ਮੱਲ੍ਹਮ~ 

ਅੱਜ !
ਮੈਂ ਆਪਣੀ
ਨਵ-ਜਾਤ ਧੀ ਨੂੰ
ਹੱਥਾਂ ‘ਚ ਚੁੱਕਿਆ ਹੈ
ਪਹਿਲੀ ਵਾਰ

ਤੱਕ ਉਸਦਾ ਨਿਰਮਲ
ਸ਼ਾਂਤ ਭੋਲ਼ਾ ਮੁੱਖ
ਮੇਰੇ ਖਿੜੇ ਮੱਥੇ ‘ਚ
ਉੱਭਰ ਆਈ ਹੈ ਚੀਸ
ਕੰਨਾਂ ‘ਚ ਗੂੰਜ ਰਹੇ ਨੇ
ਮਾਂ, ਦਾਦੀ ਦੇ ਬੋਲ

ਉਨ੍ਹਾਂ ਦੇ ਬੋਲ
ਧੀ ਲਈ ਸਦਾ ਹੁੰਦੇ ਨਿਹੋਰਾ
“ਕਾਸ਼ !
ਤੂੰ ਹੀ ਦਿੰਦੀ ਸੀਨਾ ਠਾਰ
ਜੰਮਦੀ, ਹੋ ਪੁੱਤ”

ਫਿਰ ਜੰਮਿਆਂ ਸਾਂ ਮੈਂ
ਤੇ ਠਰ ਗਿਆ ਸੀ ਸਭ ਦਾ ਸੀਨਾ
ਛੁੱਟ ਗਈ ਸੀ ਭੈਣ ਦੀ ਜਾਨ
ਹੁਣ !
ਮੈਂ ਚਾਹੁੰਦਾ ਹਾਂ
ਧੀ ਨੂੰ ਏਨਾ ਦੇਵਾਂ ਪਿਆਰ
ਤੇ ਧੋਅ ਦੇਵਾਂ ਪੁਸ਼ਤਾਂ-ਬੱਧੀ
ਧੀਆਂ ਦੀਆਂ ਰੂਹਾਂ ਦੇ ਜ਼ਖ਼ਮ
‘ਤੇ ਲਾ ਦਿਆਂ
ਅਦਬ-ਸਤਿਕਾਰ ਦਾ ਮੱਲ੍ਹਮ

ਡਾ. ਕੁਲਜੀਤ ਸਿੰਘ ਜੰਜੂਆ