ਨਿਊਯਾਰਕ, ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਅਤੇ ਰੋਹਨ ਬੋਪੰਨਾ ਅਮਰੀਕੀ ਓਪਨ ਵਿੱਚ ਆਪੋ-ਆਪਣੇ ਜੋੜੀਦਾਰਾਂ ਨਾਲ ਕੁਆਰਟਰ ਫਾਈਨਲ ਵਿੱਚ ਪੁੱਜੇ ਪਰ ਪੁਰਸ਼ ਡਬਲਜ਼ ਵਿੱਚ ਲਿਏਂਡਰ ਪੇਸ ਅਤੇ ਦਿਵਿਜ ਰਾਜਾ ਦੀ ਜੋੜੀ ਦੂਜੇ ਗੇੜ ਵਿੱਚ ਹਾਰ ਕੇ ਬਾਹਰ ਹੋ ਗਈ।
ਮਹਿਲਾ ਡਬਲਜ਼ ਵਿੱਚ ਸਾਨੀਆ ਅਤੇ ਚੀਨ ਦੀ ਖਿਡਾਰਨ ਸ਼ੁਆਈ ਪੇਂਗ ਦੀ ਚੌਥੀ ਦਰਜਾ ਪ੍ਰਾਪਤ ਜੋੜੀ ਨੇ ਤੀਜੇ ਗੇੜ ਵਿੱਚ ਸੋਰਾਨਾ ਸਿਰਸਟੀ ਅਤੇ ਸਾਰਾ ਸੋਬਰਿਸ ਟੋਮਰੋ ਦੀ ਜੋੜੀ ਨੂੰ ਫ਼ਸਵੇਂ ਮੁਕਾਬਲੇ ਵਿੱਚ 6-2, 3-6, 7-6 (2) ਨਾਲ ਹਰਾਇਆ। ਮਿਸ਼ਰਤ ਵਰਗ ਵਿੱਚ ਬੋਪੰਨਾ ਤੇ ਕੈਨੇਡਾ ਦੀ ਉਸ ਦੀ ਜੋੜੀਦਾਰ ਜੀ. ਡਾਬਰੋਵਸਕੀ ਦੀ ਸੱਤਵਾਂ ਦਰਜਾ ਪ੍ਰਾਪਤ ਜੋੜੀ ਨੇ ਮਾਰੀਆ ਮਾਟਿਨੇਜ ਸਾਂਚੇਜ ਅਤੇ ਨਿਕੋਲਸ ਮੋਨਰੋ ਨੂੰ ਸਿੱਧੇ ਸੈੱਟਾਂ ਵਿੱਚ 6-3, 6-4 ਨਾਲ ਹਰਾਇਆ। ਪੁਰਸ਼ ਦੇ ਡਬਲਜ਼ ਮੁਕਾਬਲੇ ਵਿੱਚ ਪੇਸ ਅਤੇ ਰਾਜਾ ਦੀ ਜੋੜੀ ਨੂੰ ਰੂਸ ਦੇ ਕਾਰੇਨ ਖਾਚਾਨੋਵ ਅਤੇ ਆਂਦਰੇ ਰੁਬਲੇਵ ਨਾਲ ਫ਼ਸਵੇਂ ਮੁਕਾਬਲੇ ਵਿੱਚ 4-6, 6-7 (7) ਨਾਲ ਹਾਰ ਗਈ।
ਉਧਰ 15 ਸਾਲ ਦੀ ਡੋਪਿੰਗ ਰੋਕ ਤੋਂ ਬਾਅਦ ਪਰਤੀ ਵਿਸ਼ਵ ਦੀ ਸਾਬਕਾ ਨੰਬਰ ਇੱਕ ਖਿਡਾਰਨ ਰੂਸ ਦੀ ਮਾਰੀਆ ਸ਼ਾਰਾਪੋਵਾ ਇਸ ਟੂਰਨਾਮੈਂਟ ਦੇ ਚੌਥੇ ਗੇੜ ਵਿੱਚ ਹਾਰ ਕੇ ਬਾਹਰ ਹੋ ਗਈ ਪਰ ਉਸ ਨੇ ਆਪਣੇ ਪ੍ਰਦਰਸ਼ਨ ’ਤੇ ਤਸੱਲੀ ਪ੍ਰਗਟਾਈ। ਉਸ ਨੂੰ ਲਾਤਵੀਆ ਦੀ 16ਵਾਂ ਦਰਜਾ ਅਨਾਸਤਾਸੀਆ ਸਿਵਾਸਤੋਵਾ ਨੇ 5-7, 6-4, 6-2 ਨਾਲ ਮਾਤ ਦਿੱਤੀ। ਇਸ ਤਰ੍ਹਾਂ ਲਾਤਵੀਆ ਦੀ ਖਿਡਾਰਨ ਨੇ ਕੁਆਰਟਰ ਫਾਈਨਲ ਵਿੱਚ ਥਾਂ ਬਣਾਈ ਜਿਥੇ ਉਸ ਦਾ ਮੁਕਾਬਲਾ ਅਮਰੀਕਾ ਦੀ ਸਲੋਨੀ ਸਟੀਫਨਜ਼ ਨਾਲ ਹੋਵੇਗਾ, ਜਿਸ ਨੇ ਚੌਥੇ ਗੇੜ ਵਿੱਚ ਜਰਮਨੀ ਦੀ ਜੂਲੀਆ ਜੌਰਜ਼ ਨੂੰ 6-3, 3-6, 6-1 ਨਾਲ ਮਾਤ ਦਿੱਤੀ।
ਸ਼ਾਰਾਪੋਵਾ ਨੇ ਕਿਹਾ ਕਿ ਉਹ ਆਪਣੇ ਇਸ ਟੂਰਨਾਮੈਂਟ ਵਿਚਲੇ ਪ੍ਰਦਰਸ਼ਨ ਤੋਂ ਖੁਸ਼ ਹੈ ਤੇ ਇਸ ਹਫ਼ਤੇ ਨੇ ਉਸ ਨੂੰ ਬਹੁਤ ਕੁਝ ਦਿੱਤਾ ਹੈ। ਭਲਕੇ ਇੱਕ ਹੋਰ ਕੁਆਰਟਰ ਫਾਈਨਲ ਚੈੱਕ ਗਣਰਾਜ ਦੀ ਪੈਤਰਾ ਕਵੀਤੋਵਾ ਅਤੇ ਅਮਰੀਕਾ ਦੀ ਵੀਨਸ ਵਿਲੀਅਮਜ਼ ਦਰਮਿਆਨ ਹੋਵੇਗਾ। ਕਵੀਤੋਵਾ ਨੇ ਸਪੇਨ ਦੀ ਤੀਜਾ ਦਰਜਾ ਗਾਰਬਾਈਨ ਮੁਗੂਰੂਜ਼ਾ ਨੂੰ 7-6 (7/3), 6-3 ਨਾਲ ਹਰਾਇਆ ਜਦਕਿ ਵੀਨਸ ਨੇ ਸਪੇਨ ਦੀ ਕਾਰਲਾ ਨਾਵਾਰੂ ਨੂੰ 6-3, 3-6, 6-1 ਨਾਲ ਮਾਤ ਦਿੱਤੀ।
ਉਧਰ ਪੁਰਸ਼ ਸਿੰਗਲਜ਼ ਵਿੱਚ ਦੱਖਣੀ ਅਫਰੀਕਾ ਦੇ ਕੇਵਿਨ ਐਂਡਰਸਨ ਨੇ ਇਟਲੀ ਦੇ ਪੀ. ਲੋਰੈਂਜ਼ੀ ਨੂੰ 6-4, 6-3, 6-7 (4/7), 6-4 ਨਾਲ ਹਰਾਇਆ। ਆਖਰੀ ਅੱਠਾਂ ਵਿੱਚ ਉਸ ਦਾ ਮੁਕਾਬਲਾ ਅਮਰੀਕਾ ਦੇ ਸੈਮ ਕੁਐਰੀ ਨਾਲ ਹੋਵੇਗਾ, ਜਿਸ ਨੇ ਜਰਮਨੀ ਦੇ ਮੀਸ਼ਾ ਜ਼ਵੇਰੇਵ ਨੂੰ 6-2, 6-2, 6-1 ਨਾਲ ਹਰਾਇਆ। ਇਨ੍ਹਾਂ ਤੋਂ ਇਲਾਵਾ ਸਪੇਨ ਦੇ ਪਾਬਲੋ ਕੈਰੇਨੋ ਦਾ ਭੇੜ ਅਰਜਨਟੀਨਾ ਦੇ ਡੀਏਗੋ ਸ਼ਵਾਰਤਸਮੈਨ ਨਾਲ ਹੋਵੇਗਾ।