾਨ ਹੋਏ 25 ਕਰੋੜ ਦੇ ਕਰੀਬ ਘਪਲੇ ਤੇ ਭਰਤੀਆਂ ਨੂੰ ਲੈ ਕੇ ਵਿਜੀਲੈਂਸ ਵੱਲੋਂ ਮੁੱਖ ਮੁਲਜ਼ਮ ਦੇ ਫੜੇ ਜਾਣ ਤੋਂ ਬਾਅਦ ਬਾਕੀ ਦੇ 10 ਮੁਲਜ਼ਮ ਫਰਾਰ ਹੋ ਗਏ ਹਨ। ਵਿਜੀਲੈਂਸ ਦੀ ਟੀਮ ਵੱਲੋਂ ਇਨ੍ਹਾਂ ਮੁਲਜ਼ਮਾਂ ਨੂੰ ਫੜਨ ਲਈ ਛਾਪੇ ਮਾਰੇ ਜਾ ਰਹੇ ਹਨ। ਉਧਰ ਵਿਜੀਲੈਂਸ ਬਿਉਰੋ ਦੇ ਬੁਲਾਰੇ ਨੇ ਸਪੱਸ਼ਟ ਕੀਤਾ ਕਿ ਪੀਟੀਯੂ ਦਾ ਕੁਝ ਰਿਕਾਰਡ ਵੀ ਕਬਜ਼ੇ ’ਚ ਲਿਆ ਗਿਆ ਹੈ। ਜਿਹੜੇ ਮੁਲਜ਼ਮਾਂ ’ਤੇ ਐਫਆਈਆਰ ਦਰਜ ਹੋਈ ਹੈ, ਉਨ੍ਹਾਂ ਵਿੱਚ ਭਾਜਪਾ ਤੇ ਆਰਐੱਸਐੱਸ ਨਾਲ ਸਬੰਧਤ ਆਗੂ ਹਨ, ਜਿਨ੍ਹਾਂ ਵਿੱਚ ਸਾਬਕਾ ਮੰਤਰੀ ਤੀਕਸ਼ਣ ਸੂਦ ਦੀ ਧੀ ਗੀਤਿਕਾ ਸੂਦ ਵੀ ਸ਼ਾਮਲ ਦੱਸੀ ਗਈ ਹੈ। ਵਿਜੀਲੈਂਸ ਵੱਲੋਂ ਜਿਹੜੀ ਐਫਆਈਆਰ ਦਰਜ ਕੀਤੀ ਗਈ ਹੈ ਉਸ ਵਿਚ ਮੁੱਖ ਮੁਲਜ਼ਮ ਰਜਨੀਸ਼ ਅਰੋੜਾ ਨੂੰ ਬਣਾਇਆ ਗਿਆ ਹੈ ਤੇ ਬਾਕੀ ਮੁਲਜ਼ਮਾਂ ’ਚ ਸਲਾਹਕਾਰ ਡਾ. ਨਛੱਤਰ ਸਿੰਘ, ਡਾ. ਆਰਪੀ ਭਾਰਦਵਾਜ, ਸਹਾਇਕ ਰਜਿਸਟਰਾਰ ਵਿਸ਼ਵਦੀਪ, ਲੀਗਲ ਆਫੀਸਰ ਗੀਤਿਕਾ ਸੂਦ, ਸਹਾਇਕ ਟ੍ਰੇਨਿੰਗ ਅਤੇ ਪਲੇਸਮੈਂਟ ਅਫਸਰ ਮਰਗਿੰਦਰ ਸਿੰਘ ਬੇਦੀ, ਸਹਾਇਕ ਡਾਇਰੈਕਟਰ ਸੱਭਿਆਚਾਰਕ ਮਾਮਲੇ ਸਮੀਰ ਸ਼ਰਮਾ, ਆਈਆਈਟੀ ਸਲਾਹਕਾਰ ਪ੍ਰਵੀਨ ਕੁਮਾਰ ਅਤੇ ਹਿੱਤ ਅਭਿਲਾਸ਼ੀ ਫਾਊਂਡੇਸ਼ਨ ਸੁਸਾਇਟੀ ਦੇ ਜਨਰਲ ਸਕੱਤਰ ਧਰਿੰਦਰ ਤਾਇਲ ਨੂੰ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ ਪੀਟੀਯੂ ਦੇ ਚਾਰ ਅਧਿਕਾਰੀਆਂ ਦੀ ਭਰਤੀ ਕਰਨ ਤੇ ਉਨ੍ਹਾਂ ਦੇ ਸੇਵਾ ਕਾਲ ਵਿੱਚ ਸਮੇਂ-ਸਮੇਂ ਸਿਰ ਵਾਧਾ ਕਰਨ ਨੂੰ ਵੀ ਬੋਰਡ ਆਫ ਗਵਰਨਰ ਦੀ 10 ਅਪਰੈਲ 2013 ਨੂੰ ਹੋਈ 49ਵੀਂ ਮੀਟਿੰਗ ਦੀ ਉਲੰਘਣਾ ਦੱਸਿਆ ਗਿਆ ਹੈ। ਵਿਜੀਲੈਂਸ ਬਿਉਰੋ ਦੇ ਬੁਲਾਰੇ ਨੇ ਦੱਸਿਆ ਕਿ ਮੁੱਖ ਮੁਲਜ਼ਮ ਰਜਨੀਸ਼ ਅਰੋੜਾ ਨੂੰ ਫੜੇ ਜਾਣ ਤੋਂ ਬਾਅਦ ਇਸ ਕੇਸ ਵਿੱਚ ਸ਼ਾਮਲ 10 ਜਣੇ ਰੂਪੋਸ਼ ਹੋ ਗਏ ਹਨ।
ਵਿਜੀਲੈਂਸ ਵੱਲੋਂ ਡਾ. ਅਰੋੜਾ ਦੇ ਘਰ ਦੀ ਤਲਾਸ਼ੀ
ਅੰਮ੍ਰਿਤਸਰ : ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤੇ ਗਏ ਪੀਟੀਯੂ ਦੇ ਸਾਬਕਾ ਉਪ ਕੁਲਪਤੀ ਡਾ. ਰਜਨੀਸ਼ ਅਰੋੜਾ ਦੀ ਇੱਥੇ ਸਥਿਤ ਰਿਹਾਇਸ਼ ਵਿੱਚ ਅੱਜ ਵਿਜੀਲੈਂਸ ਵੱਲੋਂ ਦੋ ਵਾਰ ਤਲਾਸ਼ੀ ਲਈ ਗਈ ਹੈ। ਇੱਥੇ ਰਣਜੀਤ ਐਵੇਨਿਊ ਦੇ ਡੀ ਬਲਾਕ ਵਿੱਚ ਡਾ. ਰਜਨੀਸ਼ ਅਰੋੜਾ ਦੇ ਘਰ ਪੁਲੀਸ ਪਹਿਲਾਂ ਦੁਪਹਿਰ ਵੇਲੇ ਅਤੇ ਮੁੜ ਸ਼ਾਮ ਪੰਜ ਵਜੇ ਪਹੁੰਚੀ। ਵਿਜੀਲੈਂਸ ਟੀਮ ਨੇ ਸ਼ਾਮ ਨੂੰ ਲਗਪਗ ਇੱਕ ਘੰਟਾ ਘਰ ਵਿੱਚ ਤਲਾਸ਼ੀ ਲਈ। ਟੀਮ ਦੇ ਇੰਚਾਰਜ ਨੇ ਮੀਡੀਆ ਨਾਲ ਗੱਲਬਾਤ ਕਰਨ ਤੋਂ ਗੁਰੇਜ਼ ਕੀਤਾ। ਇਹ ਤਲਾਸ਼ੀ ਮੁਹਿੰਮ ਦੌਰਾਨ ਉਨ੍ਹਾਂ ਦੇ ਘਰ ਬਾਹਰ ਸਾਬਕਾ ਭਾਜਪਾ ਮੰਤਰੀ ਅਨਿਲ ਜੋਸ਼ੀ ਅਤੇ ਲਕਸ਼ਮੀ ਕਾਂਤਾ ਚਾਵਲਾ ਵੀ ਸਨ। ਪ੍ਰੋ. ਰਜਨੀਸ਼ ਅਰੋੜਾ ਆਰਐੱਸਐੱਸ ਕਾਰਕੁਨ ਹਨ। ਵਿਜੀਲੈਂਸ ਟੀਮ ਵੱਲੋਂ ਕੀਤੀ ਕਾਰਵਾਈ ਬਾਰੇ ਗੱਲ ਕਰਦਿਆਂ ਸਾਬਕਾ ਮੰਤਰੀ ਸ੍ਰੀ ਜੋਸ਼ੀ ਨੇ ਦਾਅਵਾ ਕੀਤਾ ਕਿ ਤਲਾਸ਼ੀ ਲੈਣ ਆਈ ਟੀਮ ਨੂੰ ਡਾ. ਅਰੋੜਾ ਦੇ ਘਰੋਂ ਕੁਝ ਵੀ ਇਤਰਾਜ਼ਯੋਗ ਨਹੀਂ ਮਿਲਿਆ ਹੈ। ਟੀਮ ਨੂੰ ਘਰ ਵਿੱਚੋਂ ਕੁੱਲ 20 ਹਜ਼ਾਰ ਰੁਪਏ ਨਕਦੀ ਤੇ ਸਾਢੇ ਤਿੰਨ ਤੋਲੇ ਸੋਨੇ ਦੇ ਗਹਿਣੇ ਮਿਲੇ ਹਨ। ਉਨ੍ਹਾਂ ਆਖਿਆ ਕਿ ਡਾ. ਅਰੋੜਾ ਤਿੰਨ ਸਾਲ ਪਹਿਲਾਂ ਯੂਨੀਵਰਸਿਟੀ ਛੱਡ ਚੁੱਕੇ ਹਨ ਤੇ ਸਾਰੇ ਦਸਤਾਵੇਜ਼ ਵੀ ਯੂਨੀਵਰਸਿਟੀ ਵਿੱਚ ਹੀ ਹਨ। ਉਨ੍ਹਾਂ ਆਖਿਆ ਕਿ ਉਹ ਇਕ ਬੇਹਦ ਸ਼ਰੀਫ ਤੇ ਇਮਾਨਦਾਰ ਵਿਅਕਤੀ ਹਨ, ਜਿਨ੍ਹਾਂ ਕੋਈ ਭ੍ਰਿਸ਼ਟਾਚਾਰ ਨਹੀਂ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਡਾ. ਅਰੋੜਾ ਖ਼ਿਲਾਫ਼ ਇਹ ਪੁਲੀਸ ਕਾਰਵਾਈ ਉਨ੍ਹਾਂ ਲੋਕਾਂ ਦੀ ਸਾਜ਼ਿਸ਼ ਹੈ, ਜਿਨ੍ਹਾਂ ਉਨ੍ਹਾਂ ਦੇ ਸਮੇਂ ਭ੍ਰਿਸ਼ਟਾਚਾਰ ਕੀਤਾ ਸੀ ਅਤੇ ਡਾ. ਅਰੋੜਾ ਨੇ ਉਨ੍ਹਾਂ ਨੂੰ ਰੋਕਣ ਦਾ ਯਤਨ ਕੀਤਾ ਸੀ।