ਪੰਚਕੂਲਾ, 27 ਅਗਸਤ
ਹੋਰ ਪ੍ਰੇਮੀਆਂ ਵਾਂਗ ਉਹ ਵੀ ਆਪਣੇ ‘ਪਿਤਾ ਜੀ’ (ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ) ਦੀ ਇਕ ਝਲਕ ਦੇਖਣ ਲਈ ਸ਼ਹਿਰ ਵਿੱਚ ਆਏ ਸਨ। ਇਨ੍ਹਾਂ ਪ੍ਰੇਮੀਆਂ ਨੂੰ ਦਰਸ਼ਨ ਤਾਂ ਨਹੀਂ ਹੋਏ, ਸਗੋਂ ਡੇਰਾ ਮੁਖੀ ਖ਼ਿਲਾਫ਼ ਬਲਾਤਕਾਰ ਕੇਸ ਦਾ ਫੈਸਲਾ ਉਨ੍ਹਾਂ ਲਈ ਨਮੋਸ਼ੀ ਬਣ ਗਿਆ। ਇਹ ਫੈਸਲਾ ਸਿਰਫ਼ ਉਨ੍ਹਾਂ ਦੇ ਖ਼ਾਤਮੇ ਦੀ ਸ਼ੁਰੂਆਤ ਸੀ।
ਕੇਂਦਰੀ ਦਸਤਿਆਂ ਤੇ ਪ੍ਰੇਮੀਆਂ ਵਿਚਾਲੇ ਟਕਰਾਅ ਦੌਰਾਨ ਮਾਰੇ ਗਏ ਇਨ੍ਹਾਂ ਸ਼ਰਧਾਲੂਆਂ ਦੀਆਂ ਲਾਸ਼ਾਂ ਅਜਿਹੇ ਸ਼ਹਿਰ ਦੀ ਇਕ ਸੜਕ ਉਤੇ ਪਈਆਂ ਸਨ, ਜਿਸ ਨੂੰ ਉਹ ਜਾਣਦੇ ਵੀ ਨਹੀਂ ਸਨ। ਅਖ਼ੀਰ ਵਿੱਚ ਉਨ੍ਹਾਂ ਦੀ ਲਾਸ਼ਾਂ ਨੂੰ ਚੁੱਕ ਕੇ ਸੈਕਟਰ 6 ਦੇ ਸਰਕਾਰੀ ਹਸਪਤਾਲ ਵਿੱਚ ਪਹੁੰਚਾ ਦਿੱਤਾ ਗਿਆ, ਜਿੱਥੇ ਮੁਰਦਾਘਰ ਵਿੱਚ ਤਬਦੀਲ ਕੀਤੇ ਇਕ ਪ੍ਰਾਈਵੇਟ ਵਾਰਡ ਵਿੱਚ ਇਹ ਲਾਸ਼ਾਂ ਅੱਜ ਸਾਰਾ ਦਿਨ ਬਰਫ਼ ਦੀਆਂ ਸਿੱਲੀਆਂ ਉਤੇ ਪਈਆਂ ਰਹੀਆਂ। ਇਨ੍ਹਾਂ ਵਿੱਚੋਂ ਕਈਆਂ ਦੀ ਮੌਤ ਗੋਲੀਆਂ ਲੱਗਣ ਨਾਲ ਹੋਈ। ਇਨ੍ਹਾਂ ਵਿੱਚੋਂ ਕੁੱਝ ਕੋਲੋਂ ਪਛਾਣ ਦਾ ਕੋਈ ਸਬੂਤ ਨਹੀਂ ਮਿਲਿਆ। ਪੁਲੀਸ ਹੁਣ ਮ੍ਰਿਤਕਾਂ ਦੀ ਪਛਾਣ ਲਈ ਜਦੋਜਹਿਦ ਕਰ ਰਹੀ ਹੈ।
ਇਸ ਹਸਪਤਾਲ ਵੱਲੋਂ ਮ੍ਰਿਤਕਾਂ ਦੀ ਇਕੱਤਰ ਸੂਚੀ ਅਨੁਸਾਰ 26 ਪੁਰਸ਼, ਚਾਰ ਔਰਤਾਂ ਤੇ ਇਕ ਬੱਚੇ ਦੀ ਮੌਤ ਹੋਈ। ਸੂਤਰਾਂ ਨੇ ਕਿਹਾ ਕਿ ਚੰਡੀਗੜ੍ਹ ਦੇ ਪੀਜੀਆਈ ਅਤੇ ਸੈਕਟਰ 32 ਦੇ ਹਸਪਤਾਲ ਵਿੱਚ ਰੈਫਰ ਕੀਤੇ ਮਰੀਜ਼ਾਂ ਵਿੱਚੋਂ ਮਰਨ ਵਾਲਿਆਂ ਨੂੰ ਪੋਸਟ ਮਾਰਟਮ ਲਈ ਵਾਪਸ ਸੈਕਟਰ 6 ਪੰਚਕੂਲਾ ਦੇ ਹਸਪਤਾਲ ਭੇਜਿਆ ਗਿਆ। ਸੂਤਰਾਂ ਨੇ ਕਿਹਾ ਕਿ ਮਰਨ ਵਾਲਿਆਂ ਵਿੱਚੋਂ ਜ਼ਿਆਦਾਤਰ 20ਵਿਆਂ ਦੀ ਉਮਰ ਦੇ ਹਨ।