ਨਿਊਯਾਰਕ, 31 ਅਗਸਤ,ਵਿਸ਼ਵ ਦੇ ਨੰਬਰ ਇਕ ਪੁਰਸ਼ ਖਿਡਾਰੀ ਸਪੇਨ ਦੇ ਰਾਫੇਲ ਨਡਾਲ ਤੇ ਸਿਖਰਲੀ ਖਿਡਾਰਨ ਚੈੱਕ ਗਣਰਾਜ ਦੀ ਕੈਰੋਲੀਨਾ ਪਲਿਸਕੋਵਾ ਨੇ ਜਿੱਤ ਨਾਲ ਖਾਤਾ ਖੋਲ੍ਹਦੇ ਹੋਏ ਯੂਐਸ ਓਪਨ ਟੈਨਿਸ ਟੂਰਨਾਮੈਂਟ ਦੇ ਦੂਜੇ ਗੇੜ ਵਿੱਚ ਪ੍ਰਵੇਸ਼ ਕਰ ਲਿਆ ਹੈ ਅਤੇ ਇਸ ਸਾਲ ਦੋ ਗਰੈਂਡਸਲੇਮ ਆਪਣੇ ਨਾਂ ਕਰ ਚੁੱਕੇ ਰੌਜਰ ਫੈਡਰਰ ਵੀ ਪੰਜ ਸੈੱਟਾਂ ਦੇ ਮੈਰਾਥਨ ਸੰਘਰਸ਼ ਵਿੱਚ ਉਲਟਫੇਰ ਤੋਂ ਬਚਿਆ।
ਗਰੈਂਡਸਲੇਮ ਤੋਂ ਪਹਿਲਾਂ ਹੀ ਫਿਰ ਤੋਂ ਨੰਬਰ-1 ਬਣੇ ਨਡਾਲ ਨੇ ਪੁਰਸ਼ ਸਿੰਗਲਜ਼ ਦੇ ਪਹਿਲੇ ਗੇੜ ਵਿੱਚ ਡੂਸਾਨ ਲਾਜੋਵਿਚ ਨੂੰ ਲਗਾਤਾਰ ਸੈੱਟਾਂ ਵਿੱਚ 7-6, 6-2, 6-2 ਨਾਲ ਹਰਾਇਆ। ਦੂਜੇ ਪਾਸੇ ਫੈਡਰਰ ਨੂੰ ਆਪਣੇ ਪਹਿਲੇ ਹੀ ਮੈਚ ਵਿੱਚ ਜਿੱਤ ਲਈ ਕਾਫੀ ਮਿਹਨਤ ਕਰਨੀ ਪਈ। ਪੰਜ ਵਾਰ ਦੇ ਯੂਐਸ ਓਪਨ ਚੈਂਪੀਅਨ ਫੈਡਰਰ ਨੇ ਅਮਰੀਕਾ ਦੇ ਫਰਾਂਸਿਸੀ ਟਿਆਫੋ ਖ਼ਿਲਾਫ਼ ਦੋ ਘੰਟੇ 24 ਮਿੰਟ ਤੱਕ ਚੱਲੇ ਮੈਰਾਥਨ ਮੈਚ ਵਿੱਚ 4-6, 6-2, 6-1, 1-6, 6-4 ਤੋਂ ਸੰਘਰਸ਼ ਮਗਰੋਂ ਆਖ਼ਰਕਾਰ ਜਿੱਤ ਹਾਸਲ ਕਰ ਲਈ।
19 ਵਾਰ ਦੇ ਗਰੈਂਡਸਲੇਮ ਜੇਤੂ ਫੈਡਰਰ ਦੀ ਜਿੱਤ ਨਾਲ ਯੂਐਸ ਓਪਨ ਸੈਮੀ ਫਾਈਨਲ ਵਿੱਚ ਫੈਡਰਰ ਤੇ ਨਡਾਲ ਵਿਚਕਾਰ ਹਾਈ ਵੋਲਟੇਜ ਮੈਚ ਦਾ ਇੰਤਜ਼ਾਰ ਕਰ ਰਹੇ ਉਨ੍ਹਾਂ ਪ੍ਰਸੰਸਕਾਂ ਨੇ ਵੀ ਰਾਹਤ ਦਾ ਸਾਹ ਲਿਆ। 36 ਸਾਲਾਂ ਦੇ ਤਜਰਬੇਕਾਰ ਸਵਿਟਜ਼ਰਲੈਂਡ ਦੇ ਖਿਡਾਰੀ ਨੇ ਆਖ਼ਰੀ ਵਾਰ ਸਾਲ 2003 ਫਰੈਂਚ ਓਪਨ ਵਿੱਚ ਕਿਸੇ ਗਰੈਂਡਸਲੇਮ ਵਿੱਚ ਪਹਿਲੇ ਗੇੜ ਵਿੱਚ ਹਾਰ ਝੱਲੀ ਸੀ। ਭਾਰੀ ਮੀਂਹ ਕਾਰਨ ਆਰਥੁਰ ਐਸ਼ ਸਟੇਡੀਅਮ ਵਿੱਚ ਕੇਵਲ ਨੌਂ ਮੈਚ ਹੀ ਪੂਰੇ ਹੋ ਸਕੇ ਜਿਨ੍ਹਾਂ ਵਿੱਚ ਫੈਡਰਰ ਅਤੇ ਟਿਆਫੋ ਦਾ ਮੈਚ ਵੀ ਸੀ ਜਦੋਂਕਿ 55 ਮੁਕਾਬਲੇ ਮੀਂਹ ਕਰ ਕੇ ਰੱਦ ਕਰਨੇ ਪਏ। ਹਾਲਾਂਕਿ ਸਿਏਰਾ ਲਿਓਨ ਦੇ ਸ਼ਰਨਾਰਥੀ ਦੇ 19 ਸਾਲਾ ਪੁੱਤਰ ਟਿਆਫੋ ਨੇ ਨਿਊਯਾਰਕ ਵਿੱਚ 79ਵੀਂ ਜਿੱਤ ਦਰਜ ਕਰਨ ’ਚ ਤਜਰਬੇਕਾਰ ਫੈਡਰਰ ਦੇ ਪਸੀਨੇ ਛੁਡਾ ਦਿੱਤਾ। ਮੈਚ ਵਿੱਚ ਫੈਡਰਰ ਨੇ 17 ਐਸ, 41 ਵਿਨਰਜ਼ ਅਤੇ 56 ਬੇਜਾ ਭੁੱਲਾਂ ਕੀਤੀਆਂ।
ਫੈਡਰਰ ਹੁਣ ਦੂਜੇ ਗੇੜ ਵਿੱਚ ਰੂਸ ਦੇ ਮਿਖਾਈਲ ਯੂਜ਼ੁਨੀ ਤੇ ਸਲੋਵੇਨੀਆ ਦੇ ਬਲਾਜ਼ ਕਾਵਸਿਸ ਵਿਚਕਾਰ ਹੋਣ ਵਾਲੇ ਮੈਚ ਦੇ ਜੇਤੂ ਨਾਲ ਭਿੜੇਗਾ। ਉੱਥੇ ਹੀ ਨਡਾਲ ਅਗਲੇ ਗੇੜ ਵਿੱਚ ਟਾਰੋ ਡੇਨੀਅਲ ਤੇ ਟਾਮੀ ਪਾਲ ਵਿਚਕਾਰ ਹੋਣ ਵਾਲੇ ਮੈਚ ਦੇ ਜੇਤੂ ਨਾਲ ਭਿੜੇਗਾ। ਇਹ ਮੈਚ ਮੀਂਹ ਕਾਰਨ ਨਹੀਂ ਹੋ ਸਕੇ ਸਨ।
ਯੂਐਸ ਓਪਨ ਤੋਂ ਪਹਿਲਾਂ ਮਾਂਟ੍ਰੀਅਲ ਵਿੱਚ ਅੰਤਿਮ-16 ਗੇੜ ਵਿੱਚ ਕੈਨੇਡਾ ਦੇ ਡੈਨਿਸ ਸ਼ਾਪੋਵਾਲੋਵ ਅਤੇ ਸਿਨਸਿਨਾਟੀ ਕੁਆਰਟਰ ਫਾਈਨਲ ਵਿੱਚ ਨਿਕ ਕਿਰਗਿਓਜ਼ ਤੋਂ ਹਾਰ ਚੁੱਕੇ ਨਡਾਲ ਨੇ ਆਪਣੀ ਮੁਹਿੰਮ ਦੀ ਸ਼ੁਰੂਆਤ ਕਾਫੀ ਸੰਭਾਲਦੇ ਹੋਏ ਕੀਤੀ ਅਤੇ 85ਵੀਂ ਰੈਂਕ ਦੇ ਸਰਬਿਆਈ ਖਿਡਾਰੀ ਖ਼ਿਲਾਫ਼ ਪਹਿਲੇ ਸੈੱਟ ਦਾ ਟਾਈਬਰੇਕ 8-6 ਤੋਂ ਜਿੱਤਣ ਮਗਰੋਂ ਨਡਾਲ ਨੇ ਬਾਕੀ ਸੈੱਟਾਂ ’ਚ ਗਲਤੀਆਂ ਨਹੀਂ ਦੋਹਰਾਈਆਂ। ਨਡਾਲ ਦਾ ਇਸੇ ਨਾਲ ਯੂਐਸ ਓਪਨ ਦੇ ਪਹਿਲੇ ਗੇੜ ਵਿੱਚ ਜਿੱਤਣ ਦਾ ਰਿਕਾਰਡ 13-0 ਹੋ ਗਿਆ ਹੈ।
ਉੱਧਰ, ਮਹਿਲਾ ਸਿੰਗਲਜ਼ ਦੇ ਮੁਕਾਬਲਿਆਂ ਵਿੱਚ ਵਿਸ਼ਵ ਦੀ ਨੰਬਰ ਇਕ ਖਿਡਾਰਨ ਕੈਰੋਲੀਨਾ ਪਲਿਸਕੋਵਾ ਨੇ ਮਗਾਦਾ ਲਿਨੈਟੇ ਖ਼ਿਲਾਫ਼ 6-2, 6-1 ਨਾਲ ਆਸਾਨ ਜਿੱਤ ਦਰਜ ਕਰ ਲਈ। ਉਹ ਦੂਜੇ ਗੇੜ ਵਿੱਚ ਪੈਰਾਗਵੇ ਦੀ ਵੈਰੋਨਿਕਾ ਸੀਪੈਡੇ ਰਾਇਗ ਅਤੇ ਅਮਰੀਕਾ ਦੀ ਨਿਕੋਲ ਗਿਬਜ਼ ਵਿਚਕਾਰ ਹੋਣ ਵਾਲੇ ਮੈਚ ਦੀ ਜੇਤੂ ਨਾਲ ਭਿੜੇਗੀ ਜਿਨ੍ਹਾਂ ਵਿਚਕਾਰ ਤੀਜੇ ਸੈੱਟ ਦਾ ਖੇਡ ਮੀਂਹ ਕਰ ਕੇ ਰੋਕਣਾ ਪਿਆ।
ਹਾਲਾਂਕਿ ਮਹਿਲਾਵਾਂ ਵਿੱਚ ਸਭ ਤੋਂ ਵੱਡਾ ਉਲਟਫੇਰ ਪਿਛਲੀ ਚੈਂਪੀਅਨ ਜਰਮਨੀ ਦੀ ਐਂਜਲਿਕਾ ਕਰਬਰ ਦਾ ਰਿਹਾ। ਛੇਵੀਂ ਸੀਡ ਕਰਬਰ ਨੂੰ ਜਾਪਾਨ ਦੀ ਗੈਰ ਦਰਜਾ ਪ੍ਰਾਪਤ ਨਾਓਮੀ ਓਸਾਕਾ ਹੱਥੋਂ ਲਗਾਤਾਰ ਸੈੱਟਾਂ ਵਿੱਚ 3-6, 1-6 ਤੋਂ ਕਰਾਰੀ ਹਾਰ ਝੱਲਣੀ ਪਈ। ਵਿਸ਼ਵ ਰੈਂਕਿੰਗਜ਼ ਵਿੱਚ 45ਵੇਂ ਨੰਬਰ ਦੀ ਓਸਾਕਾ ਦੀ ਸਿਖਰਲੇ 10 ਵਿੱਚ ਸ਼ਾਮਲ ਕਿਸੇ ਵੀ ਖਿਡਾਰੀ ਖ਼ਿਲਾਫ਼ ਇਹ ਪਹਿਲੀ ਜਿੱਤ ਹੈ। ਹੋਰ ਮੈਚਾਂ ਵਿੱਚ 12ਵੀਂ ਰੈਂਕਿੰਗਜ਼ ਦੀ ਲਾਤਵੀਆ ਦੀ ਯੈਲੇਨਾ ਓਸਤਾਪੈਂਕੋ ਨੇ ਲਾਰਾ ਵੈਸੀਨੋ ਨੂੰ 6-2, 1-6, 6-1 ਨਾਲ ਹਰਾਇਆ ਪਰ 28ਵਾਂ ਦਰਜਾ ਪ੍ਰਾਪਤ ਯੂਕਰੇਨ ਦੀ ਲੀਸਾ ਸੂਰੈਂਕੋ ਨੂੰ ਯਾਨਿਨਾ ਵਿਕਮੇਅਰ ਨੇ 6-3, 6-1 ਤੋਂ ਉਲਟਫੇਰ ਦਾ ਸ਼ਿਕਾਰ ਬਣਾਇਆ। 23ਵਾਂ ਦਰਜਾ ਪ੍ਰਾਪਤ ਬਾਰਬੋਰਾ ਸਟ੍ਰਾਈਕੋਵਾ ਨੇ ਜਾਪਾਨ ਦੀ ਮਿਸਾਕੀ ਡੋਈ ਖ਼ਿਲਾਫ਼ 6-1, 6-3 ਤੋਂ ਆਪਣਾ ਮੈਚ ਜਿੱਤਿਆ।