ਬਠਿੰਡਾ, ਪੰਜਾਬ ਪੁਲੀਸ ਨੇ ਡੇਰਾ ਸਿਰਸਾ ਦੀ ‘ਗੁਪਤ ਘੇਰਾਬੰਦੀ’ ਕਰ ਲਈ ਹੈ, ਜਿਸ ਵਿੱਚ ਮੌੜ ਬੰਬ ਧਮਾਕੇ ਦੇ ਮੁੱਖ ਸ਼ੱਕੀ ਮੁਲਜ਼ਮ ਗੁਰਤੇਜ ਕਾਲਾ ਦੇ ਛੁਪੇ ਹੋਣ ਦਾ ਸ਼ੱਕ ਹੈ। ਪੁਲੀਸ ਨੇ ਦੋ ਦਿਨਾਂ ਤੋਂ ਉਸ ਦੀ ਪੈੜ ਨੱਪਣੀ ਸ਼ੁਰੂ ਕੀਤੀ ਸੀ। ਫਾਜ਼ਿਲਕਾ ਤੋਂ ਇਹ ਪੈੜ ਡੇਰਾ ਸਿਰਸਾ ਅੰਦਰ ਤੱਕ ਪੁੱਜੀ, ਜਿਸ ਮਗਰੋਂ ਇਸ ਦੀ ਨਿਸ਼ਾਨਦੇਹੀ ਕਰਨ ਵਾਲਾ ਮੋਬਾਈਲ ਬੰਦ ਹੋ ਗਿਆ।
ਵਿਸ਼ੇਸ਼ ਜਾਂਚ ਟੀਮ ਦੇ ਮੈਂਬਰਾਂ ਵੱਲੋਂ ਡੇਰਾ ਸਿਰਸਾ ’ਚ ਲੁਕੇ ਗੁਰਤੇਜ ਕਾਲਾ ਨੂੰ ਬਾਹਰ ਕੱਢਣ ਲਈ ਗੁਪਤ ਘੇਰਾ ਪਾਇਆ ਗਿਆ ਹੈ ਅਤੇ ਰਣਨੀਤੀ ਘੜੀ ਜਾ ਰਹੀ ਹੈ। ਪੁਲੀਸ ਡੇਰੇ ਅੰਦਰ ਜਾਣ ਤੋਂ ਡਰ ਰਹੀ ਹੈ ਜਿਸ ਕਰਕੇ ਸੂਹੀਏ ਤਿਆਰ ਕਰ ਕੇ ਡੇਰੇ ਅੰਦਰ ਰਾਤ ਸਮੇਂ ਭੇਜਣ ਦੀ ਯੋਜਨਾ ਹੈ। ਅਹਿਮ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੁਲੀਸ ਵੱਲੋਂ ਕੁਝ ਡੇਰਾ ਪ੍ਰੇਮੀਆਂ ਦੀਆਂ ਸੇਵਾਵਾਂ ਵੀ ਲਈਆਂ ਜਾ ਰਹੀਆਂ ਹਨ। ਦੱਸਣਯੋਗ ਹੈ ਕਿ ਮੌੜ ਬੰਬ ਧਮਾਕੇ ਸਬੰਧੀ ਚਾਰ ਗਵਾਹਾਂ ਨੇ ਤਲਵੰਡੀ ਸਾਬੋ ਦੀ ਅਦਾਲਤ ਵਿੱਚ ਬਿਆਨ ਕਲਮਬੰਦ ਕਰਵਾਏ ਸਨ ਜਿਸ ਵਿੱਚ ਉਨ੍ਹਾਂ ਡੇਰਾ ਸਿਰਸਾ ਦੀ ਵਰਕਸ਼ਾਪ ਦੇ ਇੰਚਾਰਜ ਗੁਰਤੇਜ ਕਾਲਾ ’ਤੇ ਉਂਗਲ ਉਠਾਈ ਸੀ ਕਿ ਉਸ ਵੱਲੋਂ ‘ਮਾਰੂਤੀ ਕਾਰ’ ਤਿਆਰ ਕਰਵਾਈ ਗਈ ਸੀ। ਮੌੜ ਧਮਾਕੇ ਵਿੱਚ ਜੋ ਮਾਰੂਤੀ ਕਾਰ ਵਰਤੀ ਗਈ, ਉਸ ਦਾ ਰੰਗ ਰੋਗਨ ਵੀ ਡੇਰਾ ਵਰਕਸ਼ਾਪ ’ਚ ਹੋਣ ਦੀ ਗੱਲ ਆਖੀ ਜਾ ਰਹੀ ਹੈ। ਪੁਲੀਸ ਨੂੰ ਗੁਰਤੇਜ ਕਾਲਾ ਤੋਂ ਇਲਾਵਾ ਅਮਰੀਕ ਸਿੰਘ ਅਤੇ ਅਵਤਾਰ ਤਾਰੀ ’ਤੇ ਸਿੱਧਾ ਸ਼ੱਕ ਹੈ। ਪੁਲੀਸ ਨੂੰ ਦੋ ਦਿਨ ਪਹਿਲਾਂ ਟੈਕਨੀਕਲ ਇਨਪੁਟ ਹੱਥ ਲੱਗ ਗਏ ਸਨ ਜਿਨ੍ਹਾਂ ਤੋਂ ਰਾਹ ਮਿਲਣ ਲੱਗਾ ਸੀ।
ਪੁਲੀਸ ਅਫ਼ਸਰਾਂ ਮੁਤਾਬਕ ਗੁਰਤੇਜ ਕਾਲਾ ਦੇ ਸਿਰਸਾ ਵਿੱਚ ਹੋਣ ਦੇ ਕੁਝ ਟੈਕਨੀਕਲ ਇਸ਼ਾਰੇ ਮਿਲੇ ਸਨ, ਪਰ ਡੇਰੇ ਵਿੱਚ ਕਾਲੇ ਦੇ ਛੁਪੇ ਹੋਣ ਦੀ ਅਟਕਲ ਵੀ ਹੋ ਸਕਦੀ ਹੈ। ਸੂਤਰ ਦੱਸਦੇ ਹਨ ਕਿ ਗੁਰਤੇਜ ਕਾਲਾ ਦੀ ਲੋਕੇਸ਼ਨ 3 ਫਰਵਰੀ ਤੱਕ ਪਿੰਡ ਅਲੀਕੇ ਹਰਿਆਣਾ ਦੇ ਆਸ-ਪਾਸ ਮਿਲੀ ਸੀ। ਇਸ ਮਗਰੋਂ ਇਹ ਪੈੜ ਪਿੰਡ ਮਿੱਠੜੀ ਵੱਲ ਚਲੀ ਗਈ ਸੀ ਤੇ ਉਸ ਮਗਰੋਂ ਭੰਬਲਭੂਸਾ ਬਣ ਗਿਆ ਸੀ।
ਗੁਰਤੇਜ ਸਿੰਘ ਕਾਲਾ ਦੀ ਜਾਨ ਨੂੰ ਖ਼ਤਰਾ?
ਪੁਲੀਸ ਦੇ ਨਵਾਂ ਪੈਂਤੜੇ ਤਹਿਤ ਗੁਰਤੇਜ ਕਾਲਾ ਦੀ ਜਾਨ ਨੂੰ ਖ਼ਤਰਾ ਦੱਸਿਆ ਜਾ ਰਿਹਾ ਹੈ। ਪੁਲੀਸ ਕਾਲੇ ਦੇ ਰਿਸ਼ਤੇਦਾਰਾਂ ’ਤੇ ਦਬਾਅ ਬਣਾਉਣ ਲੱਗੀ ਹੈ ਕਿ ਉਹ ਉਸ ਤੋਂ ਸਮਰਪਣ ਕਰਵਾ ਦੇਣ। ਤਰਕ ਇਹ ਵੀ ਦਿੱਤਾ ਜਾ ਰਿਹਾ ਹੈ ਕਿ ਕਾਲੇ ਦੇ ਹੱਥ ਅਹਿਮ ਸੁਰਾਗ ਹਨ ਜਿਸ ਕਰਕੇ ਉਸ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ। ਗੁਰਤੇਜ ਕਾਲਾ ਦੇ 4 ਭਾਣਜੇ ਅਤੇ 11 ਭਤੀਜੇ ਹਨ, ਜਿਨ੍ਹਾਂ ’ਤੇ ਪੁਲੀਸ ਨਜ਼ਰ ਰੱਖ ਰਹੀ ਹੈ। ਕਾਲਾ ਦਾ ਇੱਕ ਭਾਣਜਾ ਸਰਕਾਰੀ ਮੁਲਾਜ਼ਮ ਵੀ ਹੈ। ਪੁਲੀਸ ਨੇ ਉਸ ਦੇ ਕੁਝ ਰਿਸ਼ਤੇਦਾਰ ਹਿਰਾਸਤ ਵਿੱਚ ਵੀ ਲਏ ਹੋਏ ਹਨ।