ਬਠਿੰਡਾ, ਪੰਜਾਬ ਪੁਲੀਸ ਦੇ ਮੁਖੀ ਵੱਲੋਂ ਮੌੜ ਬੰਬ ਧਮਾਕੇ ਦੀ ਜਾਂਚ ਕਰ ਰਹੇ ਤਫ਼ਤੀਸ਼ੀ ਅਫ਼ਸਰ ਦੇ ਅਚਨਚੇਤੀ ਕੀਤੇ ਤਬਾਦਲੇ ਨੇ ਨਵੀਂ ਚੁੰਝ ਚਰਚਾ ਛੇੜ ਦਿੱਤੀ ਹੈ। ਉਧਰ, ਪੁਲੀਸ ਨੇ ਕਰੀਬ ਇੱਕ ਮਹੀਨੇ ਦੇ ਵਕਫ਼ੇ ਮਗਰੋਂ ਮਾਮਲੇ ਦੀ ਜਾਂਚ ਨੂੰ ਮੁੜ ਲੀਹ ’ਤੇ ਪਾਇਆ ਹੈ।
ਪੰਜਾਬ ਪੁਲੀਸ ਦੇ ਮੁਖੀ ਸੁਰੇਸ਼ ਅਰੋਡ਼ਾ ਵੱਲੋਂ ਕੁਝ ਅਰਸਾ ਪਹਿਲਾਂ ਇੰਸਪੈਕਟਰ ਦਲਬੀਰ ਸਿੰਘ ਨੂੰ ਮੌੜ ਧਮਾਕੇ ਦੀ ਜਾਂਚ ਦਾ ਤਫ਼ਤੀਸ਼ੀ ਅਫ਼ਸਰ ਨਿਯੁਕਤ ਕੀਤਾ ਗਿਆ ਸੀ। ਜਾਂਚ ਦਾ ਕੰਮ ਏਨੀ ਤੇਜ਼ੀ ਨਾਲ ਚੱਲਿਆ ਕਿ ਪੁਲੀਸ ਤਿੰਨ ਮੁਲਜ਼ਮਾਂ ਨੂੰ ਨਾਮਜ਼ਦ ਕਰਨ ਮਗਰੋਂ ਡੇਰਾ ਸਿਰਸਾ ਦੇ ਗੇਟ ਤੱਕ ਪੁੱਜ ਗਈ। ਪਰ ਫਿਰ ਅਚਨਚੇਤੀ ਜਾਂਚ ਨੂੰ ਬਰੇਕ ਲੱਗ ਗਈ ਅਤੇ ਪੁਲੀਸ ਨੇ ਵਾਪਸ ਮੋੜਾ ਕੱਟ ਲਿਆ। ਸੂਤਰਾਂ ਮੁਤਾਬਕ ੲਿਸ ਯੂ-ਟਰਨ ਦੀ ਵਜ੍ਹਾ ਕੋਈ ਵੱਡਾ ਸਿਆਸੀ ਕਾਰਨ ਹੈ।     ਪੰਜਾਬ ਪੁਲੀਸ ਦੇ ਮੁਖੀ ਵੱਲੋਂ ਥਾਣਾ ਦਿਆਲਪੁਰਾ ਦੇ ਮੁੱਖ ਥਾਣਾ ਅਫ਼ਸਰ ਦਲਬੀਰ ਸਿੰਘ ਦਾ ਤਬਾਦਲਾ ਹੁਣ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਵਿੱਚ ਕਰ ਦਿੱਤਾ ਗਿਆ ਹੈ। ਇੰਸਪੈਕਟਰ ਦਲਬੀਰ ਸਿੰਘ ਨੇ ਦੋ ਦਿਨ ਪਹਿਲਾਂ ਦਿਆਲਪੁਰਾ ਥਾਣੇ ਵਿੱਚੋਂ ਰਿਲੀਵ ਹੋ ਕੇ ਸੀਆਈਏ ਸਟਾਫ਼ ਸਰਹਿੰਦ ਵਿਖੇ ਬਤੌਰ ਇੰਚਾਰਜ ਜੁਆਇਨ ਕਰ ਲਿਆ ਹੈ। ਸੂਤਰਾਂ ਦੀ ਮੰਨੀਏ ਤਾਂ ਸਰਕਾਰ ਹੁਣ ਮੌੜ ਧਮਾਕੇ ਦੀ ਜਾਂਚ ਨੂੰ ਠੰਢੇ ਬਸਤੇ ’ਚ ਰੱਖ ਕੇ, ਆਗਾਮੀ ਚੋਣਾਂ ਮੌਕੇ ਇਸ ਦਾ ਸਿਆਸੀ ਲਾਹਾ ਲੈਣ ਦੇ ਰੌਂਅ ਵਿਚ ਹੈ।
ਦੂਜੇ ਪਾਸੇ ਮੌਡ਼ ਬੰਬ ਧਮਾਕੇ ਦੀ ਜਾਂਚ ਦਾ ਤਫ਼ਤੀਸ਼ੀ ਅਫ਼ਸਰ ਬਦਲੀ ਦੇ ਬਾਵਜੂਦ ਦਲਬੀਰ ਸਿੰਘ ਨੂੰ ਰੱਖਿਆ ਗਿਆ ਹੈ। ਇਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇੰਸਪੈਕਟਰ ਦਲਬੀਰ ਸਿੰਘ ਨੂੰ ਨਵਾਂ ਟਾਸਕ ਦਿੱਤਾ ਗਿਆ ਹੈ, ਜਿਸ ਵਾਸਤੇ ਉਨ੍ਹਾਂ ਦਾ ਤਬਾਦਲਾ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦਾ ਕੀਤਾ ਗਿਆ ਹੈ। ਉਂਜ ਇਹ ਚਰਚਾ ਵੀ ਜ਼ੋਰਾਂ ’ਤੇ ਹੈ ਕਿ ਮੌੜ ਧਮਾਕੇ ਦਾ ਮੁੱਖ ਮੁਲਜ਼ਮ ਗੁਰਤੇਜ ਕਾਲਾ ਆਤਮ ਸਮਰਪਣ ਕਰ ਸਕਦਾ ਹੈ।
ਫ਼ਰਵਰੀ ਮਹੀਨੇ ਵਿੱਚ ਤਾਂ ਕਈ ਪੁਲੀਸ ਅਫ਼ਸਰਾਂ ਵਿੱਚ ਮੌੜ ਧਮਾਕੇ ਨੂੰ ਲੈ ਕੇ ਦੌੜ ਵੀ ਲੱਗ ਗਈ ਸੀ। ਉਦੋਂ ਹਰ ਕੋਈ ਇਸ ਦਾ ਸਿਹਰਾ ਆਪਣੇ ਸਿਰ ਬੰਨ੍ਹਣ ਦੇ ਆਹਰ ਵਿੱਚ ਸੀ।  ਉਸ ਮਗਰੋਂ ਸਰਕਾਰ ਨੇ ਇਨ੍ਹਾਂ ਦੌੜਾਕਾਂ ਨੂੰ ਬਰੇਕ ਲਾ ਦਿੱਤੀ। ਯਾਦ ਰਹੇ ਕਿ ਪੁਲੀਸ ਨੇ ਮੌੜ ਧਮਾਕੇ ਦੇ ਮਾਮਲੇ ਵਿੱਚ ਗੁਰਤੇਜ ਕਾਲਾ, ਅਮਰੀਕ ਸਿੰਘ ਅਤੇ ਅਵਤਾਰ ਸਿੰਘ ਨੂੰ ਨਾਮਜ਼ਦ ਕੀਤਾ ਹੋਇਆ ਹੈ। ਇਨ੍ਹਾਂ ਦੇ ਗ੍ਰਿਫ਼ਤਾਰੀ ਵਰੰਟ ਤਲਵੰਡੀ ਸਾਬੋ ਅਦਾਲਤ ਵੱਲੋਂ ਜਾਰੀ ਹੋ ਚੁੱਕੇ ਸਨ।

ਤਬਾਦਲਾ ਰੁਟੀਨ ਦੀ ਕਾਰਵਾੲੀ
ਮੌੜ ਧਮਾਕੇ ਦੇ ਤਫ਼ਤੀਸ਼ੀ ਅਫ਼ਸਰ ਦਲਬੀਰ ਸਿੰਘ ਨੇ ਫ਼ਤਿਹਗਡ਼੍ਹ ਸਾਹਿਬ ਵਿੱਚ ਹੋਏ ਤਬਾਦਲੇ ਨੂੰ ਰੁਟੀਨ ਦੀ ਕਾਰਵਾਈ ਕਰਾਰ ਦਿੱਤਾ ਹੈ। ਉਨ੍ਹਾਂ ਸਾਫ਼ ਕਰ ਦਿੱਤਾ ਕਿ ਤਬਾਦਲਾ ਕਿਸੇ ਖਾਸ ਕਾਰਨਾਂ ਕਰਕੇ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ੳੁਹ ਤਬਾਦਲੇ ਦੇ ਬਾਵਜੂਦ ਇਸ ਕੇਸ ਵਿੱਚ ਤਫ਼ਤੀਸ਼ੀ ਅਫ਼ਸਰ ਵਜੋਂ ਕੰਮ ਕਰਦੇ ਰਹਿਣਗੇ। ਉਨ੍ਹਾਂ ਦੱਸਿਆ ਕਿ ਕੇਸ ਦੀ ਜਾਂਚ ਦਾ ਕੰਮ ਜਾਰੀ ਹੈ ਅਤੇ ਅਦਾਲਤ ਵਿੱਚੋਂ ਮੁੜ ਨਾਮਜ਼ਦ ਕੀਤੇ ਮੁਲਜ਼ਮਾਂ ਦੇ ਗ੍ਰਿਫ਼ਤਾਰੀ ਵਰੰਟ ਲਏ ਜਾ ਰਹੇ ਹਨ।