ਨਵੀਂ ਦਿੱਲੀ, 12 ਮਈ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕੇਸ਼ਵ ਚੰਦ ਯਾਦਵ ਨੂੰ ਭਾਰਤੀ ਯੂਥ ਕਾਂਗਰਸ (ਆਈਵਾਈਸੀ) ਦਾ ਕੌਮੀ ਪ੍ਰਧਾਨ ਅਤੇ ਸ੍ਰੀਨਿਵਾਸ ਬੀ.ਵੀ. ਨੂੰ ਕੌਮੀ ਮੀਤ ਪ੍ਰਧਾਨ ਨਿਯੁਕਤ ਕੀਤਾ ਹੈ। ਇਹ ਜਾਣਕਾਰੀ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਅਸ਼ੋਕ ਗਹਿਲੋਤ ਵੱਲੋਂ ਜਾਰੀ ਇਕ ਬਿਆਨ ’ਚ ਦਿੱਤੀ ਗਈ। ਕੇਸ਼ਵ ਚੰਦ ਯਾਦਵ ਅਮਰਿੰਦਰ ਸਿੰਘ ਰਾਜਾ(ਵੜਿੰਗ) ਬਰਾੜ ਦੀ ਥਾਂ ਲੈਣਗੇ। ਸ੍ਰੀ ਰਾਜਾ ਬਰਾੜ ਸਾਢੇ ਤਿੰਨ ਸਾਲ ਯੂਥ ਕਾਂਗਰਸ ਦੇ ਪ੍ਰਧਾਨ ਰਹੇ। ਉਨ੍ਹਾਂ ਦੀ ਨਿਯੁਕਤੀ ਦਸੰਬਰ 2014 ਵਿੱਚ ਹੋਈ ਸੀ। ਪਾਰਟੀ ਨੇ ਰਾਜਾ ਬਰਾੜ ਵੱਲੋਂ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਕੇਸ਼ਵ ਚੰਦ ਯਾਦਵ ਉੱਤਰ ਪ੍ਰਦੇਸ਼ ਦੇ ਦਿਉਰੀਆ ਜ਼ਿਲ੍ਹੇ ਤੋਂ ਹਨ, ਜੋ ਪਹਿਲਾਂ ਭਾਰਤੀ ਯੂਥ ਕਾਂਗਰਸ ਦੇ ਜਨਰਲ ਸਕੱਤਰ ਰਹੇ ਅਤੇ ਇਸ ਦੌਰਾਨ ਉਹ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਇੰਚਾਰਜ ਵੀ ਰਹੇ। ਸ੍ਰੀਨਿਵਾਸ ਜਿਨ੍ਹਾਂ ਨੂੰ ਯੂਥ ਕਾਂਗਰਸ ਦਾ ਜਨਰਲ ਸਕੱਤਰ ਬਣਾਇਆ ਗਿਆ ਹੈ, ਕਰਨਾਟਕ ਦੇ ਸ਼ਿਮੋਗਾ ਜ਼ਿਲ੍ਹੇ ਨਾਲ ਸਬੰਧਤ ਹਨ।