ਚੰਡੀਗੜ੍ਹ, ਪੰਜਾਬ ਦੇ ਤਕਨੀਕੀ ਸਿਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਦਾ ‘ਡਾਕਟਰ’ ਬਣਨ ਦਾ ਸੁਪਨਾ ਪੂਰਾ ਹੁੰਦਾ ਦਿਖਾਈ ਨਹੀਂ ਦੇ ਰਿਹਾ। ਉਹ ਪੀਐਚ. ਡੀ ਵਿੱਚ ਦਾਖ਼ਲੇ ਦੇ ਸਾਂਝੇ ਟੈਸਟ ਵਿਚੋਂ ਪਾਸ ਨਹੀਂ ਹੋ ਸਕੇ। ਪੰਜਾਬ ਯੂਨੀਵਰਸਿਟੀ ਵੱਲੋਂ ਪੀਐਚ. ਡੀ ਅਤੇ ਐਮ. ਫਿਲ. ਵਿੱਚ ਦਾਖ਼ਲੇ ਵਾਸਤੇ 9 ਜੁਲਾਈ ਨੂੰ ਟੈਸਟ ਲਿਆ ਗਿਆ ਸੀ ਜਿਸ ਦੇ ਨਤੀਜੇ ਦਾ ਐਲਾਨ ਕਰ ਦਿੱਤਾ ਗਿਆ ਹੈ। ਉਨ੍ਹਾਂ ਰਾਜਨੀਤੀ ਵਿਗਿਆਨ ਦੀ ਡਾਕਟਰ ਆਫ਼ ਫਿਲਾਸਫ਼ੀ ਦੀ ਡਿਗਰੀ ’ਚ ਦਾਖ਼ਲਾ ਲੈਣ ਲਈ ਇਹ ਟੈਸਟ ਦਿੱਤਾ ਸੀ। ਉਹ ਇੰਡੀਅਨ ਨੈਸ਼ਨਲ ਕਾਂਗਰਸ ਦੇ ਯੋਗਦਾਨ ’ਤੇ ਰਿਸਰਚ ਕਰਨ ਦੇ ਚਾਹਵਾਨ ਹਨ। ਤਕਨੀਕੀ ਸਿਖਿਆ ਮੰਤਰੀ ਦੀ ਇਹ ਖ਼ਾਸੀਅਤ ਹੈ ਕਿ ਉਹ ਸਿਆਸਤ ਵਿੱਚ ਸਰਗਰਮ ਰਹਿਣ ਦੇ ਬਾਵਜੂਦ ਲਗਾਤਾਰ ਪੜ੍ਹਾਈ ਕਰਦੇ ਆ ਰਹੇ ਹਨ। ਉਨ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ, ਸੈਕਟਰ 26 ਤੋਂ ਗਰੈਜੁੂਏਸ਼ਨ ਪਾਸ ਕੀਤੀ ਸੀ। ਇਸ ਤੋਂ ਬਾਅਦ ਨਗਰ ਕੌਂਸਲ ਖਰੜ ਦਾ ਪ੍ਰਧਾਨ ਰਹਿੰਦਿਆਂ 1996 ਤੋਂ 1999 ਤਕ ਪੰਜਾਬ ਯੂਨੀਵਰਸਿਟੀ ਤੋਂ ਲਾਅ ਦੀ ਡਿਗਰੀ ਲਈ ਸੀ। ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਹਿੰਦਿਆਂ ਉਨ੍ਹਾਂ ਪੰਜਾਬ ਯੂਨੀਵਰਸਿਟੀ ਤੋਂ ਪੱਤਰ ਵਿਹਾਰ ਰਾਹੀਂ ਰਾਜਨੀਤੀ ਵਿਗਿਆਨ ਦੀ ਐਮਏ ਪਾਸ ਕੀਤੀ ਸੀ। ਹੁਣ ਕੈਬਨਿਟ ਮੰਤਰੀ ਦੇ ਅਹੁਦੇ ’ਤੇ ਰਹਿੰਦਿਆਂ ਉਨ੍ਹਾਂ ਪੀਐਚਡੀ ਕਰਨ ਦਾ ਸੁਪਨਾ ਬੁਣਿਆ ਹੈ। ਟੈਸਟ ਵਿੱਚੋਂ 55 ਫ਼ੀਸਦ ਪਾਸ ਅੰਕਾਂ ਦੀ ਸ਼ਰਤ ਰੱਖੀ ਜਾਂਦੀ ਹੈ ਜਦੋਂ ਕਿ ਰਾਖਵੇਂ ਵਰਗ ਵਾਸਤੇ 50 ਫ਼ੀਸਦੀ ਅੰਕ ਰੱਖੇ ਜਾਂਦੇ ਹਨ ਅਤੇ ਸ੍ਰੀ ਚੰਨੀ ਪਾਸ ਅੰਕ ਪ੍ਰਾਪਤ ਨਹੀਂ ਕਰ ਸਕੇ ਹਨ। ਪੰਜਾਬ ਯੂਨੀਵਰਸਿਟੀ ਵੱਲੋਂ ਨਤੀਜਾ ਵੈੱਬਸਾਈਟ ’ਤੇ ਪਾ ਦਿੱਤਾ ਗਿਆ ਹੈ।
ਸ੍ਰੀ ਚੰਨੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਟੈਸਟ ਦਾ ਨਤੀਜਾ ਅਜੇ ਨਹੀਂ ਐਲਾਨਿਆ ਗਿਆ ਹੈ। ਨਤੀਜਾ ਕਿਸੇ ਰਾਖਵੇਂ ਵਰਗ ਨਾਲ ਸਬੰਧਤ ਸ਼ਰਤ ਨੂੰ ਲੈ ਕੇ ਰੋਕ ਲਿਆ ਗਿਆ ਹੈ ਪਰ ਉਨ੍ਹਾਂ ਪੇਪਰ ਵਧੀਆ ਹੋਣ ਦਾ ਦਾਅਵਾ ਵੀ ਕੀਤਾ ਹੈ। ਦੂਜੇ ਪਾਸੇ ਯੂਨੀਵਰਸਿਟੀ ਦੇ ਇਕ ਸੀਨੀਅਰ ਅਧਿਕਾਰੀ ਦਾ ਦੱਸਣਾ ਹੈ ਕਿ ਉਹ ਟੈਸਟ ਪਾਸ ਨਹੀਂ ਕਰ ਸਕੇ ਹਨ ਅਤੇ ਨਤੀਜਾ ਨੈੱਟ ਤੋਂ ਦੇਖਿਆ ਜਾ ਸਕਦਾ ਹੈ।