ਟੋਰਾਂਟੋ— ਓਨਟਾਰੀਓ ‘ਚ ਕਾਲਜ ਅਧਿਆਪਕਾਂ ਦੀ ਹੜਤਾਲ ਮੰਗਲਵਾਰ ਤੱਕ ਖਤਮ ਹੋ ਸਕਦੀ ਹੈ, ਜਿਸ ਨਾਲ ਚੱਕੀ ਦੇ ਪੁੜਾਂ ‘ਚ ਫਸੇ ਵਿਦਿਆਰਥੀ ਨੂੰ ਵੱਡੀ ਰਾਹਤ ਮਿਲ ਸਕਦੀ ਹੈ। ਓਨਟਾਰੀਓ ਵਿਧਾਨਸਭਾ ਨੇ ਹੜਤਾਲ ਨੂੰ ਖਤਮ ਕਰਵਾਉਣ ਸਬੰਧੀ ਬਿੱਲ ਨੂੰ ਪਾਸ ਕਰ ਦਿੱਤਾ ਹੈ। ਵੀਕ ਐਂਡ ਦੇ ਬਾਵਜੂਦ ਵਿਧਾਨਸਭਾ ਦੀ ਬੈਠਕ ਹੋਈ ਤੇ ਲਿਬਰਲ ਤੇ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੇ ਵਿਧਾਇਕਾਂ ਦੀ ਮਦਦ ਨਾਲ ਬਿੱਲ-178 ਨੂੰ ਪਾਸ ਕਰ ਦਿੱਤਾ ਗਿਆ।
ਇਸ ਬਿੱਲ ਨੂੰ ਲੈਫਟੀਨੈਂਟ ਗਵਰਨਰ ਦੀ ਪ੍ਰਵਾਨਗੀ ਲਈ ਭੇਜਿਆ ਜਾ ਰਿਹਾ ਹੈ ਤੇ ਉਮੀਦ ਹੈ ਕਿ 1-2 ਦਿਨਾਂ ‘ਚ ਦਸਤਖਤ ਹੋਣ ਮਗਰੋਂ ਇਹ ਵਾਪਸ ਆ ਜਾਵੇਗਾ। ਇਸ ਤੋਂ ਬਾਅਦ ਕਾਲਜਾਂ ਦੇ ਅਧਿਆਪਕ ਤੇ ਇੰਸਟ੍ਰਕਟਰ ਹੜਤਾਲ ਕਾਇਮ ਰੱਖਣ ਦੇ ਹੱਕਦਾਰ ਨਹੀਂ ਰਹਿਣਗੇ। ਵਿਧਾਨਸਭਾ ‘ਚ ਵਿਦਿਆਰਥੀਆਂ ਦੀ ਤਰਸਯੋਗ ਹਾਲਤ ਦਾ ਜ਼ਿਕਰ ਕਰਦਿਆਂ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੇ ਵਿਧਾਇਕ ਲੋਰਨ ਕੋਅ ਨੇ ਕਿਹਾ ਕਿ ਪਿਛਲੇ ਪੰਜ ਹਫਤਿਆਂ ਦੌਰਾਨ ਵਿਦਿਆਰਥੀਆਂ ਨੂੰ ਅਣਕਿਆਸੇ ਹਾਲਾਤਾਂ ‘ਚੋਂ ਲੰਘਣਾ ਪਿਆ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਸਮਝ ਨਹੀਂ ਆ ਰਿਹਾ ਸੀ ਕਿ ਉਹ ਕਿਹੜੇ ਪਾਸੇ ਜਾਣ ਜਦਕਿ ਕਾਲਜ ਪ੍ਰਬੰਧਕ ਤੇ ਅਧਿਆਪਕ ਆਪੋ ਆਪਣੇ ਸਟੈਂਡ ‘ਤੇ ਅੜੇ ਹੋਏ ਸਨ।
ਜ਼ਿਕਰਯੋਗ ਹੈ ਕਿ ਹੜਤਾਲ ਬੀਤੇ ਪੰਜ ਹਫਤਿਆਂ ਤੋਂ ਜਾਰੀ ਹੈ, ਜਿਸ ਕਾਰਨ ਪੰਜ ਲੱਖ ਵਿਦਿਆਰਥੀਆਂ ਦੀ ਪੜਾਈ ਖਰਾਬ ਹੋ ਰਹੀ ਹੈ।